ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਤੇ ਅਕਾਲੀਆਂ ਨੇ ਮਨਪ੍ਰੀਤ ਦਾ ਘਰ ਘੇਰਿਆ

ਬਜਟ ਪੇਸ਼ ਕਰਨ ਲਈ ਸਮੇਂ ਸਿਰ ਵਿਧਾਨ ਸਭਾ ਨਾ ਪਹੁੰਚ ਸਕੇ ਵਿੱਤ ਮੰਤਰੀ

* ਸਦਨ ਵੱਲੋਂ ਅਕਾਲੀਆਂ ਦੀ ਕਾਰਵਾਈ ਦੀ ਨਿੰਦਾ

* ਮਾਮਲਾ ਮਰਿਆਦਾ ਕਮੇਟੀ ਨੂੰ ਸੌਂਪਿਆ

* ਬਾਦਲ ਨੇ ਥਾਣੇ ਪਹੁੰਚ ਕੇ ਵਿਧਾਇਕਾਂ ਤੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ– ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਦੀ ਓਟ ਲੈ ਕੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸੈਕਟਰ 2 ਸਥਿਤ ਸਰਕਾਰੀ ਕੋਠੀ ਨੂੰ ਅਜਿਹਾ ਘੇਰਾ ਪਾਇਆ ਕਿ ਵਿੱਤ ਮੰਤਰੀ ਸਮੇਂ ਸਿਰ ਵਿਧਾਨ ਸਭਾ ਨਾ ਪਹੁੰਚ ਸਕੇ। ਵਿੱਤ ਮੰਤਰੀ ਦੇ ਦੇਰੀ ਨਾਲ ਪਹੁੰਚਣ ਕਾਰਨ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਸਦਨ ਦੀ ਕਾਰਵਾਈ ਨੂੰ 20 ਮਿੰਟ ਲਈ ਮੁਲਤਵੀ ਕਰ ਦਿੱਤਾ। ਸਦਨ ਨੇ ਅਕਾਲੀ ਦਲ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਸ੍ਰੀ ਬਾਦਲ ਦੀ ਕੋਠੀ ਘੇਰਨ ਨੂੰ ਸਦਨ ਦੀ ਤੌਹੀਨ ਕਰਾਰ ਦਿੱਤਾ ਅਤੇ ਮਾਮਲਾ ਮਰਿਆਦਾ ਕਮੇਟੀ ਦੇ ਹਵਾਲੇ ਕਰਨ ਸਬੰਧੀ ਮਤਾ ਪਾਸ ਕਰ ਦਿੱਤਾ। ਮਨਪ੍ਰੀਤ ਸਿੰਘ ਬਾਦਲ ਨੂੰ ਬਜਟ ਪੇਸ਼ ਕਰਨ ਲਈ ਵਿਧਾਨ ਸਭਾ ਪਹੁੰਚਾਉਣ ਵਾਸਤੇ ਚੰਡੀਗੜ੍ਹ ਪੁਲੀਸ ਨੇ ਅਕਾਲੀ ਦਲ ਦੇ ਵਿਧਾਇਕਾਂ ਅਤੇ ਖੁਦਕੁਸ਼ੀ ਪੀੜਤ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਇਨ੍ਹਾਂ ਸਾਰਿਆਂ ਨੂੰ ਸੈਕਟਰ ਤਿੰਨ ਦੇ ਥਾਣੇ ਲੈ ਗਈ ਜਦੋਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਸੈਕਟਰ 17 ਦੇ ਥਾਣੇ ਲਿਜਾਇਆ ਗਿਆ। ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੀ ਆਪਣੀ ਪਾਰਟੀ ਦੇ ਵਿਧਾਇਕਾਂ ਅਤੇ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਥਾਣੇ ਪਹੁੰਚੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਪੀੜਤ ਪਰਿਵਾਰ ਤੇ ਅਕਾਲੀ ਦਲ ਦੇ ਵਿਧਾਇਕ, ਵਿੱਤ ਮੰਤਰੀ ਨੂੰ ਮੰਗਾਂ ਸਬੰਧੀ ਮਿਲਣ ਲਈ ਗਏ ਸਨ ਪਰ ਮਿਲਣਾ ਤਾਂ ਕੀ ਸੀ, ਡਾਂਗਾਂ ਨਾਲ ਕੁੱਟਿਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਖੁਦਕੁਸ਼ੀ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਨੌਕਰੀ ਦੇਵੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਵਿੱਤ ਮੰਤਰੀ ਦੇ ਬਜਟ ਪੇਸ਼ ਕਰਨ ਲਈ ਦੇਰੀ ਨਾਲ ਪਹੁੰਚਣ ਨਾਲ ਕੋਈ ਆਫ਼ਤ ਨਹੀਂ ਆਉਣ ਲੱਗੀ।
ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਖੁਦਕੁਸ਼ੀ ਪੀੜਤ ਕਿਸਾਨਾਂ ਨੂੰ ਨਾਲ ਲੈ ਕੇ ਸਵੇਰੇ ਨੌਂ ਵੱਜ ਕੇ 40 ਮਿੰਟ ’ਤੇ ਹੀ ਵਿੱਤ ਮੰਤਰੀ ਦੇ ਘਰ ਮੂਹਰੇ ਪਹੁੰਚ ਗਏ। ਵਿੱਤ ਮੰਤਰੀ ਨੇ ਸਾਢੇ 10 ਵਜੇ ਵਿਧਾਨ ਸਭਾ ਪਹੁੰਚਣਾ ਸੀ ਅਤੇ 11 ਵਜੇ ਬਜਟ ਪੇਸ਼ ਕਰਨਾ ਸੀ। ਅਕਾਲੀ ਦਲ ਦੇ ਵਿਧਾਇਕਾਂ ਨੂੰ ਸਾਢੇ 10 ਵਜੇ ਪੁਲੀਸ ਨੇ ਸੂਚਿਤ ਕੀਤਾ ਕਿ ਵਿੱਤ ਮੰਤਰੀ ਦੇ ਘਰ ਦਾ ਘਿਰਾਓ ਬੰਦ ਕੀਤਾ ਜਾਵੇ। ਪੁਲੀਸ ਦੀਆਂ ਅਪੀਲਾਂ ਦਾ ਵਿਧਾਇਕਾਂ ਅਤੇ ਪੀੜਤ ਪਰਿਵਾਰਾਂ ’ਤੇ ਜਦੋਂ ਕੋਈ ਅਸਰ ਨਾ ਹੋਇਆ ਤਾਂ ਪੁਲੀਸ ਨੇ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਕੇ ਬੱਸ ਵਿੱਚ ਚੜ੍ਹਾਉਣਾ ਸ਼ੁਰੂ ਕਰ ਦਿੱਤਾ। ਅਕਾਲੀ ਦਲ ਦੇ ਵਿਧਾਇਕਾਂ ਨੇ ਜਦੋਂ ਪੁਲੀਸ ਕਾਰਵਾਈ ਦਾ ਵਿਰੋਧ ਕੀਤਾ ਤਾਂ ਪੁਲੀਸ ਨੇ ਸਾਰਿਆਂ ਨੂੰ ਜਬਰਦਸਤੀ ਚੁੱਕ ਕੇ ਗੱਡੀਆਂ ’ਚ ਬਿਠਾਇਆ। ਬਿਕਰਮ ਸਿੰਘ ਮਜੀਠੀਆ ਨੂੰ ਸੈਕਟਰ 17 ਦੇ ਥਾਣੇ ’ਚ ਲਿਜਾਇਆ ਗਿਆ ਜਦੋਂ ਕਿ ਬਾਕੀ ਦੇ ਵਿਧਾਇਕ ਅਤੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਪੁਲੀਸ ਸਕੈਟਰ 3 ਥਾਣੇ ਲੈ ਗਈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਅੱਜ ਕੀਤਾ ਗਿਆ ਪ੍ਰਦਰਸ਼ਨ, ਬੋਲੀ ਸਰਕਾਰ ਦੇ ਕੰਨ੍ਹ ਖੋਲ੍ਹਣ ਲਈ ਸੀ। ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਕੈਪਟਨ ਸਰਕਾਰ ਦਾ ਤੀਜਾ ਬਜਟ ਪੇਸ਼ ਕਰਨ ਜਾ ਰਹੇ ਹਨ ਪਰ ਖੁਦਕੁਸ਼ੀ ਪੀੜਤ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਵੱਡੀ ਵਾਅਦਾਖ਼ਿਲਾਫ਼ੀ ਕੀਤੀ ਹੈ ਤੇ ਸਾਰਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਤੋਂ ਮੁੱਕਰ ਗਈ ਹੈ। ਸ੍ਰੀ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਉਡੀਕ ਕੀਤੀ ਜਾ ਰਹੀ ਸੀ। ਪ੍ਰਸ਼ਨ ਕਾਲ ਖ਼ਤਮ ਹੋ ਗਿਆ ਸੀ ਪਰ ਵਿੱਤ ਮੰਤਰੀ ਬਜਟ ਪੇਸ਼ ਕਰਨ ਲਈ ਸਦਨ ਵਿੱਚ ਨਹੀਂ ਸਨ ਪਹੁੰਚੇ। ਇਸ ਕਰਕੇ ਸਪੀਕਰ ਨੂੰ ਸਦਨ ਦੀ ਕਾਰਵਾਈ 20 ਮਿੰਟ ਲਈ ਮੁਲਤਵੀ ਕਰਨੀ ਪਈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਵਿੱਤ ਮੰਤਰੀ ਨੂੰ ਘੇਰੀ ਰੱਖਣਾ ਸਦਨ ਦੀ ਤੌਹੀਨ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਸਦਨ ਵਿੱਚ ਮਤਾ ਪੇਸ਼ ਕੀਤਾ ਤੇ ਸਾਰਾ ਮਾਮਲਾ ਵਿਸ਼ੇਸ਼ ਕਮੇਟੀ ਦੇ ਹਵਾਲੇ ਕਰਨ ਦਾ ਐਲਾਨ ਕੀਤੀ। ਮਨਪ੍ਰੀਤ ਸਿੰਘ ਬਾਦਲ ਦੇ ਘਰ ਦਾ ਘਿਰਾਓ ਕਰਨ ਵਾਲਿਆਂ ਵਿੱਚ ਸ਼ਰਨਜੀਤ ਸਿੰਘ ਢਿੱਲੋਂ, ਹਰਰਿੰਦਰਪਾਲ ਸਿੰਘ ਚੰਦੂਮਾਜਰਾ, ਲਖਬੀਰ ਸਿੰਘ ਲੋਧੀਨੰਗਲ, ਦਿਲਰਾਜ ਸਿੰਘ ਭੂੰਦੜ, ਬਲਦੇਵ ਸਿੰਘ ਖਹਿਰਾ ਅਤੇ ਹੋਰ ਅਕਾਲੀ ਆਗੂ ਸ਼ਾਮਲ ਸਨ।

Previous articleਚਾਲੂ ਮਾਲੀ ਸਾਲ ਵਾਲੇ ਬਜਟ ਐਲਾਨਾਂ ਤੋਂ ਪਿੱਛੇ ਹਟੇ ਵਿੱਤ ਮੰਤਰੀ
Next articleਦਿੱਲੀ ’ਚ ਲੀਹ ’ਤੇ ਆਉਣ ਲੱਗੀ ਜਿ਼ੰਦਗੀ