ਖਰੀਦ ਏਜੰਸੀਆਂ ਵੱਲੋਂ ਮਾਨਸਾ ਜ਼ਿਲ੍ਹੇ ’ਚ ਦੋ ਦਿਨਾਂ ਲਈ ਖਰੀਦ ਦਾ ਬਾਈਕਾਟ

ਪੰਜਾਬ ਸਰਕਾਰ ਦੀਆ ਖਰੀਦ ਏਜੰਸੀਆਂ ਦੀ ਤਾਲਮੇਲ ਕਮੇਟੀ ਵੱਲੋਂ ਮਾਨਸਾ ਜ਼ਿਲ੍ਹੇ ਵਿਚ ਅੱਜ ਤੋਂ 48 ਘੰਟਿਆਂ ਲਈ ਕਣਕ ਦੀ ਖਰੀਦ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਗਿਆ ਹੈ। ਇਨ੍ਹਾਂ ਖਰੀਦ ਏਜੰਸੀਆਂ ਦੇ ਹੱਕ ਵਿਚ ਐਫਸੀਆਈ ਦੇ ਕਰਮਚਾਰੀ ਵੀ ਆ ਗਏ ਹਨ। ਬੀਤੀ ਕੱਲ੍ਹ ਮਾਰਕਫੈਡ ਦੇ ਜ਼ਿਲ੍ਹਾ ਮੈਨੇਜਰ ਅਤੇ ਇਕ ਨਿਰੀਖਕ ਨੂੰ ਭੈਣੀਬਾਘਾ ਵਿਚ ਅਤੇ ਪਨਸਪ ਦੇ ਇਕ ਇੰਸਪੈਕਟਰ ਨੂੰ ਉਭਾ ਦੀ ਅਨਾਜ ਮੰਡੀ ਵਿਚ ਬੰਦੀ ਬਣਾਇਆ ਗਿਆ ਸੀ। ਤਾਲਮੇਲ ਕਮੇਟੀ ਦਾ ਕਹਿਣਾ ਹੈ ਕਿ ਮਾਲਵਾ ਖੇਤਰ ਵਿਚ ਲਗਾਤਾਰ ਪਏ ਮੀਂਹਾਂ ਕਾਰਨ ਕਣਕ ਦੇ ਦਾਣਿਆਂ ਵਿਚ ਸਿੱਲ੍ਹ ਵਧੀ ਹੋਈ ਹੈ, ਜਿਸ ਕਾਰਨ ੰਡਾਂ ਤੋਂ ਜ਼ਿਆਦਾ ਹੋਣ ਕਾਰਨ ਜਿਣਸ ਦੀ ਬੋਲੀ ਲਾਉਣਾ ਸਰਕਾਰੀ ਨਿਯਮਾਂ ਦੇ ਉਲਟ ਹੈ, ਜਦੋਂ ਕਿ ਕਿਸਾਨ ਅਤੇ ਆੜਤੀਆ ਜਥੇਬੰਦੀਆਂ ਦੀ ਵਧੀ ਹੋਈ ਦਖਲਅੰਦਾਜ਼ੀ ਉਨ੍ਹਾਂ ਦੇ ਕੰਮ ਵਿਚ ਵੱਡਾ ਵਿਘਨ ਪਾਉਣ ਲੱਗੀਆਂ ਹਨ।
ਖਰੀਦ ਏਜੰਸੀਆਂ ਦੇ ਕਰਮਚਾਰੀਆਂ ਦੀ ਸਾਂਝੀ ਮੀਟਿੰਗ ਵਿਚ ਸਰਬਸੰਮਤੀ ਨਾਲ ਬਾਈਕਾਟ ਦਾ ਫੈਸਲਾ ਲਿਆ ਗਿਆ ਹੈ, ਜਿਸ ਤੋਂ ਉਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ। ਜਾਰੀ ਕੀਤੇ ਪ੍ਰੈਸ ਨੋਟ ਵਿਚ ਪੰਜਾਬ ਐਗਰੋ ਵੱਲੋਂ ਜ਼ਿਲ੍ਹਾ ਪ੍ਰਧਾਨ ਰਛਪ੍ਰੀਤ ਸਿੰਘ, ਪਨਗਰੇਨ ਵੱਲੋਂ ਰਾਜਵਿੰਦਰ ਸਿੰਘ ਅਕਲੀਆ ਅਤੇ ਜਗਦੇਵ ਸਿੰਘ, ਪਨਸਪ ਵੱਲੋਂ ਮਨਦੀਪ ਸਿੰਘ ਅਤੇ ਰਾਜਿੰਦਰ ਸਿੰਘ ਸਿੱਧੂ, ਮਾਰਕਫੈਡ ਦੇ ਹਰਪਾਲ ਸਿੰਘ ਅਤੇ ਗਗਨਦੀਪ ਸਿੰਘ, ਵੇਅਰਹਾਊਸ ਦੇ ਆਦਿਸ਼ ਕੁਮਾਰ ਨੇ ਸਟਾਫ ਵੱਲੋ ਡਿਪਟੀ ਕਮਿਸ਼ਨਰ ਮਾਨਸਾ ਪਾਸੋਂ ਮੰਗ ਕੀਤੀ ਹੈ ਕਿ ਸਮੂਹ ਕਿਸਾਨ ਯੂਨੀਅਨ ਅਤੇ ਆੜਤੀਆ ਦੇ ਨੁਮਾਇੰਦਿਆਂ ਦੀ ਮੀਟਿੰਗ ਬੁਲਾਕੇ ਉਨ੍ਹਾਂ ਨੂੰ ਖਰੀਦ ਦੇ ਕੰਮ ਵਿਚ ਵਿਘਨ ਪਾਉਣ ਅਤੇ ਖਰੀਦ ਨਿਰੀਖਕਾਂ ਨਾਲ ਦੁਰਵਿਵਹਾਰ ਕਰਨ ਤੋਂ ਰੋਕਿਆ ਜਾਵੇ ਅਤੇ ਖਰੀਦ ਕੇਂਦਰਾਂ ਵਿਚ ਪਈ ਵੱਧ ਨਮੀ ਵਾਲੀ ਕਣਕ ਮੰਡੀਆਂ ਵਿਚੋ ਚੁਕਵਾਈ ਜਾਵੇ।

Previous articleਭੁੱਚੋ ਕਲਾਂ ’ਚ ਨੌਜਵਾਨ ਦਾ ਕਤਲ
Next articleਡੇਰਾ ਸਿਰਸਾ ਨੇ ਬਠਿੰਡਾ ਹਲਕੇ ’ਚ ਦਿਖਾਈ ਤਾਕਤ