(ਸਮਾਜ ਵੀਕਲੀ)
ਜੀਵਨਧਾਰਾ ਵੀ ਕਮਾਲ ਦਾ ਸਫਰ ਹੈ, ਕਦੇ ਖੁਸ਼ੀ ਨੂੰ ਸਾਂਭਣ ਲਈ ਥਾਂ ਨਹੀਂ ਲੱਭਦੀ ਤੇ ਕਦੇ ਗਮਾਂ ਨੂੰ ਭੁਲਾਉਣ ਵਾਲਾ ਰਾਹ ਨਹੀੰ ਦਿੱਸਦਾ । ਕਿਸੇ ਨਾਲ ਬਿਤਾਏ ਪਲਾਂ ਦਾ ਮਾਣ ਕਰੀਏ ਕਿ ਗੁਆਚੇ ਮਨੁੱਖ ਦਾ ਅਫਸੋਸ ਕਰੀਏ, ਇਸ ਕਸ਼ਮਕਸ਼ ਚੋਂ ਹੀ ਨਿੱਕਲਣਾ ਮੁਸ਼ਕਲ ਹੋਈ ਜਾਂਦਾ । ਜੀਵਨ ਹਰ ਪਲ ਤੁਹਾਡਾ ਇਮਤਿਹਾਨ ਲਈ ਜਾ ਰਿਹਾ ਤੇ ਇਹ ਵੀ ਨਹੀਂ ਦੱਸਦਾ ਕਿ ਅਸੀਂ ਪਾਸ ਹਾਂ ਕਿ ਫੇਲ੍ਹ? ਜਦ ਤਕ ਕੁਝ ਸਮਝ ਲੱਗਦਾ ਹੈ, ਸਮਾਂ ਨਿਕਲ ਚੁੱਕਾ ਹੁੰਦਾ ਹੈ । ਅਸੀਂ ਸਮਾਂ ਰੋਕਣ ਦੇ ਸਮਰੱਥ ਤਾਂ ਹੈ ਹੀ ਨਹੀਂ, ਸਗੋਂ ਅਸੀਂ ਸਮੇਂ ਨੂੰ ਸਮਝ ਵੀ ਨਹੀਂ ਸਕਦੇ । ਸਭ ਤੋਂ ਵੱਡੀ ਗੱਲ ਸਮਾਂ ਸਾਡੀ ਗੱਲ ਸੁਣਦਾ ਹੀ ਨਹੀਂ । ਅਸੀਂ ਵੀ ਆਪਣਾ ਮੁਲਾਂਕਣ ਘੱਟ ਕਰਦੇ ਹਾਂ ਤੇ ਹਮੇਸ਼ਾਂ ਆਪਣਾ ਵੱਧ ਮੁੱਲ ਪੁਵਾਉਣ ਦੀ ਤਾਕ ਵਿਚ ਰਹਿੰਦੇ ਹਾਂ, ਤੇ ਇਹੋ ਹੀ ਸਾਡੇ ਅੰਦਰ ਅਸਹਿਜ ਦਾ ਰੋਗ ਪੈਦਾ ਕਰਦਾ ਹੈ । ਜੀਵਨ ਵਿਚ ਮਿੱਤਰ ਜੁੜਨ ਦਾ ਸਮਾਂ ਤੇ ਮਿੱਤਰ ਵਿੱਛੜਣ ਦਾ ਸਮਾਂ ਇਕੋ ਜਿਹਾ ਹੁੰਦਾ ਹੈ ਪਰ ਕਈ ਯੋਜਨ ਅੱਗੇ ਪਿੱਛੇ । ਮਨ ਤੇ ਮਸਤਕ ਦੋਨੋ ਦੰਗ ਹੋ ਕੇ ਰਹਿ ਜਾਂਦੇ ਹਨ । ਇਹ ਇਮਤਿਹਾਨ ਤੋੰ ਰਤਾ ਕੁ ਪਹਿਲਾਂ ਦਾ ਸਮਾਂ ਹੁੰਦਾ ਹੈ, ਜਦ ਸਭ ਕੁਝ ਅੰਦਰ ਹੁੰਦੇ ਹੋਏ ਵੀ ਖਾਲੀ ਖਾਲੀ ਮਹਿਸੂਸ ਹੁੰਦਾ ਹੈ, ਸੋਚ ਬਿਲਕੁਲ ਸਹਿਜ ਹੋ ਜਾਂਦੀ ਹੈ।
ਅੱਜ ਜੀਵਨ ਦੇ ਇਕ ਵੱਖਰੇ ਤੇ ਨਿਵੇਕਲੇ ਇਮਤਿਹਾਨ ਦਾ ਪਹਿਲਾ ਪਰਚਾ ਪੈਣਾ ਹੈ । ਮਨ ਦੀ ਸਤਿੱਥੀ ਬਿਲਕੁਲ ਸ਼ੂਨਿਆ ਹੈ । ਤਕੱੜੀ ਦੀ ਸੂਈ ਵਾਂਙੂੰ ਬਿਲਕੁਲ ਵਿਚਾਲ਼ੇ ਖੜੀ ਹੈ । ਪਾਸ ਜਾਂ ਫੇਲ੍ਹ ਹੋਣ ਦਾ ਡਰ ਨਹੀਂ ਹੈ। ਬਸ ਸਾਗਰ ਦੀ ਗਹਿਰਾਈ ਹੀ ਦਿੱਸ ਰਹੀ ਹੈ । ਆਪਣੇ ਆਪ ਨੂੰ ਕੁਦਰਤ ਦੇ ਨੇਮ ਵਿਚ ਬੰਨ ਲਿਆ ਹੈ।