ਮਾਨਸਾ- ਕਰੋਨਾ ਦੀ ਰੋਕਥਾਮ ਲਈ ਲਗਾਏ ਕਰਫਿਊ ਦੇ ਚਲਦਿਆਂ ਘਰਾਂ ’ਚ ਬੰਦ ਲੋਕਾਂ ਦਾ ਰਾਸ਼ਨ ਮੁੱਕਣ ਲੱਗ ਪਿਆ ਹੈ। ਜੇਕਰ ਇਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਅਗਲੇ ਇੱਕ ਦੋ ਦਿਨਾਂ ਤੱਕ ਕੋਈ ਮਜ਼ਦੂਰੀ ਜਾਂ ਸਰਕਾਰੀ ਮਦਦ ਨਹੀਂ ਮਿਲਦੀ ਤਾਂ ਇਹ ਲੋਕ ਭੁੱਖ ਮਰੀ ਦਾ ਸ਼ਿਕਾਰ ਹੋਣ ਲੱਗ ਜਾਣਗੇ। ਵੱਖ ਵੱਖ ਪਿੰਡਾਂ ਤੋਂ ਪ੍ਰਾਪਤ ਜਾਣਕਾਰੀਆਂ ਮੁਤਾਬਿਕ ਸਭ ਤੋਂ ਮੰਦੀ ਹਾਲਤ ਉਨ੍ਹਾਂ ਵੱਡੇ ਮਜ਼ਦੂਰ ਪਰਿਵਾਰਾਂ ਦੀ ਹੈ, ਜਿ਼ਨ੍ਹਾਂ ਵਿੱਚ ਕਮਾਈ ਕਰਨ ਵਾਲਾ ਸਿਰਫ਼ ਇੱਕੋ ਹੀ ਮਰਦ ਹੈ। ਦੂਸਰੀ ਵੱਡੇ ਪ੍ਰੇਸ਼ਾਨੀ ਉਨ੍ਹਾਂ ਵਿਧਵਾਵਾਂ ਨੂੰ ਹੈ, ਜਿਨ੍ਹਾਂ ਦੇ ਸਿਰ ਦੇ ਸਾਈਂ ਨਹੀਂ ਹਨ ਅਤੇ ਉਹ ਖੁਦ ਕਮਾ ਕੇ ਪਰਿਵਾਰ ਦਾ ਪੇਟ ਪਾਲ ਰਹੀਆਂ ਸਨ। ਪ੍ਰਾਪਤ ਜਾਣਕਾਰੀ ਮੁਤਾਬਿਕ ਖਿਆਲਾ ਕਲਾਂ ’ਚ 215 ਵਿਧਵਾਵਾਂ, ਮਲਕਪੁਰ ’ਚ 55, ਕੋਟ ਲੱਲੂ ’ਚ 45, ਖਿਆਲਾ ਖੁਰਦ ’ਚ 35 ,ਮਾਨਸਾ ਖੁਰਦ ’ਚ 32, ਕੈਂਚੀਆਂ 20, ਚਕੇਰੀਆਂ 45 ਅਤੇ ਖਿੱਲਣ ਪਿੰਡ ਵਿੱਚ 32 ਵਿਧਵਾ ਔਰਤਾਂ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਔਰਤਾਂ ਦੇ ਘਰਾਂ ਦੇ ਚੁੱਲ੍ਹੇ ਰਾਸ਼ਣ ਮੁੱਕਣ ਕਰ ਕੇ ਠੰਡੇ ਹੋਣ ਲੱਗ ਪਏ ਹਨ। ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡਾਂ ਦੀ ਪੰਚਾਇਤਾਂ ਨੇ ਮੰਗ ਕੀਤੀ ਹੈ ਪਿੰਡ ਦੇ ਅੱਧੋ ਵੱਧ ਲੋੜਵੰਦ ਅਤੇ ਮਜ਼ਦੂਰ ਪਰਿਵਾਰਾਂ ਦੀ ਮਦਦ ਕੀਤੀ ਜਾਵੇ।
ਸਮਾਲਸਰ, (ਪੱਤਰ ਪ੍ਰੇਰਕ): ਗਰੀਬ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਲਈ ਹੁਣ ਬੇਗਾਨੇ ਹੱਥਾਂ ਵੱਲ ਝਾਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਾਹਿਤਕਾਰ, ਅਮਰੀਕ ਸਿੰਘ ਤਲਵੰਡੀ, ਸ਼ਰਨਜੀਤ ਬੈਂਸ, ਪਰਵਾਸੀ ਭਾਰਤੀ ਸਾਹਿਤਕਾਰ ਬਲਜਿੰਦਰ ਸੰਘਾ ਅਤੇ ਜਸਵੀਰ ਭਲੂਰੀਏ ਨੇ ਕੀਤਾ। ਉਨ੍ਹਾਂ ਕਿਹਾ ਕਿ ਕਰਫਿਊ ਕਾਰਨ ਰੋਜ਼ ਕਮਾਉਣ ਵਾਲੇ ਪਰਿਵਾਰ ਵਿਹਲੇ ਘਰਾਂ ’ਚ ਬੈਠੇ ਦੋ ਵਕਤ ਦੀ ਰੋਟੀ ਦੀ ਉਡੀਕ ਕਰ ਰਹੇ ਹਨ।
INDIA ਖਤਮ ਹੋਣ ਲੱਗਿਆ ਲੋੜਵੰਦ ਪਰਿਵਾਰਾਂ ਦਾ ਰਾਸ਼ਨ