ਖਾਲਸਾਈ ਜਾਹੋ ਜਲਾਲ ਨਾਲ ਹੋਲਾ ਮਹੱਲਾ ਅੱਜ ਤੋਂ

ਖਾਲਸਾਈ ਸ਼ਾਨ ਦੇ ਪ੍ਰਤੀਕ ਹੋਲਾ ਮਹੱਲਾ ਦਾ ਪਹਿਲਾ ਪੜਾਅ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਮਾਪਤ ਹੋ ਗਿਆ। ਮੇਲਾ ਅਗਲੇ ਪੜਾਅ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋ ਗਿਆ। ਦੂਸਰੇ ਪਾਸੇ ਖਾਲਸਾ ਨਗਰੀ ਹੋਲੇ ਮਹੱਲੇ ਦੀ ਆਮਦ ਨੂੰ ਲੈ ਕੇ ਪੂਰੇ ਖਾਲਸਾਈ ਰੰਗ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਹੈ। ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਪਹਿਲੇ ਪੜਾਅ ਦੀ ਸੰਪੂਰਨਤਾ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਨੇ ਕੀਤੀ। ਇਸ ਮੌਕੇ ਜਥੇਦਾਰ ਗਿਆਨੀ ਰਘਵੀਰ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਮੈਨੇਜਰ ਜਸਵੀਰ ਸਿੰਘ, ਮੀਤ ਮੈਨੇਜਰ ਗੁਰਦੁਆਰਾ ਪਤਾਲਪੁਰੀ ਸਾਹਿਬ ਜਸਵਿੰਦਰ ਸਿੰਘ, ਮੀਤ ਮੈਨੇਜਰ ਬਾਬਾ ਗੁਰਦਿੱਤਾ ਜੀ ਬਲਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ। ਉਧਰ ਹੋਲਾ ਮਹੱਲਾ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੰਗਲਵਾਰ ਤੋਂ ਸ਼ੁਰੂ ਹੋ ਜਾਵੇਗਾ। ਇਸ ਮੌਕੇ 19 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਗੁਰਦੁਆਰਿਆਂ ਵਿਖੇ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਜਾਣਗੇ ਅਤੇ ਨਿਰਮਲ ਭੇਖ ਦੁਆਬਾ ਮੰਡਲ ਵੱਲੋਂ ਵਿਸ਼ਾਲ ਨਗਰ ਕੀਰਤਨ ਵੀ ਕੱਢਿਆ ਜਾਵੇਗਾ। ਕੀਰਤਪੁਰ ਸਾਹਿਬ ਵਿਖੇ 16 ਤੋਂ 18 ਮਾਰਚ ਤੱਕ ਚੱਲੇ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਅੱਜ ਸੰਗਤਾਂ ਵਹੀਰਾਂ ਘੱਤ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਹਨ।

Previous articleਸੜਕ ਹਾਦਸਿਆਂ ਨੇ ਲਈਆਂ ਚਾਰ ਵਿਅਕਤੀਆਂ ਦੀਆਂ ਜਾਨਾਂ
Next articleਭਾਰਤ ਨਾਲ ਮਿਲ ਕੇ ਕੰਮ ਕਰਨਾ ਪਹਿਲੀ ਤਰਜੀਹ: ਮਾਲਦੀਵਜ਼