(ਸਮਾਜ ਵੀਕਲੀ)
ਮੁਨਾਫੇ ਦੀ ਅੰਨ੍ਹੀ ਦੌੜ ਅਤੇ ਨਵੀਆਂ ਤਕਨੀਕਾਂ ਨੇ ਮਿਲਾਵਟ ਦੇ ਅਜਿਹੇ ਰਾਹ ਖੋਜ ਲਏ ਹਨ, ਜਿਨ੍ਹਾਂ ਦੀ ਥਾਹ ਪਾਉਣੀ ਹਰ ਕਿਸੇ ਦੇ ਵਸ ਦਾ ਰੋਗ ਨਹੀਂ। ਮਿਲਾਵਟ ਦਾ ਇਹ ਅਨੈਤਿਕ ਅਤੇ ਸਮਾਜ ਵਿਰੋਧੀ ਵਰਤਾਰਾ ਵਿਸ਼ਵਵਿਆਪੀ ਹੈ। ਪਰ ਸਖਤ ਸਜਾਵਾਂ ਅਤੇ ਸਖਤ ਕਾਨੂੰਨ ਦੀ ਅਣਹੋਂਦ ਕਾਰਨ ਭਾਰਤ ਵਿਚ ਮਿਲਾਵਟ ਦਾ ਵਰਤਾਰਾ ਵਧੇਰੇ ਜੋਰ ਫੜ ਰਿਹਾ ਹੈ। ਦੁੱਧ, ਘਿਓ, ਤੇਲ, ਆਟਾ, ਚਾਹ, ਕੌਫੀ, ਮਸਾਲੇ, ਸ਼ਰਬਤ ਆਦਿ ਪਦਾਰਥਾਂ ਵਿਚ ਮਿਲਾਵਟ ਜ਼ਿਆਦਾ ਵੇਖਣ ਨੂੰ ਮਿਲਦੀ ਹੈ।
ਇਹੀ ਹੀ ਨਹੀਂ ਫਲ, ਸਬਜ਼ੀਆਂ, ਦਾਲਾਂ, ਦੁੱਧ ਆਦਿ ਸਭ ਜ਼ਹਿਰੀਲੇ ਹੋ ਚੁੱਕੇ ਹਨ। ਮਿਲਾਵਟ ਦਾ ਇਹ ਜ਼ਹਿਰ ਤਿਲ-ਤਿਲ ਕਰਕੇ ਮਨੁੱਖੀ ਸਰੀਰ ਦੇ ਅੰਦਰ ਦਾਖਲ ਹੁੰਦਾ ਹੈ, ਜਿਸ ਕਰਕੇ ਉਹ ਗੰਭੀਰ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ। ਆਮ ਆਦਮੀ ਇਹ ਸਭ ਜਾਣਦੇ ਹੋਏ ਵੀ ਮਜ਼ਬੂਰ ਹੈ, ਕਿਉਂਕਿ ਉਸ ਕੋਲ ਕੋਈ ਬਦਲ ਹੀ ਨਹੀਂ ਹੈ। ਕੁਝ ਗੈਰ-ਜ਼ਰੂਰੀ ਚੀਜ਼ਾਂ ਤੋਂ ਦੂਰੀ ਬਣਾ ਕੇ ਉਹ ਆਪਣੇ ਸਰੀਰ ‘ਚ ਜਾਣ ਵਾਲੇ ਜ਼ਹਿਰ ਦੇ ਕੁਝ ਅੰਸ਼ ਨੂੰ ਤਾਂ ਕੁਝ ਘੱਟ ਕਰ ਸਕਦਾ ਹੈ, ਪਰ ਪੇਟ ਭਰਨ ਲਈ ਉਸ ਨੂੰ ਅਨਾਜ ਅਤੇ ਸਬਜ਼ੀਆਂ ਤਾਂ ਖਾਣੀਆਂ ਹੀ ਪੈਣੀਆਂ ਹਨ।
ਤਿਓਹਾਰਾਂ ਦਾ ਮੌਸਮ ਸਾਡੇ ਲਈ ਨਵੀਆਂ ਉਮੰਗਾਂ ਤੇ ਖੁਸ਼ੀਆਂ ਲੈ ਕੇ ਆਉਂਦਾ ਹੈ, ਪਰ ਇਨ੍ਹਾਂ ਖੁਸ਼ੀਆਂ ਮੌਕੇ ਵੰਡੀ ਜਾਣ ਵਾਲੀ ਮਠਿਆਈ ‘ਚ ਮਿਲਾਵਟ ਨੂੰ ਲੈ ਕੇ ਇਕ ਡਰ ਅਤੇ ਚਿੰਤਾ ਵੀ ਸਾਡੇ ਮਨ ਦੇ ਕਿਸੇ ਕੋਨੇ.’ਚ ਛੁਪੀ ਬੈਠੀ ਹੁੰਦੀ ਹੈ। ਮਠਿਆਈ ਦਾ ਮੁੱਖ ਸਰੋਤ ਖੋਆ ਹੁੰਦਾ ਹੈ। ਲੱਗਭਗ.80 ਫੀਸਦੀ ਮਠਿਆਈਆਂ ਖੋਏ ਨਾਲ ਹੀ ਤਿਆਰ ਹੁੰਦੀਆਂ ਹਨ ਤੇ ਖੋਏ ‘ਚ ਵੱਡੀ ਮਾਤਰਾ ਵਿਚ ਮਿਲਾਵਟ ਹੁੰਦੀ ਹੈ।
ਹਰ ਸਾਲ ਤਿਓਹਾਰੀ ਸੀਜ਼ਨ ਸਮੇਂ ਹਜ਼ਾਰਾਂ ਕੁਇੰਟਲ ਨਕਲੀ ਖੋਆ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਕਾਬੂ ਕੀਤਾ ਜਾਂਦਾ ਹੈ। ਪਰ ਇਸ ਦੇ ਬਾਵਜੂਦ ਬਹੁਤ ਸਾਰੇ ਮਿਲਾਵਟਖੋਰ ਟੀਮਾਂ ਦੀ ਨਜ਼ਰ ਤੋਂ ਮੋਟੀ ਰਿਸ਼ਵਤ ਦੇ ਕੇ ਬਚ ਜਾਂਦੇ ਹਨ। ਅੱਖ ਤੋਂ ਬਚੇ ਖੋਏ ਦੀ ਮਾਤਰਾ ਫੜੇ ਗਏ ਨਕਲੀ ਖੋਏ ਨਾਲੋਂ ਕਿਤੇ ਵੱਧ ਹੁੰਦੀ ਹੈ। ਕੋਈ ਵੀ ਮਠਿਆਈ ਰੰਗ ਤੋਂ ਬਗੈਰ ਵੇਖਣ ਨੂੰ ਚੰਗੀ ਨਹੀਂ ਲੱਗਦੀ। ਇਸੇ ਕਾਰਨ ਹੀ ਮਠਿਆਈਆਂ ‘ਚ ਖਤਰਨਾਕ ਰਸਾਇਣਕ ਯੁਕਤ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਿਹਤ ਲਈ ਬੇਹੱਦ ਘਾਤਕ ਹੈ । ਮਿਲਾਵਟੀ ਮਠਿਆਈਆਂ ਦੇ ਡਰ ਕਾਰਨ ਅੱਜ ਵਧੇਰੇ ਲੋਕ ਡਰਾਈ ਫਰੂਟ ਨੂੰ ਤਰਜੀਹ ਦੇਣ ਲੱਗ ਪਏ ਹਨ।
ਇਹੀ ਨਹੀਂ ਬਨਸਪਤੀ ਘਿਓ.’ਚ ਪਾਮ ਆਇਲ, ਸਰੋਂ ਦੇ ਤੇਲ ‘ਚ ਡੀਓ ਆਇਲ ਅਤੇ ਦੇਸੀ ਘਿਓ.’ਚ ਬਟਰ ਆਇਲ ਦੀ ਮਿਲਾਵਟ ਕਰਕੇ ਲੋਕਾਂ ਨੂੰ ਖਤਰਨਾਕ ਰੋਗਾਂ ਦੇ ਮੂੰਹ ਵਿਚ ਧੱਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਪਦਾਰਥਾਂ ਦਾ ਸਵਾਦ ਕਾਇਮ ਰੱਖਣ ਲਈ ਇਨ੍ਹਾਂ.’ਚ ਪਰਫਿਊਮ ਤੱਕ ਮਿਲਾ ਦਿੱਤਾ ਜਾਂਦਾ ਹੈ, ਜੋ ਕੈਂਸਰ ਵਰਗੇ ਖਤਰਨਾਕ ਰੋਗਾਂ ਨੂੰ ਜਨਮ ਦਿੰਦਾ ਹੈ। ਫਲਾਂ ਨੂੰ ਛੇਤੀ ਪਕਾਉਣ ਲਈ ਕੀਟਨਾਸ਼ਕਾਂ ਦੀ ਵਰਤੋਂ ਅਤੇ ਸਬਜ਼ੀਆਂ ਨੂੰ ਛੇਤੀ ਉਗਾਉਣ ਤੇ ਵਧਾਉਣ ਲਈ ਰਸਾਇਣਾਂ ਦੀ ਵਰਤੋਂ ਕਿਸੇ ਤੋਂ ਲੁਕੀ – ਛੁਪੀ ਨਹੀਂ ਹੈ। ਫਲਾਂ ਦਾ ਸੁਰਖ ਰੰਗ ਉਨ੍ਹਾਂ ਦੇ ਸਵਾਦ ਅਤੇ ਪੌਸ਼ਟਿਕਤਾ ਦੀ ਨਹੀਂ ਬਲਕਿ ਮਿਲਾਵਟ ਅਤੇ ਰਸਾਇਣਕ ਪ੍ਰਯੋਗਾਂ ਦੀ ਨਿਸ਼ਾਨੀ ਹੈ। ਲੌਕੀ, ਕੱਦੂ ਅਤੇ ਹੋਰ ਸਬਜ਼ੀਆਂ ਦਾ ਵੱਡਾ ਆਕਾਰ ਖਤਰਨਾਕ ਰਸਾਇਣਾਂ ਦੀ ਦੇਣ ਹੈ।
ਮੁਨਾਫੇ ਦੀ ਦੌੜ ‘ਚ ਕਾਸਮੈਟਿਕ ਤੋਂ ਲੈ ਕੇ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਅਤੇ ਖਾਧ ਪਦਾਰਥਾਂ ਵਿਚ ਕੀਤੀ ਜਾਣ ਵਾਲੀ ਮਿਲਾਵਟ ਸਮੁੱਚੀ ਮਨੁੱਖ ਜਾਤੀ ਲਈ ਇਕ ਖਤਰਨਾਕ ਸਾਜਿਸ਼ ਹੈ। ਰੋਜ਼ਾਨਾ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਅਸੀਂ ਸਭ ਮਿਲਾਵਟ ਦੇ ਕਿੰਨੇ ਹੀ ਹੱਥਕੰਡਿਆਂ.’ਚੋਂ ਲੰਘਦੇ ਹਾਂ, ਪਰ ਸਾਨੂੰ ਇਸ ਸਾਜਿਸ਼ ਦੀ ਨਾ ਭਿਣਕ ਹੁੰਦੀ ਹੈ ਅਤੇ ਨਾ ਹੀ ਇਸ ਦੇ ਗੰਭੀਰ ਨਤੀਜਿਆਂ ਸਬੰਧੀ ਜਾਣਕਾਰੀ। ਭੋਜਨ ਅਤੇ ਸੁਰੱਖਿਆ ਬਾਰੇ ਸਹੂਲਤਾਂ ਅਤੇ ਸਾਡਾ ਦ੍ਰਿਸ਼ਟੀਕੋਣ ਬਹੁਤ ਸੀਮਤ ਹੈ।
ਸਰਕਾਰ ਕੋਲ ਜੋ ਸਾਧਨ ਹਨ ਉਹ ਲੋੜੀਂਦੀ ਮਾਤਰਾ ਵਿਚ ਨਹੀਂ ਹਨ। ਇਸ ਲਈ ਦੇਸ਼ ਵਿਚ ਉਤਪਾਦਾਂ ਦੀ ਜਾਂਚ ਕਰਨਾ ਅਤੇ ਗੜਬੜੀ ਵਾਲੇ ਉਤਪਾਦਾਂ ‘ਤੇ ਲਗਾਮ ਕੱਸਣੀ ਮੁਸ਼ਕਲ ਹੋ ਗਈ ਹੈ। ਸਰਕਾਰ ਨੂੰ ਫੂਡ ਐਂਡ ਸੇਫਟੀ ਬਾਰੇ ਸਖਤ ਵਿਵਸਥਾ ਕਰਨੀ ਚਾਹੀਦੀ ਹੈ ਅਤੇ ਜਾਂਚ ਤੰਤਰ ਵਿਕਸਿਤ ਕਰਨਾ ਚਾਹੀਦਾ ਹੈ। ਹਰ ਰਾਜ.’ਚ ਲੋੜੀਦੀਆਂ ਲੈਬਾਰਟਰੀਆਂ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਲੈਬਾਰਟਰੀਆਂ ‘ਚ ਆਧੁਨਿਕ ਉਪਕਰਣ ਹੋਣ ਅਤੇ ਸੁਰੱਖਿਅਤ ਸਟਾਫ ਹੋਵੇ ਜੋ ਤੁਰੰਤ ਜਾਂਚ ਕਰਨ.’ਚ ਸਮਰੱਥ ਹੋਵੇ, ਫਿਰ ਹੀ ਮਿਲਾਵਟ ਰੂਪੀ ਕਹਿਰ ਨੂੰ ਰੋਕਿਆ ਜਾ ਸਕਦਾ ਹੈ।
ਸੁਖਮੰਦਰ ਸਿੰਘ ਤੂਰ
ਪਿੰਡ ਤੇ ਡਾਕ – ਖੋਸਾ ਪਾਂਡੋ, (ਮੋਗਾ) ।