ਜਲੰਧਰ (ਹਰਜਿੰਦਰ ਛਾਬੜਾ) – ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਹੁਣ ਤੱਕ ਲੱਖਾਂ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਪਰ ਇਸ ਮੁਸ਼ਕਿਲ ਘੜੀ ‘ਚ ਖਾਲਸਾ ਏਡ ਦੀ ਸੇਵਾ ਭਾਵਨਾ ਵਿਖਾਈ ਦਿੱਤੀ। ਖਾਲਸਾ ਏਡ ਦੇ ਆਗੂ ਰਵੀ ਸਿੰਘ ਖੁਦ ਲੰਡਨ ਦੇ ਹਸਪਤਾਲ ‘ਚ ਜਾ ਕੇ ਡਾਕਟਰਾਂ ਦੀਆਂ ਟੀਮਾਂ ਜੋ ਕਿ ਇਸ ਵਾਇਰਸ ਨਾਲ ਪੀੜ੍ਹਤ ਬਿਮਾਰੀ ਦੇ ਲੋਕਾਂ ਦਾ ਇਲਾਜ ਕਰ ਰਹੀਆਂ ਹਨ ਉਨ੍ਹਾਂ ਕੋਲ ਲੰਗਰ ਲੈ ਕੇ ਪਹੁੰਚ ਰਹੇ ਹਨ। ਜਿਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਨੂੰ ਕਿ ਖਾਲਸਾ ਏਡ ਦੇ ਆਫੀਸ਼ੀਅਲ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਖਾਲਸਾ ਏਡ ਵੱਲੋਂ ਲਿਖਿਆ ਗਿਆ ਕਿ “ਸੈਂਟ ਜਾਰਜ ਹਸਪਤਾਲ, ਲੰਡਨ ਸਣੇ ਪੂਰੇ ਲੰਡਨ ਦੇ ਹਸਪਤਾਲਾਂ ‘ਚ ਗਰਮ-ਗਰਮ ਲੰਗਰ ਪਹੁੰਚਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਕਲੀਨਿਕਾਂ ‘ਚ ਵੀ ਜ਼ਿਲ੍ਹਾ ਨਰਸਾਂ ਨੂੰ ਵੀ ਭੋਜਨ ਸਪਲਾਈ ਕੀਤਾ ਜਾ ਰਿਹਾ ਹੈ”। ਖਾਲਸਾ ਏਡ ਦੇ ਇਸ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਉਂਝ ਵੀ ਸਿੱਖ ਕੌਮ ਦੀ ਗੱਲ ਕਰੀਏ ਤਾਂ ਸੇਵਾ ਭਾਵਨਾ ਲਈ ਕੌਮ ਪੂਰੀ ਦੁਨੀਆ ‘ਚ ਜਾਣੀ ਜਾਂਦੀ ਹੈ ਅਤੇ ਦੇਸ਼ ‘ਚ ਜਦੋਂ ਵੀ ਮੁਸ਼ਕਿਲ ਆਉਂਦੀ ਹੈ ਤਾਂ ਸਿੱਖ ਕੌਮ ਮਦਦ ਲਈ ਅੱਗੇ ਆਉਂਦੀ ਹੈ ।
ਇਸ ਤੋਂ ਪਹਿਲਾਂ ਵੀ ਕਈ ਸਿੱਖ ਸੰਸਥਾਵਾਂ ਵੱਲੋਂ ਅਮਰੀਕਾ, ਕੈਨੇਡਾ, ਅਸਟਰੇਲੀਆ ਅਤੇ ਇੰਡੀਆ ਵਿਚ ਲੰਗਰ, ਰਾਸ਼ਨ ਅਤੇ ਹੋਰ ਮੈਡੀਕਲ ਸਹੂਲਤਾਂ ਉਪਲਧ ਕਰਵਾਈਆਂ ਜਾ ਰਹੀਆਂ ਹਨ।