ਅੰਮ੍ਰਿਤਸਰ (ਸਮਾਜਵੀਕਲੀ): ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਨ ਦੀ ਵਿਉਂਤਬੰਦੀ ਕਰ ਲਈ ਹੈ। ਕਾਂਗਰਸੀ ਵਿਧਾਇਕਾਂ ਨੇ ਨਾ ਸਿਰਫ ਬਿਆਨ ’ਤੇ ਸਖ਼ਤ ਇਤਰਾਜ਼ ਜਤਾਇਆ ਹੈ ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਪੂਰੇ ਮਾਮਲੇ ਵਿੱਚ ਆਪਣੀ ਸਥਿਤੀ ਸਪਸ਼ਟ ਕਰਨ ਲਈ ਆਖਿਆ ਹੈ।
ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ, ਦੱਖਣੀ ਹਲਕੇ ਤੋਂ ਇੰਦਰਬੀਰ ਸਿੰਘ ਬੁਲਾਰੀਆ ਅਤੇ ਉੱਤਰੀ ਹਲਕੇ ਤੋਂ ਸੁਨੀਲ ਦੱਤੀ ਨੇ ਇਕ ਸਾਂਝੇ ਬਿਆਨ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਖ਼ਾਲਿਸਤਾਨ ਸਬੰਧੀ ਬਿਆਨਾਂ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰ ਸਰਕਾਰ ਕੋਲੋਂ ਵੀ ਜਵਾਬ ਮੰਗਿਆ ਹੈ। ਉਨ੍ਹਾਂ ਆਖਿਆ ਕਿ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਖ਼ਾਲਿਸਤਾਨ ਸਬੰਧੀ ਦਿੱਤੇ ਬਿਆਨ ਬਾਰੇ ਉਨ੍ਹਾਂ ਦੇ ਕੀ ਵਿਚਾਰ ਹਨ?
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਕ ਵਿਧਾਨਕ ਸੰਸਥਾ ਹੈ, ਜੋ ਸੰਵਿਧਾਨ ਤਹਿਤ ਕੰਮ ਕਰਦੀ ਹੈ, ਪਰ ਉਸ ਦੇ ਪ੍ਰਧਾਨ ਵੱਲੋਂ ਗ਼ੈਰਸੰਵਿਧਾਨਕ ਬਿਆਨ ਦੇਣਾ ਕਿੱਥੋਂ ਤਕ ਠੀਕ ਹੈ? ਇਸ ਸਬੰਧੀ ਕੇਂਦਰੀ ਮੰਤਰੀ ਆਪਣਾ ਜਵਾਬ ਦੇਣ। ਉਨ੍ਹਾਂ ਕਿਹਾ ਕਿ ਜਥੇਦਾਰ ਨੇ ਜਨਤਕ ਰੂਪ ਵਿਚ ਖ਼ਾਲਿਸਤਾਨ ਦੀ ਮੰਗ ਦਾ ਸਮਰਥਨ ਕੀਤਾ ਹੈ। ਹਰਸਿਮਰਤ ਕੌਰ ਬਾਦਲ, ਜੋ ਇਸ ਵੇਲੇ ਕੇਂਦਰ ਸਰਕਾਰ ਵਿੱਚ ਪੰਜਾਬੀਆਂ ਦੀ ਪ੍ਰਤੀਨਿਧ ਵਜੋਂ ਸ਼ਾਮਲ ਹਨ, ਕੀ ਉਹ ਇਸ ਮੰਗ ਨਾਲ ਸਹਿਮਤ ਹਨ ਅਤੇ ਇਸ ਨੂੰ ਮੰਤਰੀ ਮੰਡਲ ਵਿਚ ਰੱਖਣਗੇ? ਉਨ੍ਹਾਂ ਆਖਿਆ ਕਿ ਸ੍ਰੀਮਤੀ ਬਾਦਲ ਯਾਦ ਰੱਖਣ ਕਿ ਉਹ ਹਿੰਦੂ ਅਤੇ ਸਿੱਖਾਂ ਦੋਵਾਂ ਵੱਲੋਂ ਚੁਣੇ ਹੋਏ ਪ੍ਰਤੀਨਿਧ ਹਨ।
ਕਾਂਗਰਸੀ ਵਿਧਾਇਕਾਂ ਨੇ ਆਖਿਆ ਕਿ ਜਥੇਦਾਰ ਵਲੋਂ ਦੋਸ਼ ਲਾਇਆ ਗਿਆ ਹੈ ਕਿ ਸਰਕਾਰਾਂ ਦੇ ਵਤੀਰੇ ਸਿੱਖ ਵਿਰੋਧੀ ਰਹੇ ਹਨ। ਕੀ ਹਰਸਿਮਰਤ ਕੌਰ ਬਾਦਲ ਸਿੱਖਾਂ ਦੇ ਹਿੱਤਾਂ ਦੀ ਰਾਖੀ ਲਈ ਸਿੱਖ ਵਿਰੋਧੀ ਸਰਕਾਰ ਵਿੱਚੋਂ ਅਸਤੀਫਾ ਦੇਣਗੇ? ਕੀ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਸਿੱਖ ਹਿੱਤਾਂ ਲਈ ਭਾਜਪਾ ਸਰਕਾਰ ਨਾਲੋਂ ਨਾਤਾ ਤੋੜਨਗੇ। ਉਨ੍ਹਾਂ ਪੁੱਛਿਆ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇਸ਼ ਵਿਚ ਵੱਖਵਾਦੀ ਏਜੰਡੇ ਦੀ ਹਮਾਇਤ ਕਰਦਾ ਹੈ?
ਇਸ ਸਬੰਧੀ ਭਾਜਪਾ ਵਲੋਂ ਦਿੱਤੇ ਬਿਆਨ ਬਾਰੇ ਸ਼੍ਰੋਮਣੀ ਅਕਾਲੀ ਦਲ ਆਪਣੀ ਸਥਿਤੀ ਸਪੱਸ਼ਟ ਕਰੇ। ਚੇਤੇ ਰਹੇ ਕਿ ਲੰਘੇ ਦਿਨ ਘੱਲੂਘਾਰਾ ਦਿਵਸ ਮੌਕੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਿਸਤਾਨ ਦੀ ਮੰਗ ਅਤੇ ਖਾਲਿਸਤਾਨੀ ਨਾਅਰਿਆਂ ਨੂੰ ਜਾਇਜ਼ ਠਹਿਰਾਇਆ ਸੀ। ਉਨ੍ਹਾਂ ਆਖਿਆ ਸੀ ਕਿ ਜੇ ਕੇਂਦਰ ਸਰਕਾਰ ਖ਼ਾਲਿਸਤਾਨ ਦਿੰਦੀ ਹੈ ਤਾਂ ਉਹ ਇਸ ਨੂੰ ਲੈਣਗੇ। ਉਨ੍ਹਾਂ ਆਖਿਆ ਕਿ ਹਰ ਸਿੱਖ ਖਾਲਿਸਤਾਨ ਦੀ ਮੰਗ ਕਰਦਾ ਹੈ।