ਖੇਡੋ ਇੰਡੀਆ ਮੁਕਾਬਲੇ: ਐੱਸਐੱਸਐੱਮ ਕਾਲਜ ਨੇ ਜਿੱਤਿਆ ਸੋਨ ਤਗਮਾ

ਦੀਨਾਨਗਰ- ਐੱਸਐੱਸਐਮ ਕਾਲਜ ਦੀਨਾਨਗਰ ਨੇ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਹੋਏ ਖੇਡੋ ਇੰਡੀਆ ਮੁਕਾਬਲੇ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਦਮਦਾਰ ਪ੍ਰਦਰਸ਼ਨ ਕਰਦਿਆਂ ਸੋਨਾ, ਚਾਂਦੀ ਅਤੇ ਸਿਲਵਰ ਮੈਡਲ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਆਰਕੇ ਤੁਲੀ ਨੇ ਦੱਸਿਆ ਕਿ ਖਿਡਾਰੀ ਜਸਪਾਲ ਸਿੰਘ ਨੇ ਯੂਥ ਖੇਡੋ ਇੰਡੀਆ ਬਾਕਸਿੰਗ ਮੁਕਾਬਲੇ ਵਿੱਚ ਸੁਪਰ ਹੈਵੀ ਵੇਟ ਭਾਰ ਵਰਗ ਵਿੱਚ ਹਿੱਸਾ ਲੈ ਕੇ ਸੋਨੇ ਦਾ ਮੈਡਲ ਜਿੱਤਿਆ ਜਦਕਿ ਯੂਨੀਵਰਸਿਟੀ ਖੇਡੋ ਇੰਡੀਆ ਅਤੇ ਆਲ ਇੰਡੀਆ ਅੰਤਰ ਯੂਨੀਵਰਸਿਟੀ ਮੁਕਾਬਲੇ ਵਿੱਚ ਉਸ ਵੱਲੋਂ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਨੇ ਖੇਡੋ ਇੰਡੀਆ ਅਤੇ ਇੰਟਰ ਯੂਨੀਵਰਸਿਟੀ ਮੁੱਕੇਬਾਜ਼ੀ ਮੁਕਾਬਲੇ ਵਿੱਚ 69 ਕਿਲੋਗਰਾਮ ਭਾਰ ਵਰਗ ਵਿੱਚ ਵੀ ਕਾਂਸੀ ਦਾ ਮੈਡਲ ਜਿੱਤਿਆ ਹੈ। ਇਸੇ ਤਰ੍ਹਾਂ ਕਬੱਡੀ ਦੇ ਦੋ ਖਿਡਾਰੀ ਰੌਬਿਨ ਸਿੰਘ ਅਤੇ ਰਾਮ ਨਰਾਇਣ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲੇ ਵਿੱਚ ਯੂਨੀਵਰਸਿਟੀ ਦੀ ਟੀਮ ਵੱਲੋਂ ਖੇਡਦਿਆਂ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਡਾ. ਤੁਲੀ ਨੇ ਇਨ੍ਹਾਂ ਉਪਲੱਬਧੀਆਂ ਦੇ ਲਈ ਜਿੱਥੇ ਕਾਲਜ ਦੇ ਖੇਡ ਵਿਭਾਗ ਮੁਖੀ ਪ੍ਰੋਫੈਸਰ ਡਾ. ਮੁਖਵਿੰਦਰ ਸਿੰਘ ਰੰਧਾਵਾ, ਕਬੱਡੀ ਕੋਚ ਰਾਮ ਸਿੰਘ, ਬਾਕਸਿੰਗ ਕੋਚ ਹਰਪ੍ਰੀਤ ਸਿੰਘ ਹੈਰੀ ਅਤੇ ਜੇਤੂ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ, ਉੱਥੇ ਭਵਿੱਖ ਦੇ ਮੁਕਾਬਲਿਆਂ ਲਈ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।

Previous articleਬੇਬੇ ਮਾਨ ਕੌਰ ਦਾ ਨਾਰੀ ਸ਼ਕਤੀ ਪੁਰਸਕਾਰ ਨਾਲ ਹੋਵੇਗਾ ਸਨਮਾਨ
Next articleਮਾਰਕੰਡਾ ਕਾਲਜ ਦੀਆਂ ਸਾਲਾਨਾ ਖੇਡਾਂ ਸਮਾਪਤ