(ਸਮਾਜ ਵੀਕਲੀ)
ਠੰਢੀਆਂ ਫ਼ਿਜ਼ਾਵਾਂ ਦੇ ਸ਼ਹਿਰ ਜੰਮੂ ਦੀ ਵਸਨੀਕ ‘ਡਾ. ਸਨੋਬਰ’ ਜੰਮੂ ਕਸ਼ਮੀਰ ਵਿੱਚੋਂ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਪਹਿਚਾਣ ਬਣਾ ਰਹੀ ਇੱਕ ਨਿਵੇਕਲੀ ਸ਼ਾਇਰਾ ਹੈ। ਡਾ. ਸਨੋਬਰ ਪਿੰਡ ਸਿੱਧਵਾਂ ਦੋਨਾ ,ਜ਼ਿਲ੍ਹਾ ਕਪੂਰਥਲਾ, ਪੰਜਾਬ ਦੀ ਵਸਨੀਕ ਹੈ।ਕਵਿੱਤਰੀ ਦਾ ਜਨਮ 5 ਅਕਤੂਬਰ 1980 ਨੂੰ ਜੰਮੂ ਵਿਖੇ ਨਾਨਕਾ ਪਰਿਵਾਰ ਵਿੱਚ ਹੋਇਆ ਸੀ|ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸ੍ਰੀ ਕੰਵਰ ਇਮਤਿਆਜ਼ ਅਤੇ ਮਾਤਾ ਜੀ ਸ੍ਰੀਮਤੀ ਫ਼ਰੀਦਾ ਬੇਗ਼ਮ ਹੈ।ਡਾ. ਸਨੋਬਰ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਸਿੱਧਵਾਂ ਦੋਨਾ ਦੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਹੈ।ਕਵਿੱਤਰੀ ਨੇ ਬੀ. ਏ. ਦੀ ਪੜ੍ਹਾਈ ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਕਾਲਾ ਸੰਘਿਆ ਤੋਂ ਪ੍ਰਾਪਤ ਕਰਕੇ ਉੱਚ ਵਿੱਦਿਆ ਲਈ 2000 ਵਿਚ ਕਵਿੱਤਰੀ ਨੇ ਜੰਮੂ ਯੂਨੀਵਰਸਿਟੀ ਵਿਚ ਐਮ. ਏ.ਪੰਜਾਬੀ ਵਿੱਚ ਦਾਖ਼ਲਾ ਲੈ ਲਿਆ।ਐਮ.ਏ. ਵਿੱਚ ਉਸ ਨੇ ਪ੍ਰਥਮ ਸਥਾਨ ਹਾਸਿਲ ਕੀਤਾ ਅਤੇ ਉਸ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ ਡਾ ਸਨੋਬਰ ਨੇ ਪੀ.ਐੱਚ.ਡੀ. ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ ਅਤੇ ਉਥੇ ਹੀ ਜੰਮੂ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਥੋੜ੍ਹੇ ਸਮੇਂ ਲਈ ਅਧਿਆਪਨ ਕਾਰਜ ਵੀ ਕੀਤਾ। ਇਸ ਤੋਂ ਬਾਅਦ ਕਵਿੱਤਰੀ ਨੇ ਬੀ .ਐਡ .ਦੀ ਡਿਗਰੀ ਵੀ ਹਾਸਲ ਕੀਤੀ। ਇਸ ਤਰ੍ਹਾਂ ਡਾ. ਸਨੋਬਰ ਦਾ ਉੱਚ ਵਿੱਦਿਆ ਪ੍ਰਾਪਤ ਕਰਨ ਦਾ ਸਫ਼ਰ ਬਹੁਤ ਖੂਬਸੂਰਤ ਰਿਹਾ।
2007 ਵਿੱਚ ਉਨ੍ਹਾਂ ਦੀ ਸ਼ਾਦੀ ਜੰਮੂ ਕਸ਼ਮੀਰ ਦੇ ਪੁਲੀਸ ਵਿਭਾਗ ਵਿੱਚ ਸੇਵਾ ਨਿਭਾ ਰਹੇ ਅਧਿਕਾਰੀ ਸ੍ਰੀ ਆਜਾਜ਼ ਹੈਦਰ ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਬਗੀਚਾ ਹੋਰ ਵੀ ਖ਼ੂਬਸੂਰਤ ਅਤੇ ਹਰਿਆਲਾ ਹੋ ਗਿਆ। ਦੋ ਪਿਆਰੇ ਬੱਚੇ ਫਰਹਾਨ ਅਤੇ ਅਲਮਾਨ ਦੇ ਜਨਮ ਨਾਲ ਉਸ ਦੀ ਜ਼ਿੰਦਗੀ ਹੋਰ ਰੰਗੀਨ ਅਤੇ ਮਹਿਕਣ ਲੱਗ ਪਈ।ਇਸ ਤੋਂ ਬਾਅਦ ਦੋ 2009 ਵਿਚ ਡਾ. ਸਨੋਬਰ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਦੇ ਸਰਕਾਰੀ ਮਹਿਲਾ ਕਾਲਜ ਪਰੇਡ ਗਰਾਊਂਡ ਜੰਮੂ ਦੇ ਪੰਜਾਬੀ ਵਿਭਾਗ ਵਿਚ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਨਿਯੁਕਤ ਹੋ ਗਏ। ਪੰਜਾਬੀ ਕਾਵਿ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਉਣ ਤੇ ਕਵਿਤਾ ਲਿਖਣ ਦੀ ਗੁੜ੍ਹਤੀ ਕਵਿੱਤਰੀ ਨੂੰ ਬਹੁਤ ਹੀ ਸੰਵੇਦਨਸ਼ੀਲ ਸੁਹਿਰਦ ਇਨਸਾਨ ਅਤੇ ਸ਼ਾਇਰ ਪਿਤਾ ਜੀ ਕੋਲੋਂ ਮਿਲੀ।ਡਾ. ਸਨੋਬਰ ਆਪਣੇ ਪਿਤਾ ਜੀ ਦੁਆਰਾ ਸੰਪਾਦਿਤ ਪੱਤਰਿਕਾ ”ਵਾਰਿਸ” ਦੀ ਸਹਾਇਕ ਸੰਪਾਦਿਕਾ ਵੀ ਰਹੀ ਹੈ।
ਡਾ. ਸਨੋਬਰ ਦੀ ਪਲੇਠੀ ਪੁਸਤਕ ਆਲੋਚਨਾ ਦੀ ਹੈ ਜਿਸ ਦਾ ਨਾਂ ”ਨਾਰੀ ਚੇਤਨਾ” ਦੀ ਕਵਿਤਾ ਹੈ।ਇਹ ਪੁਸਤਕ 2008 ਵਿਚ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪ੍ਰਵੇਸ਼ ਹੋਈ ਹੈ।ਇਸ ਪੁਸਤਕ ਵਿਚ ਲੇਖਿਕਾ ਨੇ ਸੱਤ ਕਵਿੱਤਰੀਆਂ ਦੀਆਂ ਕਵਿਤਾਵਾਂ ਦਾ ਨਾਰੀਵਾਦੀ ਪਰਿਪੇਖ ਤੋਂ ਵਿਸ਼ਲੇਸ਼ਣ ਕੀਤਾ ਹੈ।ਇਸ ਪੁਸਤਕ ਵਿੱਚ ਉਸ ਨੇ ਅੰਮ੍ਰਿਤਾ ਪ੍ਰੀਤਮ, ਪਾਲ ਕੌਰ, ਡਾ. ਵਨੀਤਾ, ਮਨਜੀਤ ਟਿਵਾਣਾ, ਮਨਜੀਤ ਇੰਦਰਾ, ਪ੍ਰਭਜੋਤ, ਜੀਤ ਕੌਰ ਅਤੇ ਸੁਖਵਿੰਦਰ ਅੰਮ੍ਰਿਤ ਵਰਗੀਆਂ ਪ੍ਰਮੁੱਖ ਪੰਜਾਬੀ ਕਵਿੱਤਰੀਆਂ ਦੀਆਂ ਕਾਵਿ ਲਿਖਤਾਂ ਨੂੰ ਨਾਰੀ ਚੇਤਨਾ ਦੇ ਸੰਦਰਭ ਵਿੱਚ ਅਧਿਐਨ ਦਾ ਆਧਾਰ ਬਣਾਇਆ ਹੈ। ਡਾ. ਸਨੋਬਰ ਨੇ ਸਿਮੋਨ ਦਾ ਬਾਵਇ ਵਰਗੀਆਂ ਪੱਛਮੀ ਲੇਖਿਕਾਵਾਂ ਦੀਆਂ ਲੇਖਣੀ ਨੂੰ ਵੀ ਪੜ੍ਹ ਕੇ ਪੰਜਾਬੀ ਸਾਹਿਤ ਦੇ ਵਿੱਚ ਇਸਤਰੀ ਹੱਕਾਂ ਦੇ ਹੱਕ ਦੀ ਗੱਲ ਕੀਤੀ ਹੈ।ਇਸ ਤਰ੍ਹਾਂ ਇਹ ਆਲੋਚਨਾ ਪੁਸਤਕ ਆਲੋਚਨਾ ਦੇ ਖੇਤਰ ਵਿੱਚ ਸਕਾਲਰਾਂ ਲਈ ਬਹੁਤ ਸਹਾਇਕ ਸਿੱਧ ਹੁੰਦੀ ਹੈ।
ਸਭ ਤੋਂ ਪਹਿਲਾਂ ਕਵਿੱਤਰੀ ਦੀ ਕਵਿਤਾ ਬੱਚਿਆਂ ਦੇ ”ਫੁਲਵਾੜੀ” ਨਾਂ ਦੇ ਮੈਗਜ਼ੀਨ ਵਿਚ ਉਦੋਂ ਛਪੀ ਜਦੋਂ ਉਹ ਪੰਜਵੀਂ ਜਮਾਤ ਵਿੱਚ ਸੀ।ਫਿਰ ਕਵਿਤਾ ਲਿਖਣ ਦਾ ਆਗਾਜ਼ ਐਵੇਂ ਸ਼ੁਰੂ ਹੋ ਗਿਆ ਤੇ ਉਸ ਦੀਆਂ ਕਵਿਤਾਵਾਂ ਕਈ ਮੈਗਜ਼ੀਨਾਂ ਵਿੱਚ ਛਪਣ ਲੱਗੀਆਂ।ਕਵਿੱਤਰੀ ਦਾ ਇੱਕ ਸਾਂਝਾ ਕਾਵਿ ਸੰਗ੍ਰਹਿ ”ਰੰਗਰੇਜ਼” ਵੀ ਛਪ ਚੁੱਕਾ ਹੈ ਜਿਸ ਦੀ ਸੰਪਾਦਨਾ 2020 ਵਿੱਚ ਹੋਈ ਹੈ।ਇਸ ਕਾਵਿ ਸੰਗ੍ਰਹਿ ਵਿੱਚ ਕਵਿੱਤਰੀ ਦੀਆਂ ਕਈ ਨਜ਼ਮਾਂ ਸੰਕਲਿਤ ਹਨ।ਉਨ੍ਹਾਂ ਦੀ ਨਜ਼ਮ ”ਕਲਮ” ਦੀਆਂ ਇਹ ਸਤਰਾਂ ਪਾਠਕਾਂ ਦਾ ਧਿਆਨ ਆਕਰਸ਼ਿਤ ਕਰਦੀਆਂ ਹਨ ਤੇ ਕਿਤੇ ਭਾਵੁਕ ਵੀ ਕਰ ਦਿੰਦੀਆਂ ਹਨ ਉਹ ਲਿਖਦੇ ਹਨ :
ਹੰਝੂ ਵਗਦੇ ਨੇ
ਮੇਰੀ ਕਲਮ ਦੇ,
ਸੂਹੇ ਲਾਲ ਹਰਫਾਂ ‘ਚ
ਗਹਿਰੇ ਏਹਦੇ ਗ਼ਮ ਵੇ।
ਕੋਰੇ ਕਾਗਜ਼ ਦੀ ਇਹ ਰੰਗਰੇਜ਼ ਹੈ।ਆਪਣੇ ਦੁੱਖਾਂ ਵੇਦਨਾਵਾਂ ਨਾਲ ਲਬਰੇਜ਼ ਹੈ| ਆਪਣੇ ਕਾਲਜ ਦੇ ਸਾਲਾਨਾ ਪ੍ਰਕਾਸ਼ਿਤ ਹੋ ਰਹੇ ਮੈਗਜ਼ੀਨ “ਦਵਿਗ੍ਰਤਾ” ਦੀ ਪੰਜਾਬੀ ਸੈਸ਼ਨ ਦੀ ਸੰਪਾ
ਦਿਕਾ ਵਜੋਂ ਕਾਰਜ ਕਰਕੇ ਨਵੀਂਆਂ ਕਲਮਾਂ ਨੂੰ ਪ੍ਰੋਤਸਾਹਿੱਤ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਵੀ ਕਰਦੀ ਆ ਰਹੀ ਹੈ|
ਡਾ. ਸਨੋਬਰ ਜਿਥੇ ਪ੍ਰੋਫ਼ੈਸਰ ਹੈ ਉੱਥੇ ਉਸਦੀ ਆਪਣੀ ਕਵਿੱਤਰੀ ਵਜੋਂ ਵੀ ਇੱਕ ਵਿਲੱਖਣ ਪਹਿਚਾਣ ਸਥਾਪਿਤ ਹੋ ਰਹੀ ਹੈ।ਕਵਿੱਤਰੀ ਨੇ ਅਨੇਕਾਂ ਰੇਡੀਓ ਚੈਨਲਾਂ ਅਤੇ ਆਨਲਾਈਨ ਮੁਜ਼ਾਹਰਿਆਂ ਵਿਚ ਵੀ ਰੰਗ ਬਿਖੇਰਿਆ ਹੈ।ਡਾ. ਸਨੋਬਰ ਨੇ ਅਨੇਕਾਂ ਪੁਸਤਕਾਂ ਉੱਪਰ ਕਈ ਆਰਟੀਕਲ ਰੀਵਿਊ ਅਤੇ ਖੋਜ ਪੱਤਰ ਲਿਖੇ ਹਨ ਜੋ ਕੇ ਸ਼ੀਰਾਜਾ,ਆਬਰੂ,ਅਲਖ ਆਦਿ ਕਈ ਮੈਗਜ਼ੀਨਾਂ ਵਿਚ ਅਤੇ “ਅੱਜ ਦੀ ਆਵਾਜ਼ ਅਖ਼ਬਾਰ” ਵਿੱਚ ਵੀ ਛਪ ਚੁੱਕੇ ਹਨ । ਡਾ. ਸਨੋਬਰ ਦਾ ਆਰਟ ਐਂਡ ਕਲਚਰਲ ਅਕੈਡਮੀ ਜੰਮੂ ਕਸ਼ਮੀਰ ਵੱਲੋਂ ਡਾਇਰੈਕਟਰੀ 2017 ਵਿੱਚ ਵੀ ਬਤੌਰ ਲੇਖਿਕਾ ਵਜੋਂ ਨਾਮ ਦਰਜ ਹੈ।ਕਵਿੱਤਰੀ ਦਾ ਆਪਣਾ ਪਲੇਠਾ ਕਾਵਿ ਸੰਗ੍ਰਹਿ ਛਪਾਈ ਅਧੀਨ ਹੈ ਜੋ ਜਲਦੀ ਹੀ ਪਾਠਕਾਂ ਦੇ ਰੂਬਰੂ ਹੋ ਜਾਵੇਗਾ।ਉਸੇ ਵਿੱਚੋਂ ਹੀ ਉਨ੍ਹਾਂ ਦੀ ਕਵਿਤਾ ਕਸ਼ਮੀਰ ਦੀਆਂ ਇਹ ਸਤਰਾਂ ਜੰਨਤ ਵਰਗੇ ਸ਼ਹਿਰ ਦੀ ਸੁੰਦਰਤਾ ਨੂੰ ਬਾਖ਼ੂਬੀ ਬਿਆਨ ਕਰਦੀਆਂ ਹਨ :
ਚਿਨਾਰ ਤੇ ਦੇਵਦਾਰ ਦੇ ਬਿਰਖ, ਰਲ ਮਿਲ ਸੰਵਾਦ ਰਚਾਵਣ,
ਫਿਰ ਲੰਘੀਆਂ ਉਮਰਾਂ ਦਾ ਹਿਸਾਬ ਸਭ ਲਗਾਵਣ,
ਠੰਢੀਆਂ ਫ਼ਿਜ਼ਾਵਾਂ ਤੇ ਕੇਸਰ ਦੀ ਖੁਸ਼ਬੂ ਜ਼ਿਹਨੀ ਸਕੂਨ ਜਗਾਵਣ।
ਰਾਸ਼ਟਰੀ ਕਾਵਿ ਸਾਗਰ ਅਤੇ ਆਸਟ੍ਰੇਲੀਆ ਵਿਚ ਛਪ ਰਹੇ ਕਾਵਿ ਸੰਗ੍ਰਹਿ “ਜਦੋਂ ਅੌਰਤ ਸ਼ਾਇਰ ਹੁੰਦੀ ਹੈ” ਵਿਚ ਵੀ ਡਾ.ਸਨੋਬਰ ਦੀਆਂ ਰਚਨਾਵਾਂ ਛਪੀਆਂ ਹਨ ।ਡਾ. ਸਨੋਬਰ ਦਾ ਆਪਣਾ ਕਾਵਿ ਸੰਗ੍ਰਹਿ “ਫਰਿਸ਼ਤਾ” ਛਪਾਈ ਅਧੀਨ ਹੈ ਜੋ ਜਲਦ ਹੀ ਪਾਠਕਾਂ ਦੇ ਰੂਬਰੂ ਹੋਣ ਵਾਲਾ ਹੈ।ਉਨ੍ਹਾਂ ਦੇ ਸੰਗ੍ਰਹਿ ਦੀਆਂ ਕੁਝ ਸਤਰਾਂ ਇਵੇਂ ਹਨ ਜੋ ਸਮਾਜ ਵਿਚ ਮਾਨਵਤਾ ਦੀ ਵੇਦਨਾ ਤੇ ਜਜ਼ਬਾਤਾਂ ਦਾ ਵਿਆਖਿਆਨ ਤੇ ਸੰਦੇਸ਼ ਦਿੰਦੀਆਂ ਹਨ :
ਇਹ ਇਨਸਾਨ ਕੁਡ਼ੀਆਂ ਚਿਡ਼ੀਆਂ ਨੂੰ ਤੂੰ ਕਿਉਂ ਸ਼ੈਅ ਸਮਝੇ
ਵਜੂਦ ਉਨ੍ਹਾਂ ਦੇ ਨੂੰ ਕਿਉਂ ਛਲਣੀ ਕਰਦੈਂ
ਜਨਮ ਤੋਂ ਪਹਿਲਾਂ ਹੀ ਮਾਰ ਮੁਕਾਵੇ ਤੂੰ
ਪੈਦਾਇਸ਼ ਤੇ ਸੋਗ ਦੇ ਵੈਣ ਫਿਰ ਪਾਵੇਂ ਤੂੰ
ਸਮਾਜ ਵੀ ਸਾਰਾ ਹੁਣ ਬਣ ਗਿਆ ਨਾਬੀਨਾ ਏ
ਲੁੱਟੀ ਅਸਮਤ ਵੱਲ ਵੇਖ ਮੌਨ ਧਾਰਨ ਕਰ ਬੈਠਾ ਏਂ।
ਇਸ ਤਰ੍ਹਾਂ ਡਾ. ਸਨੋਬਰ ਆਪਣੀਆਂ ਨਜ਼ਮਾਂ ਰਾਹੀਂ ਪੰਜਾਬੀ ਸਾਹਿਤ ਵਿੱਚ ਆਪਣੀ ਵਿਸ਼ੇਸ਼ ਜਗ੍ਹਾ ਬਣਾ ਰਹੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਕਵਿੱਤਰੀ ਇਸੇ ਤਰ੍ਹਾਂ ਹੀ ਆਪਣੀਆਂ ਕਵਿਤਾਵਾਂ ਰਾਹੀਂ ਖੂਬਸੂਰਤ ਰੰਗ ਬਿਖੇਰਦੀ ਰਹੇ।
ਆਮੀਨ!
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ -9914880392