ਖਨੌਰੀ (ਸਮਾਜ ਵੀਕਲੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਪੰਜਾਬ ਦੇ ਪੰਜ ਜ਼ਿਲ੍ਹਿਆਂ ਸੰਗਰੂਰ, ਬਰਨਾਲਾ, ਲੁਧਿਆਣਾ, ਬਰਨਾਲਾ ਤੇ ਮਾਨਸਾ ਨਾਲ ਸਬੰਧਤ ਕਰੀਬ 15 ਹਜ਼ਾਰ ਕਿਸਾਨਾਂ ਦਾ ਵੱਡਾ ਕਾਫ਼ਲਾ ਸੈਂਕੜੇ ਵਾਹਨਾਂ ਰਾਹੀਂ ਅੱਜ ਖਨੌਰੀ ਬਾਰਡਰ ਤੋਂ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਅੱਜ ਖਨੌਰੀ ਬਾਰਡਰ ’ਤੇ ਦਿੱਲੀ ਕੂਚ ਕਰਨ ਵਾਲੇ ਕਿਸਾਨਾਂ, ਕਿਸਾਨ ਬੀਬੀਆਂ, ਬੱਚਿਆਂ ਅਤੇ ਨੌਜਵਾਨਾਂ ਦਾ ਹੜ੍ਹ ਆਇਆ ਹੋਇਆ ਸੀ ਜੋ ਕਿ ਟਰੈਕਟਰ-ਟਰਾਲੀਆਂ, ਬੱਸਾਂ, ਟਰੱਕਾਂ, ਜੀਪਾਂ, ਟੈਂਪੂਆਂ ਤੇ ਹੋਰ ਵਾਹਨਾਂ ’ਚ ਸਵਾਰ ਸਨ।
ਅੱਜ ਸੰਘਣੀ ਧੁੰਦ ਅਤੇ ਠੰਢ ਦੀ ਪ੍ਰਵਾਹ ਨਾ ਕਰਦਿਆਂ ਹਜ਼ਾਰਾਂ ਕਿਸਾਨ ਵੱਖ ਵੱਖ ਸਾਧਨਾਂ ਰਾਹੀਂ ਖਨੌਰੀ ਬਾਰਡਰ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਬਾਅਦ ਦੁਪਹਿਰ ਕਰੀਬ ਇੱਕ ਵਜੇ ਹਜ਼ਾਰਾਂ ਕਿਸਾਨਾਂ ਦਾ ਵੱਡਾ ਕਾਫ਼ਲਾ ਦਿੱਲੀ ਰਵਾਨਾ ਹੋਇਆ। ਸਮੁੱਚੇ ਪ੍ਰਬੰਧਾਂ ਦੀ ਦੇਖ-ਰੇਖ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੂਟਾਲ, ਦਰਬਾਰਾ ਸਿੰਘ ਛਾਜਲਾ ਅਤੇ ਹੋਰ ਵੱਖ ਵੱਖ ਜ਼ਿਲ੍ਹਿਆਂ ਦੇ ਆਗੂ ਕਰ ਰਹੇ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਜਥੇਬੰਦੀ ਦੇ ਆਗੂ ਜਗਤਾਰ ਸਿੰਘ ਕਾਲਾਝਾੜ ਅਤੇ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕਿ ਅੱਜ ਸੈਂਕੜੇ ਵਾਹਨਾਂ ਰਾਹੀਂ ਸੰਗਰੂਰ, ਬਰਨਾਲਾ, ਲੁਧਿਆਣਾ, ਪਟਿਆਲਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਕਰੀਬ 15 ਹਜ਼ਾਰ ਕਿਸਾਨ ਦਿੱਲੀ ਰਵਾਨਾ ਹੋਏ ਹਨ ਜੋ ਕਿ ਦਿੱਲੀ ਦੇ ਟਿਕਰੀ ਬਾਰਡਰ ’ਤੇ ਚੱਲ ਰਹੇ ਸੰਘਰਸ਼ੀ ਮੋਰਚੇ ਵਿਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਭਲਕੇ 27 ਦਸੰਬਰ ਨੂੰ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਕਰੀਬ 15 ਹਜ਼ਾਰ ਹੋਰ ਕਿਸਾਨ ਡੱਬਵਾਲੀ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨਗੇ।
ਕਿਸਾਨ ਆਗੂਆਂ ਨੇ ਦੱਸਿਆ ਕਿ ਦਿੱਲੀ ਨੂੰ ਰਵਾਨਾ ਹੋਏ ਕਿਸਾਨ ਅੱਜ ਹਰਿਆਣਾ ਦੇ ਜ਼ਿਲ੍ਹਾ ਜੀਂਦ ਨੇੜਲੇ ਪਿੰਡਾਂ ਰਾਤ ਰੁਕਣਗੇ ਜਿੱਥੇ ਹਰਿਆਣਾ ਦੇ ਕਿਸਾਨਾਂ ਵੱਲੋਂ ਉਨ੍ਹਾਂ ਲਈ ਪ੍ਰਬੰਧ ਕੀਤੇ ਗਏ ਹਨ। ਭਲਕੇ 27 ਦਸੰਬਰ ਨੂੰ ਸਵੇਰੇ ਕਿਸਾਨਾਂ ਦਾ ਇਹ ਵੱਡਾ ਕਾਫ਼ਲਾ ਦਿੱਲੀ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜਦੋਂ ਖਨੌਰੀ ਬਾਰਡਰ ਤੋਂ ਪਿਛਲੇ ਮਹੀਨੇ ਕਾਫ਼ਲਾ ਹਰਿਆਣਾ ਸਰਕਾਰ ਦੀਆਂ ਰੋਕਾਂ ਤੋੜ ਕੇ ਦਿੱਲੀ ਰਵਾਨਾ ਹੋਇਆ ਸੀ, ਅੱਜ ਵੀ ਕਿਸਾਨਾਂ ’ਚ ਪੂਰਾ ਜੋਸ਼ ਹੈ ਅਤੇ ਹੌਸਲੇ ਬੁਲੰਦ ਹਨ।