ਪਿੰਡ ਜੋਧਪੁਰ ਪਾਖਰ ਕੋਲ ਕੱਢੇ ਜਾ ਰਹੇ ਮਾਈਨਰ ਕਾਰਨ ਬੰਦ ਕੀਤੇ ਗਏ ਖਾਲ ਨੂੰ ਨਾ ਬਣਾਏ ਜਾਣ ਦੇ ਵਿਰੋਧ ‘ਚ ਅੱਜ ਪਿੰਡ ਜੋਧਪੁਰ ਪਾਖਰ ਦੇ ਕਿਸਾਨ ਵਾਟਰ ਵਰਕਸ ਦੀ ਟੈਂਕੀ ‘ਤੇ ਚੜ੍ਹ ਗਏ। ਇਸ ਮੌਕੇ ਇਕੱਠੇ ਹੋਏ ਪਿੰਡ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮਾਮਲੇ ਦਾ ਪਤਾ ਚੱਲਦੇ ਹੀ ਪੁਲੀਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ । ਜਾਣਕਾਰੀ ਅਨੁਸਾਰ ਪਿੰਡ ਜੋਧਪੁਰ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਕੋਟਲਾ ਬਰਾਂਚ ਨਹਿਰ ’ਚੋਂ ਕੱਢੇ ਜਾ ਰਹੇ ਮਾਈਨਰ ਕਾਰਨ ਢਾਹੇ ਗਏ ਖਾਲ ਨੂੰ ਮੁੜ ਤੋਂ ਬਣਾਉਣ ਦੀ ਪਿਛਲੇ ਲੰਮੇਂ ਸਮੇਂ ਤੋਂ ਮੰਗ ਕਰ ਰਹੇ ਹਨ ਪਰ ਨਹਿਰੀ ਵਿਭਾਗ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਾ ਕਰਨ ਕਰਕੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ। ਸੁਣਵਾਈ ਨਾ ਹੋਣ ’ਤੇ ਅੱਜ ਪਿੰਡ ਜੋਧਪੁਰ ਦੇ ਕਿਸਾਨਾਂ ਦਾ ਗੁੱਸਾ ਭੜਕ ਗਿਆ ਅਤੇ ਪਿੰਡ ਦੇ ਤਿੰਨ ਕਿਸਾਨ ਬਲਵੀਰ ਸਿੰਘ ਸੁਰਜੀਤ ਸਿੰਘ, ਰਾਜ ਸਿੰਘ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ’ਤੇ ਜਾ ਚੜ੍ਹ। ਇਸ ਉਪਰੰਤ ਟੈਂਕੀ ’ਤੇ ਚੜੇ ਅਤੇ ਟੈਂਕੀ ਦੇ ਥੱਲੇ ਖੜੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਮੱਘਰ ਸਿੰਘ, ਵਿੱਕੀ ਸਿੰਘ, ਗੁਰਲਾਲ ਸਿੰਘ, ਸਿਮਰ ਸਿੰਘ, ਅਵਤਾਰ ਸਿੰਘ, ਰੂਪ ਸਿੰਘ, ਅੰਗਰੇਜ਼ ਸਿੰਘ, ਅਮਰਜੀਤ ਸਿੰਘ, ਸੁਖਦੇਵ ਸਿੰਘ ਆਦਿ ਨੇ ਕਿਹਾ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਕਿਸਾਨਾਂ ਦੀ ਸੈਕੜੇ ਏਕੜ ਜ਼ਮੀਨ ਬੰਜਰ ਹੋ ਗਈ ਹੈ। ਇਸ ਤੋਂ ਇਲਾਵਾ ਪਾਈਪਾਂ ਬੰਦ ਹੋਣ ਕਾਰਨ ਪਿੰਡ ਦੇ ਵਾਟਰ ਵਰਕਸ ਨੂੰ ਵੀ ਨਹਿਰੀ ਪਾਣੀ ਨਹੀਂ ਮਿਲ ਰਿਹਾ ਜਿਸ ਕਾਰਨ ਲੋਕ ਧਰਤੀ ਹੇਠਲਾ ਖਰਾਬ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਕਿਹਾ,‘ਅਸੀਂ ਲੰਮੇਂ ਸਮੇਂ ਤੋਂ ਸਮੱਸਿਆ ਦਾ ਹੱਲ ਕਰਨ ਸਬੰਧੀ ਉਚ ਅਧਿਕਾਰੀਆਂ ਤੋਂ ਮੰਗ ਕਰ ਰਹੇ ਹਾਂ ਪ੍ਰੰਤੂ ਕੋਈ ਵੀ ਸੁਣਵਾਈ ਨਾ ਹੋਣ ਕਾਰਨ ਮਜਬੂਰੀ ਵੱਸ ਟੈਂਕੀ ’ਤੇ ਚੜ੍ਹਨ ਲਈ ਮਜਬੂਰ ਹੋਏ ਹਾਂ। ਜੇਕਰ ਸਾਡੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਅਸੀਂ ਆਉਣ ਵਾਲੇ ਦਿਨਾਂ ‘ਚ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਅਤੇ ਜੇਕਰ ਲੋੜ ਪਈ ਤਾਂ ਟੈਂਕੀ ਤੋਂ ਛਾਲਾਂ ਮਾਰ ਕੇ ਜਾਨਾਂ ਦੇਣ ਤੋਂ ਵੀ ਗੁਰੇਜ਼ ਨਹੀ ਕਰਾਂਗੇ।’ ਇਸ ਸਬੰਧੀ ਐਸ.ਐਚ.ਓ.ਦਿਲਬਾਗ ਸਿੰਘ ਅਤੇ ਸਬ ਇੰਸਪੈਕਟਰ ਤਰਨਦੀਪ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮਾਲ ਮਹਿਕਮੇ ਦੀ ਵੀਰਵਾਰ ਨੂੰ ਨਿਸ਼ਾਨਦੇਹੀ ਸਬੰਧੀ ਤਾਰੀਕ ਹੈ। ਉਸ ਤੋਂ ਬਾਅਦ ਮਸਲੇ ਦਾ ਹੱਲ ਕੀਤਾ ਜਾਵੇਗਾ। ਐਸ.ਐਚ.ਓ. ਵਲੋਂ ਦਿੱਤੇ ਗਏ ਭਰੋਸੇ ਕਾਰਨ ਇਕ ਵਾਰ ਕਿਸਾਨਾਂ ਨੇ ਆਪਣਾ ਸੰਘਰਸ਼ ਮੁਲਤਵੀ ਕਰ ਦਿੱਤਾ ਅਤੇ ਟੈਂਕੀ ਉਪਰ ਚੜ੍ਹੇ ਕਿਸਾਨਾਂ ਨੂੰ ਹੇਠਾਂ ਉਤਾਰ ਲਿਆ।
INDIA ਖਾਲ ਬਣਾਉਣ ਦੀ ਮੰਗ ਕਰਦੇ ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟਿਆ