ਬਠਿੰਡਾ-ਚੰਡੀਗੜ੍ਹ ਕੌਮੀ ਸੜਕ ਮਾਰਗ ’ਤੇ ਅੱਜ ਕਿਸਾਨਾਂ ਨੇ ਮੁਕੰਮਲ ਜਾਮ ਲਗਾ ਕੇ ਬਠਿੰਡਾ ਪੁਲੀਸ ਨੂੰ ਲੋਕ ਤਾਕਤ ਦਾ ਸ਼ੀਸ਼ਾ ਦਿਖਾਇਆ। ਅਖੀਰ ਅੱਜ ਜ਼ਿਲ੍ਹਾ ਪੁਲੀਸ ਨੂੰ ਹਜ਼ਾਰਾਂ ਕਿਸਾਨਾਂ ਦੇ ਇਕੱਠ ਅੱਗੇ ਮੱਠਾ ਪੈਣਾ ਪਿਆ। ਪਿੰਡ ਭੁੱਚੋ ਖੁਰਦ ਲਾਗੇ ਕੌਮੀ ਮਾਰਗ ’ਤੇ ਦੁਪਹਿਰ ਵੇਲੇ ਹਜ਼ਾਰਾਂ ਕਿਸਾਨਾਂ ਤੇ ਮਜ਼ਦੂਰਾਂ ਦੇ ਇਕੱਠ ਨੇ ਧਰਨਾ ਮਾਰ ਦਿੱਤਾ। ਸ਼ਾਮ ਤੱਕ ਮੁੱਖ ਸੜਕ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ। ਜਦੋਂ ਕੋਈ ਹੋਰ ਚਾਰਾ ਨਾ ਦਿੱਖਿਆ ਤਾਂ ਬਠਿੰਡਾ ਰੇਂਜ ਦੇ ਆਈਜੀ ਐੱਮਐੱਫ ਫਾਰੂਕੀ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਨਿਆਂ ਦਾ ਭਰੋਸਾ ਦਿੱਤਾ ਜਿਸ ਮਗਰੋਂ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ। ਦੱਸਣਯੋਗ ਹੈ ਕਿ ਕਿਸਾਨ ਆਗੂ ਮਨਜੀਤ ਸਿੰਘ ਭੁੱਚੋ ਖੁਰਦ ਦੀ ਖੁਦਕੁਸ਼ੀ ਦੇ ਸਬੰਧ ਵਿਚ ਪੁਲੀਸ ਨੇ ਭੁੱਚੋ ਮੰਡੀ ਦੇ ਆੜ੍ਹਤੀਆਂ ’ਤੇ ਕੇਸ ਦਰਜ ਕਰ ਲਿਆ ਸੀ। ਕਿਸਾਨਾਂ ਨੇ ਆੜ੍ਹਤੀਆਂ ਦੀ ਗ੍ਰਿਫ਼ਤਾਰੀ ਲਈ ਸੰਘਰਸ਼ ਵਿੱਢਿਆ। ਜ਼ਿਲ੍ਹਾ ਪੁਲੀਸ ਨੇ ਉਲਟਾ 22 ਜੁਲਾਈ ਨੂੰ ਜ਼ਿਲ੍ਹਾ ਅਦਾਲਤ ਵਿੱਚ ਆੜ੍ਹਤੀਆਂ ਦੇ ਦਰਜ ਕੇਸ ਨੂੰ ਖਾਰਜ ਕਰਾਉਣ ਲਈ ‘ਕੈਂਸਲੇਸ਼ਨ ਰਿਪੋਰਟ’ ਵਾਸਤੇ ਅਰਜ਼ੀ ਲਾ ਦਿੱਤੀ ਜਿਸ ਮਗਰੋਂ ਕਿਸਾਨ ਆਗੂ ਆਪੇ ਤੋਂ ਬਾਹਰ ਹੋ ਗਏ। ਅੱਜ ਰਾਜ ਭਰ ’ਚੋਂ ਹਜ਼ਾਰਾਂ ਕਿਸਾਨ ਇਕੱਠੇ ਹੋਏ ਅਤੇ ਕੌਮੀ ਮਾਰਗ ਜਾਮ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਿਚ ਅੱਜ ਕਿਸਾਨਾਂ ਨੇ ‘ਚੁਣੌਤੀ ਕਬੂਲ ਰੈਲੀ’ ਨੂੰ ਜਾਮ ਵਿੱਚ ਬਦਲ ਦਿੱਤਾ। ਆਗੂਆਂ ਨੇ ਐਲਾਨ ਕੀਤਾ ਕਿ ਉਹ ਬਿਨਾਂ ਨਿਆਂ ਤੋਂ ਨਹੀਂ ਉੱਠਣਗੇ। ਕਿਸਾਨ ਇਕੱਠ ਨੂੰ ਪੁਲੀਸ ਨੇ ਭਾਂਪ ਲਿਆ ਅਤੇ ਫੌਰੀ ਕਿਸਾਨ ਆਗੂਆਂ ਨਾਲ ਮੀਟਿੰਗ ਕਰ ਲਈ। ਭਾਵੇਂ ਮੀਟਿੰਗ ’ਚ ਪੁਲੀਸ ਅਫਸਰਾਂ ਨੇ ਕੋਈ ਠੋਸ ਪੱਲਾ ਨਹੀਂ ਫੜਾਇਆ ਪਰ ਕਿਸਾਨ ਆਗੂਆਂ ਨੇ ਇੱਕ ਵਾਰ ਪੁਲੀਸ ਅਫਸਰਾਂ ’ਤੇ ਭਰੋਸਾ ਕੀਤਾ ਹੈ। ਸ਼ਾਮ ਨੂੰ ਪੁਲੀਸ ਅਫਸਰਾਂ ਨੇ ਮੰਗ ਮੰਨ ਲਏ ਜਾਣ ਦਾ ਸਟੇਜ ਤੋਂ ਐਲਾਨ ਕਰ ਦਿੱਤਾ ਜਿਸ ਮਗਰੋਂ ਜਾਮ ਖੋਲ੍ਹ ਦਿੱਤਾ ਗਿਆ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਪ੍ਰੈੱਸ ਸਕੱਤਰ ਸ਼ਿਗਾਰਾ ਸਿੰਘ ਮਾਨ ਅਤੇ ਔਰਤ ਵਿੰਗ ਦੀ ਪ੍ਰਧਾਨ ਹਰਿੰਦਰ ਕੌਰ ਬਿੰਦੂ ਨੇ ਮੰਗ ਕੀਤੀ ਕਿ ਮਨਜੀਤ ਸਿੰਘ ਦੀ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਆੜ੍ਹਤੀਆਂ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਤੁਰੰਤ ਚਲਾਨ ਪੇਸ਼ ਕਰੇ। ਆਗੂਆਂ ਨੇ ਆਖਿਆ ਕਿ ਕੈਪਟਨ ਸਰਕਾਰ ਪੂਰੀ ਤਰ੍ਹਾਂ ਆੜ੍ਹਤੀਆਂ ਦੀ ਪਿੱਠ ’ਤੇ ਡਟ ਗਈ ਹੈ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦਾ ਰਾਹ ਖੋਲ੍ਹਣ ਲੱਗੀ ਹੈ। ਆਗੂਆਂ ਨੇ ਆਖਿਆ ਕਿ ਸੂਦਖੋਰੀ ਨੂੰ ਠੱਲ੍ਹਣ ਲਈ ਸਰਕਾਰ ਨੇ ਹਾਲੇ ਤੱਕ ਕੋਈ ਕਦਮ ਨਹੀਂ ਚੁੱਕਿਆ ਹੈ। ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਭੱਜਣਾ ਵੀ ਇਹੋ ਸੰਕੇਤ ਕਰਦਾ ਹੈ। ਇਸ ਦੌਰਾਨ ਮੀਂਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਵੀ ਉਠਾਈ ਗਈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਕਿਸਾਨ ਮਜ਼ਦੂਰ ਏਕੇ ਦੀ ਮਜ਼ਬੂਤੀ ਦਾ ਸੱਦਾ ਦਿੱਤਾ। ਕਿਸਾਨ ਇਕੱਠ ਵੱਲੋਂ ਵਿਸ਼ੇਸ਼ ਮਤੇ ਪਾਸ ਕਰਕੇ ਜਵਾਹਰੇਵਾਲਾ (ਮੁਕਤਸਰ) ’ਚ ਦੋ ਮਜ਼ਦੂਰਾਂ ਦੇ ਕਾਤਲਾਂ ਅਤੇ ਮੀਮਸਾ ਤੇ ਤੋਲੇਵਾਲ (ਸੰਗਰੂਰ) ’ਚ ਮਜ਼ਦੂਰ ਆਗੂਆਂ ਸਮੇਤ ਹੋਰ ਮਜ਼ਦੂਰਾਂ ਦੀ ਅੰਨ੍ਹੇਵਾਹ ਕੁੱਟ-ਮਾਰ ਕਰਨ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਜਾਮ ਦੌਰਾਨ ਸੂਬਾ ਸੰਗਠਨ ਸਕੱਤਰ ਹਰਦੀਪ ਟੱਲੇਵਾਲ, ਸੂਬਾ ਮੀਤ ਪ੍ਰਧਾਨ ਜਨਕ ਭੁਟਾਲ, ਜਸਵਿੰਦਰ ਸੋਮਾ ਲੌਂਗੋਵਾਲ, ਹਰਜਿੰਦਰ ਬੱਗੀ (ਬਠਿੰਡਾ), ਰਾਮ ਸਿੰਘ ਭੈਣੀਬਾਘਾ (ਮਾਨਸਾ), ਚਮਕੌਰ ਸਿੰਘ ਬਰਨਾਲਾ, ਅਮਰੀਕ ਗੰਢੂਆਂ ਸੰਗਰੂਰ, ਸੁਦਾਗਰ ਸਿੰਘ ਘੜਾਣੀ ਕਲਾਂ, ਅਮਰਜੀਤ ਸੈਦੋਕੇ ਮੋਗਾ, ਪੂਰਨ ਸਿੰਘ ਦੋਦਾ ਮੁਕਤਸਰ, ਜੋਗਿੰਦਰ ਸਿੰਘ ਫਾਜ਼ਿਲਕਾ, ਭਾਗ ਸਿੰਘ ਫਿਰੋਜ਼ਪੁਰ, ਮੋਹਨਾ ਸਿੰਘ ਬਾੜਾ ਭਾਈਕਾ, ਲਖਵਿੰਦਰ ਸਿੰਘ ਗੁਰਦਾਸਪੁਰ, ਕੁਲਦੀਪ ਸਿੰਘ ਅੰਮ੍ਰਿਤਸਰ ਨੇ ਵੀ ਸੰਬੋਧਨ ਕੀਤਾ।
HOME ਖ਼ੁਦਕੁਸ਼ੀ ਮਾਮਲਾ: ਬਠਿੰਡਾ-ਚੰਡੀਗੜ੍ਹ ਮਾਰਗ ’ਤੇ ਗਰਜੇ ਕਿਸਾਨ