ਅੰਤਰਰਾਸ਼ਟਰੀ ਪੱਧਰ ਤੇ ਆਏ ਦਿਨ ਕੋਈ ਨਾ ਕੋਈ ਖ਼ਾਸ ਦਿਵਸ ਮਨਾਇਆ ਜਾਂਦਾ ਹੈ, ਜੇ ਸਹੀ ਵੇਖਿਆ ਜਾਵੇ ਹਰ ਰੋਜ਼ ਕੋਈ ਨਾ ਕੋਈ ਖ਼ਾਸ ਦਿਵਸ ਹੁੰਦਾ ਹੈ। ਮੈਂ ਆਪਣੀ ਜ਼ਿੰਦਗੀ ਦੇ ਪੰਜ ਦਹਾਕੇ ਹੰਢਾ ਚੁੱਕਿਆ ਹਾਂ ਪਹਿਲਾਂ ਤਾਂ ਜ਼ਿਆਦਾ ਨਹੀਂ ਇੱਕ ਦਹਾਕੇ ਤੋਂ ਮਾਂ ਦਿਵਸ ਬਾਪ ਦਿਵਸ ਮੁੰਡੇ ਕੁੜੀਆਂ ਦੇ ਪਿਆਰ ਦਾ ਦਿਵਸ ਸਾਰਾ ਕੁਝ ਲਿਖਣ ਦੀ ਜ਼ਰੂਰਤ ਨਹੀਂ ਪਾਠਕ ਜਾਣਦੇ ਹੀ ਹਨ।ਸਾਡਾ ਪੰਜਾਬੀ ਵਿਰਸਾ ਵੈਸੇ ਹੀ ਹਰ ਰੰਗ ਵਿੱਚ ਭਰਪੂਰ ਹੈ। ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਜ਼ਿੰਦਗੀ ਦੇ ਹਰ ਢੰਗ ਵਿੱਚ ਜਿਊਣ ਦਾ ਤਰੀਕਾ ਦੱਸਿਆ ਹੈ, ਉਨ੍ਹਾਂ ਦੀ ਸੋਚ ਵਿਚਾਰ ਨੂੰ ਦੁਹਰਾਉਣ ਲਈ ਅਸੀਂ ਖਾਸ ਦਿਨ ਸਰਕਾਰੀ ਤੇ ਸਮਾਜਿਕ ਤੌਰ ਤੇ ਮਨਾਉਂਦੇ ਹਾਂ। ਆਜ਼ਾਦੀ ਪ੍ਰਾਪਤ ਕਰਨ ਲਈ ਸਾਡੇ ਅਨੇਕਾਂ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਉਹ ਖ਼ਾਸ ਦਿਨ ਵੀ ਸਾਡੀ ਸੋਚ ਵਿੱਚ ਘਰ ਕਰ ਚੁੱਕੇ ਹਨ ਤੇ ਉਨ੍ਹਾਂ ਦਾ ਦਿਵਸ ਮਨਾਉਣਾ ਵੀ ਬੇਹੱਦ ਸਲਾਹੁਣਯੋਗ ਹੈ। ਜਿਵੇਂ ਜਿਵੇਂ ਸਾਡਾ ਆਰਥਿਕ ਪੱਧਰ ਮਜ਼ਬੂਤ ਹੁੰਦਾ ਗਿਆ ਤਾਂ ਸਾਡੇ ਇਹ ਖ਼ਾਸ ਦਿਵਸ ਮਨੋਰੰਜਨ ਤੇ ਵਧੀਆ ਪਦਾਰਥ ਖਾਣ ਵਿਚ ਮੁੱਖ ਬਣਦੇ ਜਾ ਰਹੇ ਹਨ, ਜਦੋਂ ਕਿ ਉਨ੍ਹਾਂ ਦੀ ਸੋਚ ਨੂੰ ਵਿਚਾਰਨਾ ਤੇ ਪਹਿਰਾ ਦੇਣ ਦਾ ਸੰਕਲਪ ਕਰਨਾ ਖ਼ਾਸ ਮੁੱਢ ਹੁੰਦਾ ਹੈ ਜਿਸ ਤੋਂ ਹੌਲੀ ਹੌਲੀ ਸਰਕਦੇ ਜਾ ਰਹੇ ਹਾਂ।
ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਸਾਨੂੰ ਕੁਰਬਾਨੀਆਂ ਦੇਣੀਆਂ ਪਈਆਂ, ਅਨੇਕਾਂ ਦੁੱਖ ਸਹਿੰਦੇ ਹੋਏ ਬਹੁਤ ਸਾਰੇ ਸਬਕ ਸਿੱਖੇ।ਅੰਗਰੇਜ਼ ਚਲੇ ਗਏ ਪਰ ਉਨ੍ਹਾਂ ਦਾ ਪਹਿਰਾਵਾ ਬੋਲੀ ਤੇ ਉਨ੍ਹਾਂ ਦੇ ਖ਼ਾਸ ਤਿਓਹਾਰ ਸਾਡੇ ਹੱਡਾਂ ਵਿੱਚ ਬੈਠ ਗਏ।ਜ਼ਮਾਨੇ ਦੇ ਨਾਲ ਤਬਦੀਲੀਆਂ ਆਉਣੀਆਂ ਕੁਦਰਤੀ ਵਰਤਾਰਾ ਹੈ ਪਰ ਹੁਣ ਭੀ ਸਾਡਾ ਮੁੱਖ ਆਧਾਰ ਤੇ ਪੰਜ ਪੀੜ੍ਹੀਆਂ ਹਾਲਾਂ ਵੀ ਇੱਕ ਘਰ ਵਿੱਚ ਸਾਡਾ ਮੁੱਖ ਵਿਰਸਾ ਹੈ। ਸਾਡੇ ਘਰ ਦੇ ਮੋਢੀ ਬਾਬਾ ਅੰਮਾਂ ਬਾਪੂ ਤੇ ਬੇਬੇ ਬਹੁਤ ਹਨ।ਹਰ ਕੋਈ ਸ਼ੁਭ ਜਾਂ ਅਸ਼ੁਭ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਇਹੋ ਹੀ ਸਾਡੇ ਮੁਖੀ ਹੁੰਦੇ ਹਨ।ਫਿਰ ਮਾਂ ਤੇ ਬਾਪ ਦਿਵਸ ਮਨਾਉਣਾ ਸਾਡੇ ਪੰਜਾਬੀ ਵਿਰਸੇ ਦਾ ਘਾਣ ਕਰਨ ਦੇ ਬਰਾਬਰ ਹੈ।ਬੇਸ਼ੱਕ ਸ਼ਹਿਰਾਂ ਵਿੱਚ ਸਮੂਹਿਕ ਪਰਿਵਾਰ ਥੋੜ੍ਹੇ ਟੁੱਟਦੇ ਜਾ ਰਹੇ ਹਨ ਪਰ ਪੰਜਾਬ ਦੇ ਪਿੰਡਾਂ ਵਿੱਚ ਇਹੋ ਹੀ ਸਾਡਾ ਪੰਜਾਬੀ ਵਿਰਸਾ ਮੌਜੂਦ ਹੈ। ਸਾਡਾ ਹਰ ਦਿਨ ਮਾਂ ਬਾਪ ਦੇ ਦਰਸ਼ਨ ਕਰਨ ਤੇ ਚੜ੍ਹਦਾ ਹੈ ਜੋ ਕਿ ਸਾਡਾ ਰੱਬ ਹੁੰਦੇ ਹਨ ਉਨ੍ਹਾਂ ਲਈ ਅਸੀਂ ਸਾਲ ਵਿੱਚ ਇੱਕ ਦਿਨ ਮਨਾਈਏ ਬਹੁਤ ਹਾਸੋਹੀਣੀ ਗੱਲ ਹੈ।ਸਾਡੇ ਪੰਜਾਬੀ ਸੱਭਿਆਚਾਰ ਨੂੰ ਮਾਣ ਹੈ ਕਿ ਧੀ ਭੈਣ ਦੀ ਪਰਿਭਾਸ਼ਾ ਅਸੀਂ ਬਾਖ਼ੂਬੀ ਜਾਣਦੇ ਹਾਂ, ਸਾਡੇ ਸਕੂਲਾਂ ਕਾਲਜਾਂ ਵਿਚ ਕੀਹਨਾਂ ਨੂੰ ਫੁੱਲ ਦੇ ਕੇ ਅਸੀਂ ਵੈਲੇਨਟਾਈਨ ਡੇ ਮਨਾਵਾਂਗੇ ਇਹ ਸਾਡੇ ਵਿਰਸੇ ਦਾ ਮਜ਼ਾਕ ਹੀ ਹੈ। ਇੱਕ ਸਾਡਾ ਪੰਜਾਬ ਹੀ ਹੈ ਜਿੱਥੇ ਹਰ ਗੋਤਰ ਤੇ ਪਿੰਡ ਦੀ ਹਰ ਕੋਈ ਭੈਣ ਸਾਡੀ ਸਹੀ ਰੂਪ ਵਿੱਚ ਭੈਣ ਹੁੰਦੀ, ਮੰਡੀਰ ਦੇ ਹਿੱਸੇ ਗ਼ਲਤੀਆਂ ਹੀ ਆਉਂਦੀਆਂ ਹਨ ਜੋ ਕੁਝ ਗ਼ਲਤ ਕਰ ਜਾਂਦੇ ਹਨ ਉਸ ਨਾਲ ਸਾਡੇ ਵਿਰਸੇ ਨੂੰ ਢਾਹ ਨਹੀਂ ਲੱਗਦੀ ਅਸੀਂ ਗ਼ਲਤ ਬੰਦੇ ਨੂੰ ਸੁਧਾਰਨਾ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਵਿਆਹ ਸ਼ਾਦੀ ਵਿਚ ਸਾਡੇ ਸਮੂਹ ਪਰਿਵਾਰ ਦਾ ਪਸੰਦ ਨਾਪਸੰਦ ਲਈ ਜ਼ਰੂਰ ਹਿੱਸਾ ਹੁੰਦਾ ਹੈ, ਪ੍ਰੇਮ ਵਿਆਹ ਵੀ ਹੁੰਦੇ ਹਨ ਜਦਕਿ ਉਹ ਵੀ ਬਜ਼ੁਰਗਾਂ ਦੀ ਸਲਾਹ ਨਾਲ ਸਿਰੇ ਚਾੜ੍ਹੇ ਜਾਂਦੇ ਹਨ, ਦੁੱਕੀ ਤਿੱਕੀ ਦੀ ਗੱਲ ਤੇ ਸਾਡੇ ਸੱਭਿਆਚਾਰ ਨੂੰ ਕੀ ਤੋੜ ਸਕਦੀ ਹੈ।
ਬੇਰੁਜ਼ਗਾਰੀ ਦੀ ਵਜ੍ਹਾ ਕਾਰਨ ਸਾਡੀ ਪੰਜਾਬੀ ਜਨਤਾ ਵਿਦੇਸ਼ਾਂ ਵੱਲ ਨੂੰ ਚੱਲ ਪਈ ਆਰਥਕ ਪੱਖੋਂ ਜ਼ਰੂਰੀ ਸੀ।ਤਿੰਨ ਦਹਾਕਿਆਂ ਤੋਂ ਮੈਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦੇ ਹੋਏ ਵੇਖਿਆ ਹੈ ਬਹੁਗਿਣਤੀ ਪੰਜਾਬ ਦੇ ਵਿਦੇਸ਼ੀ ਵੀ ਆਪਣੇ ਪੰਜਾਬੀ ਵਿਰਸੇ ਨਾਲ ਹੂਬਹੂ ਜੁੜੇ ਹੋਏ ਹਨ। ਜੋ ਕੇ ਬਾਬਾ ਨਾਨਕ ਨੇ ਉੱਜੜ ਜਾਓ ਸ਼ਬਦ ਉਚਾਰਿਆ ਸੀ ਉਸ ਰਸਤੇ ਤੇ ਚਲਦੇ ਹੋਏ ਸਾਡੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰ ਰਹੇ ਹਨ।
ਇੱਕ ਖ਼ਾਸ ਗੱਲ ਜੋ ਮੈਂ ਵੇਖੀ ਪੰਜਾਬੀ ਵਿਦੇਸ਼ ਜਾਣ ਤੇ ਆਪਣੇ ਖਾਣੇ ਤੇ ਪਹਿਰਾਵੇ ਨੂੰ ਭੁੱਲ ਜਾਂਦੇ ਹਨ।ਪੀਜ਼ਾ ਬਰਗਰ ਪਸੰਦੀਦਾ ਖਾਣਾ ਬਣ ਜਾਂਦਾ ਹੈ, ਜਦੋਂ ਗੋਗੜਾਂ ਲਟਕਣ ਲੱਗਦੀਆਂ ਹਨ ਤੇ ਬਿਮਾਰੀਆਂ ਦੇ ਰਸਤੇ ਚੱਲ ਪੈਂਦੇ ਹਨ।ਫਿਰ ਯਾਦ ਆਉਂਦਾ ਹੈ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ, ਜਦ ਕੇ ਵਿਦੇਸੀ ਲੋਕ ਪੰਜਾਬੀ ਖਾਣੇ ਤੇ ਪਹਿਰਾਵੇ ਨੂੰ ਬੇਹੱਦ ਪਸੰਦ ਕਰਦੇ ਹਨ,ਪਰ ਆਪਾਂ ਉਨ੍ਹਾਂ ਨੂੰ ਇਹ ਸੁਆਦ ਵਿਖਾਉਣਾ ਹੀ ਨਹੀਂ ਚਾਹੁੰਦੇ।ਮੇਰੇ ਜਹਾਜ਼ ਵਿਚ ਫਿਲੀਪੀਨ ਰੂਸੀ ਅੰਗਰੇਜ਼ ਤੇ ਬਰ੍ਹਮਾ ਨਿਵਾਸੀ ਵੀ ਨੌਕਰੀ ਕਰਦੇ ਹਨ, ਸਾਡੀ ਕੰਪਨੀ ਵਿਚ ਪੰਜਾਬੀ ਖਾਣਾ ਹੀ ਮੁੱਖ ਹੁੰਦਾ ਹੈ ਜਿਨ੍ਹਾਂ ਨੂੰ ਸਾਰੇ ਸਾਡੇ ਵਿਦੇਸ਼ੀ ਭਰਾ ਬਹੁਤ ਆਨੰਦ ਨਾਲ ਖਾਂਦੇ ਹਨ।ਸਾਡੇ ਰਾਸ਼ਟਰੀ ਤਿਉਹਾਰ ਰੀਪਬਲਿਕ ਤੇ ਆਜ਼ਾਦੀ ਦਿਵਸ ਦੀਵਾਲੀ ਤੇ ਹੋਰਾਂ ਨੂੰ ਵੱਖ ਵੱਖ ਤਰ੍ਹਾਂ ਦੇ ਬਣਾਏ ਪਕਵਾਨ ਉਨ੍ਹਾਂ ਲਈ ਸਾਡੇ ਨਾਲੋਂ ਵਧ ਕੇ ਸੁਆਦੀ ਹੁੰਦੇ ਹਨ ਤੇ ਸਾਡੇ ਵੱਖ ਵੱਖ ਤਿਉਹਾਰਾਂ ਦੇ ਦਿਨਾਂ ਦਾ ਉਨ੍ਹਾਂ ਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ। ਸਾਡੇ ਮੁੱਖ ਅਫ਼ਸਰਾਂ ਦੀਆਂ ਔਰਤਾਂ ਜਹਾਜ਼ ਵਿੱਚ ਕੁਝ ਮਹੀਨਿਆਂ ਲਈ ਰਹਿਣ ਆਉਂਦੀਆਂ ਹਨ, ਉਨ੍ਹਾਂ ਭੈਣਾਂ ਦੀ ਬਹੁਗਿਣਤੀ ਮੇਰੇ ਕੋਲੋਂ ਪੰਜਾਬੀ ਤੇ ਪਟਿਆਲਾ ਸੂਟ ਦੀ ਮੰਗ ਕਰਦੀਆਂ ਹਨ ਜੋ ਕਿ ਮੈਂ ਆਪਣੇ ਘਰ ਤੋਂ ਮੰਗਵਾ ਕੇ ਪੂਰੀ ਕਰਦਾ ਹਾਂ।
ਬੈਲਜੀਅਮ ਦੇਸ਼ ਵਿਚ ਰਹਿੰਦੇ ਹੋਏ ਸਾਡੀ ਇਕ ਭੈਣ ਨੇ ਖ਼ਾਸ ਤਿਉਹਾਰ ਦੇ ਦਿਨ ਆਪਣੇ ਘਰ ਵਿਚ ਕੜਾਹ ਬਣਾ ਲਿਆ, ਉਹ ਥੋੜ੍ਹਾ ਚੜ੍ਹ ਗਿਆ ਜਿਸ ਨਾਲ ਥੋੜ੍ਹੀ ਕੁੜੱਤਣ ਆ ਜਾਂਦੀ ਹੈ ਉਨ੍ਹਾਂ ਦੇ ਪਰਿਵਾਰ ਨੇ ਨਾ ਖਾਧਾ, ਉਨ੍ਹਾਂ ਦਾ ਆਪਣਾ ਛੋਟਾ ਹੋਟਲ ਸੀ ਉਸ ਵਿਚ ਉਹ ਇਹ ਕੜਾਹ ਲੈ ਗਈ ਤੇ ਉੱਥੋਂ ਦੇ ਲੋਕਾਂ ਨੇ ਧੜਾ ਧੜ ਖਰੀਦ ਕੇ ਬੜੇ ਸ਼ੌਕ ਨਾਲ ਖਾਧਾ। ਅਗਲੇ ਦਿਨਾਂ ਵਿੱਚ ਉਸ ਚੜ੍ਹੇ ਹੋਏ ਕੜਾਹ ਦੀ ਮੰਗ ਵਧ ਗਈ ਜਿਸ ਨਾਲ ਉਸ ਭੈਣ ਦੀ ਦੁਕਾਨ ਤਰੱਕੀਆਂ ਕਰਦੀ ਕਰਦੀ ਸ਼ੋਅ ਰੂਮ ਬਣ ਗਈ ਜੋ ਅੱਜ ਵੀ ਉਸ ਦੇਸ਼ ਵਿੱਚ “ਨਾਨੀ ਦੀ ਦੁਕਾਨ” ਐਂਟਵਰਪ ਸ਼ਹਿਰ ਵਿਚ ਬਹੁਤ ਮਸ਼ਹੂਰ ਹੈ। ਸਾਡੀ ਮਾਂ ਬੋਲੀ ਵਿਦੇਸ਼ਾਂ ਵਿੱਚ ਪੰਜਾਬ ਨਾਲੋਂ ਜ਼ਿਆਦਾ ਪ੍ਰਫੁੱਲਤ ਹੋ ਰਹੀ ਹੈ,ਜੇਕਰ ਸਕੂਲਾਂ ਵਿੱਚ ਪੰਜਾਬੀ ਨਾ ਪੜ੍ਹਾਈ ਜਾਵੇ ਤਾਂ ਬੱਚਿਆਂ ਦੇ ਮਾਂ ਬਾਪ ਇਸ ਲਈ ਯੋਗ ਪ੍ਰਬੰਧ ਕਰਦੇ ਹਨ, ਪੰਜਾਬ ਦੀ ਮਿੱਟੀ ਨਾਲ ਜੁੜੇ ਲੋਕ ਆਪਣੇ ਤਿਉਹਾਰ ਵੀ ਬੜੀ ਆਨ ਤੇ ਸ਼ਾਨ ਨਾਲ ਮਨਾਉਂਦੇ ਹਨ।ਉਨ੍ਹਾਂ ਨੂੰ ਮਾਂ ਬਾਪ ਖ਼ਾਸ ਦਿਵਸ ਯਾਦ ਕਿਉਂ ਨਹੀਂ ਆਉਂਦੇ, ਕਦੇ ਪੰਜਾਬ ਵਾਸੀਆਂ ਨੇ ਸੋਚਿਆ ਹੈ।
ਗੱਲਾਂ ਹੋਰ ਵੀ ਬਹੁਤ ਸਾਰੀਆਂ ਹਨ, ਅਸੀਂ ਨਕਲ ਕਰਨ ਵਿਚ ਬਹੁਤ ਅੱਗੇ ਹਾਂ ਖਾਣਾ ਪਹਿਰਾਵਾ ਵੇਖੋ ਵੇਖੀ ਅਪਣਾ ਰਹੇ ਹਾਂ ਜਿਸ ਨਾਲ ਆਪਣਾ ਜਲੂਸ ਤਾਂ ਨਿਕਲਦਾ ਹੀ ਹੈ ਪੰਜਾਬੀ ਵਿਰਸੇ ਦਾ ਘਾਣ ਹੋ ਜਾਂਦਾ ਹੈ। ਜੇ ਨਕਲ ਕਰਨੀ ਹੀ ਹੈ ਤਾਂ ਵਿਦੇਸ਼ੀ ਲੋਕਾਂ ਦੀਆਂ ਚੰਗੀਆਂ ਆਦਤਾਂ ਦੀ ਕਿਉਂ ਨਹੀਂ ਕਰਦੇ, ਆਪਾਂ ਵੇਖ ਹੀ ਰਹੇ ਹਾਂ ਕਿ ਸਾਡਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਹਰ ਪੱਧਰ ਤੇ ਮਜ਼ਬੂਤ ਵਿਰਸਾ ਹੈ। ਪੰਜਾਬੀ ਦੁਨੀਆਂ ਦੇ ਹਰ ਕੋਨੇ ਵਿੱਚ ਬੈਠਾ ਹੈ ਜੇ ਆਪਣੇ ਸੱਭਿਆਚਾਰ ਤੇ ਵਿਰਸੇ ਨੂੰ ਨਾਲ ਲੈ ਕੇ ਜਾਵੇ ਤੇ ਉਥੋਂ ਦੀ ਜਨਤਾ ਨੂੰ ਵਿਖਾਵੇ ਤਾਂ ਹਰ ਪਾਸੇ ਪੰਜਾਬੀਆਂ ਦੀ ਧੰਨ ਧੰਨ ਹੋ ਜਾਵੇਗੀ।ਆਪਾਂ ਸਾਰਾ ਜ਼ੋਰ ਧਰਮਾਂ ਤੇ ਹੀ ਲਗਾ ਦਿੰਦੇ ਹਾਂ, ਜ਼ਿਆਦਾ ਸਮਾਂ ਪੂਜਾ ਤੇ ਪਾਠਾਂ ਵਿਚ ਹੀ ਖ਼ਰਾਬ ਕਰ ਦਿੰਦੇ ਹਾਂ ਸਾਡੇ ਗੁਰੂਆਂ ਪੀਰਾਂ ਨੇ ਜੋ ਸਾਨੂੰ ਸ਼ਬਦ ਤੇ ਵਿਰਸਾ ਦਿੱਤਾ ਹੈ, ਉਨ੍ਹਾਂ ਨੂੰ ਖ਼ੁਦ ਅਪਣਾ ਕੇ ਵਿਖਾਓ ਪੂਰੇ ਵਿਦੇਸੀ ਆਪਣੀ ਨਕਲ ਕਰਨਗੇ।
– ਰਮੇਸ਼ਵਰ ਸਿੰਘ ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly