ਮਾਸਕੋ (ਸਮਾਜ ਵੀਕਲੀ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੀ ਮੀਟਿੰਗ ਵਿੱਚ ਅੱਜ ਚੀਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਹਮਲਵਾਰ ਰੁਖ਼ ਦਾ ਤਿਆਗ ਖੇਤਰੀ ਸਥਿਰਤਾ ਦੀ ਕੂੰਜੀ ਹੈ। ਪੂਰਬੀ ਲੱਦਾਖ ਖੇਤਰ ਵਿੱਚ ਐੱਲਏਸੀ ’ਤੇ ਜਾਰੀ ਤਣਾਅ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇਥੇ ਆਪਣੇ ਚੀਨੀ ਹਮਰੁਤਬਾ ਵੇਈ ਫੈਂਗ ਨਾਲ ਵੀ ਮੁਲਾਕਾਤ ਕੀਤੀ।
ਮਈ ਵਿੱਚ ਪੂਰਬੀ ਲੱਦਾਖ ’ਚ ਊਪਜੇ ਸਰਹੱਦੀ ਵਿਵਾਦ ਮਗਰੋਂ ਸਿੰਘ ਤੇ ਫੈਂਗ ਦੀ ਇਹ ਪਹਿਲੀ ਉੱਚ ਪੱਧਰੀ ਮੁਲਾਕਾਤ ਹੈ। ਦੋਵੇਂ ਆਗੂ ਐੱਸਸੀਓ ਮੈਂਬਰ ਮੁਲਕਾਂ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਲਈ ਮਾਸਕੋ ਵਿੱਚ ਹਨ। ਸੂਤਰਾਂ ਮੁਤਾਬਕ ਰਾਜਨਾਥ ਸਿੰਘ ਦਾ ਮਾਸਕੋ ਫੇਰੀ ਦੌਰਾਨ ਆਪਣੇ ਚੀਨੀ ਹਮਰੁਤਬਾ ਨੂੰ ਮਿਲਣ/ਮੀਟਿੰਗ ਦਾ ਕੋਈ ਪ੍ਰੋਗਰਾਮ ਨਹੀਂ ਸੀ ਤੇ ਇਹ ਮੀਟਿੰਗ ਚੀਨੀ ਰੱਖਿਆ ਮੰਤਰੀ ਦੀ ਪਹਿਲ ’ਤੇ ਹੋ ਰਹੀ ਹੈ। ਮੀਟਿੰਗ ਵਿੱਚ ਸ਼ਾਮਲ ਭਾਰਤੀ ਵਫ਼ਦ ਵਿੱਚ ਰੱਖਿਆ ਸਕੱਤਰ ਅਜੈ ਕੁਮਾਰ ਤੇ ਰੂਸ ਵਿੱਚ ਭਾਰਤ ਦੇ ਸਫ਼ੀਰ ਡੀ.ਬੀ.ਵੈਂਕਟੇਸ਼ ਵਰਮਾ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਐੱਸਸੀਓ, ਸੀਐੱਸਟੀਓ ਤੇ ਸੀਆਈਐੱਸ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨੀ ਵਿਦੇਸ਼ ਮੰਤਰੀ ਵੇਈ ਫੈਂਗ ਦੀ ਮੌਜੂਦਗੀ ਵਿੱਚ ਖੇਤਰੀ ਸਥਿਰਤਾ ਲਈ ਹਮਲਾਵਰ ਰੁਖ਼ ਛੱਡਣ ਨੂੰ ਕੂੰਜੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਖੇਤਰੀ ਅਮਨ ਤੇ ਸਥਿਰਤਾ ਯਕੀਨੀ ਬਣਾਉਣ ਲਈ ਭਰੋਸੇ ਦਾ ਮਾਹੌਲ, ਹਮਲਾਵਰ ਰੁਖ਼ ਦਾ ਤਿਆਗ ਤੇ ਸਾਰੇ ਵੱਖਰੇਵਿਆਂ ਦਾ ਅਮਨਪੂਰਵਕ ਹੱਲ ਅਹਿਮ ਪਹਿਲੂ ਹਨ। ਉਨ੍ਹਾਂ ਰੂਸ ਵੱਲੋਂ ਕੋਵਿਡ-19 ਦੇ ਟਾਕਰੇ ਲਈ ਵਿਕਸਤ ਕੀਤੀ ਵੈਕਸੀਨ ਲਈ ਪੂਤਿਨ ਸਰਕਾਰ ਦੀ ਤਾਰੀਫ਼ ਕੀਤੀ ਹੈ।