ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁ਼ਦ ਨੂੰ ਵਡਿਆਉਣ ਲਈ ਗਾਂਧੀ, ਪਟੇਲ ਸਮੇਤ ਕਿਸੇ ਬਾਰੇ ਵੀ ਕਿੰਤੂ ਪ੍ਰੰਤੂ ਕਰ ਕੇ ਉਨ੍ਹਾਂ ਨੂੰ ਨੀਵਾਂ ਵਿਖਾ ਸਕਦੇ ਹਨ। ਰਾਹੁਲ ਨੇ ਕਿਹਾ ਕਿ ਸ੍ਰੀ ਮੋਦੀ ਵੱਲੋਂ ਕਰਤਾਰਪੁਰ ਪਾਕਿਸਤਾਨ ਵਿੱਚ ਚਲੇ ਜਾਣ ਲਈ ਉਸ ਸਮੇਂ ਦੇ ਆਗੂਆਂ ਦੀ ਸਿਆਣਪ ’ਤੇ ਉਂਗਲੀ ਚੁੱਕਣ ਵਾਲਾ ਬਿਆਨ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ। ਕਾਂਗਰਸ ਪ੍ਰਧਾਨ ਨੇ ਬੁਲੰਦਸ਼ਹਿਰ ਵਿੱਚ ਹਜੂਮੀ ਹਿੰਸਾ ਨੂੰ ਦਰਦਨਾਕ ਤੇ ਸ਼ਰਮਨਾਕ ਕਰਾਰ ਦਿੰਦਿਆਂ ਕਿਹਾ ਕਿ ਮੋਦੀ-ਯੋਗੀ ਰਾਜ ਵਿੱਚ ਹੁਣ ਪੁਲੀਸ ਵਾਲੇ ਵੀ ਅਸੁਰੱਖਿਅਤ ਹਨ। ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਰਾਜਸਥਾਨ ਦੇ ਹਨੂਮਾਨਗੜ੍ਹ ਵਿੱਚ ਚੋਣ ਰੈਲੀ ਕਿਹਾ ਸੀ ਕਿ ਆਜ਼ਾਦੀ ਮੌਕੇ ਕਰਤਾਰਪੁਰ ਪਾਕਿਸਤਾਨ ਵਾਲੇ ਪਾਸੇ ਮਹਿਜ਼ ਇਸ ਲਈ ਰਹਿ ਗਿਆ ਕਿਉਂਕਿ ਉਦੋਂ ਤਤਕਾਲੀਨ ਕਾਂਗਰਸੀ ਆਗੂਆਂ ਵਿੱਚ ਸਿਆਣਪ ਦੀ ਘਾਟ ਸੀ ਤੇ ਉਨ੍ਹਾਂ ਸਿੱਖ ਭਾਵਨਾਵਾਂ ਦਾ ਸਤਿਕਾਰ ਵੀ ਨਹੀਂ ਕੀਤਾ।ਸ੍ਰੀ ਗਾਂਧੀ ਨੇ ਹਿੰਦੀ ਵਿੱਚ ਪਾਈ ਫੇਸਬੁੱਕ ਪੋਸਟ ’ਚ ਕਿਹਾ ਕਿ ਸ੍ਰੀ ਮੋਦੀ ਹੁਣ ਪਟੇਲ ’ਤੇ ਕਿੰਤੂ ਪ੍ਰੰਤੂ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਕਰਤਾਰਪੁਰ ਪਾਕਿਸਤਾਨ ਦੇ ਹਿੱਸੇ ਇਸ ਲਈ ਆਇਆ ਕਿਉਂਕਿ ਤਤਕਾਲੀਨ ਆਗੂਆਂ ’ਚ ਸਿਆਣਪ ਦੀ ਘਾਟ ਸੀ। ਗਾਂਧੀ ਨੇ ਕਿਹਾ, ‘ਪ੍ਰਧਾਨ ਮੰਤਰੀ ਦੇ ਦਿਮਾਗ ਵਿੱਚ ਕੀ ਖਿਚੜੀ ਪੱਕ ਰਹੀ ਹੈ, ਇਸ ਬਾਰੇ ਸਾਫ਼ ਸਾਫ਼ ਬੋਲਣ….ਖ਼ੁਦ ਨੂੰ ਵਡਿਆਉਣ ਲਈ ਉਹ ਗਾਂਧੀ, ਪਟੇਲ ਸਮੇਤ ਕਿਸੇ ਨੂੰ ਵੀ ਨੀਵਾਂ ਵਿਖਾ ਸਕਦੇ ਹਨ।’ ਬੁਲੰਦਸ਼ਹਿਰ ਵਿੱਚ ਹੋਈ ਹਿੰਸਾ ਦੀ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ-ਯੋਗੀ ਦੇ ਰਾਜ ਵਿੱਚ ਆਮ ਆਦਮੀ ਸਮੇਤ ਪੁਲੀਸ ਵਾਲੇ ਵੀ ਖ਼ੌਫ਼ਜ਼ਦਾ ਹਨ।
INDIA ਖ਼ੁਦ ਨੂੰ ਵਡਿਆਉਣ ਲਈ ਮੋਦੀ ਕਿਸੇ ਨੂੰ ਵੀ ਨੀਵਾਂ ਵਿਖਾ ਸਕਦੇ ਨੇ:...