ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਬਲਾਕ ਤਲਵਾੜਾ ਅਤੇ ਹਾਜੀਪੁਰ ’ਚ ਨਾਜ਼ਾਇਜ਼ ਖਣਨ ਦਾ ਕਾਰੋਬਾਰ ਜਾਰੀ ਹੈ। ਲੋਕ ਵਿਰੋਧ ਅਤੇ ਸੱਤਾ ਤਬਦੀਲੀ ਉਪਰੰਤ ਬੰਦ ਸਟੋਨ ਕਰੱਸ਼ਰ ਪੰਚਾਇਤੀ ਚੋਣਾਂ ਦੌਰਾਨ ਮੁੜ ਚਾਲੂ ਹੋ ਗਏ ਹਨ। ਹਾਜੀਪੁਰ ’ਚ ਸਰਗਰਮ ਖਣਨ ਮਾਫੀਆ ਵਾਹੀਯੋਗ ਜ਼ਮੀਨਾਂ ਨੂੰ ਨਿਗਲ਼ਦਾ ਜਾ ਰਿਹਾ ਹੈ। ਖ਼ੇਤਰ ਦੇ ਪਿੰਡ ਸੰਧਵਾਲ, ਬੇਲਾ ਸਰਿਆਣਾ, ਕਾਂਜੂਪੀਰ, ਗੋਦਾ-ਵਜੀਰਾਂ, ਖੁੰਡਾ ਕੁੱਲੀਆਂ, ਨੌਸ਼ਹਿਰਾ ਸਿੰਬਲੀ, ਟੋਟੇ ਅਜਮੇਰਾਂ, ਹੰਦਵਾਲ, ਚੱਕਮੀਰਪੁਰ-ਕੋਠੀ, ਚੰਗੜਵ ਦੇ ਕਰੀਬ ਦਰਜਨ ਤੋਂ ਵੱਧ ਪਿੰਡਾਂ ’ਚ ਵਾਹੀਯੋਗ ਜ਼ਮੀਨ ਤਬਾਹ ਕਰ ਦਿੱਤੀ ਹੈ ਅਤੇ ਕਰੱਸ਼ਰ ਮਾਫੀਆ ਨੇ ਪੰਚਾਇਤੀ ਜ਼ਮੀਨਾਂ ਨੂੰ ਵੀ ਨਹੀਂ ਬਖਸ਼ਿਆ। ਤਲਵਾੜਾ ਖ਼ੇਤਰ ’ਚ ਸਵਾਂ ਦਰਿਆ ਕੰਢੇ ਸਿਆਸੀ ਅਸਰ ਰਸੂਖ ਰੱਖਣ ਵਾਲੇ ਲੋਕਾਂ ਵੱਲੋਂ ਸਟੋਨ ਕਰੱਸ਼ਰ ਸਥਾਪਿਤ ਕੀਤੇ ਗਏ ਹਨ, ਜੰਗਲਾਤ ਐਕਟ ਦੀ ਦਫਾ 4 ਅਤੇ 5 ਅਧੀਨ ਆਉਂਦੇ ਜ਼ਿਆਦਾਤਰ ਰਕਬੇ ’ਚੋਂ ਕਰੱਸ਼ਰ ਮਾਫੀਆ ਵੱਲੋਂ ਵੱਡੇ ਪੱਧਰ ’ਤੇ ਖੁਦਾਈ ਕੀਤੀ ਜਾ ਰਹੀ ਹੈ। ਸਵਾਂ ਦਰਿਆ ਦਾ ਬੈੱਡ 25-30 ਫੁੱਟ ਡੂੰਘਾ ਹੋ ਗਿਆ ਹੈ। ਬਲਾਕ ਤਲਵਾੜਾ ਅਧੀਨ ਆਉਂਦੇ ਨੀਮ ਪਹਾੜੀ ਪਿੰਡ ਸੁਖਚੈਨਪੁਰ ਵਿੱਚ ਬੰਦ ਸਟੋਨ ਕਰੱਸ਼ਰ ਨੂੰ ਚਾਲੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੁਖਚੈਨਪੁਰ ਵਿਚ ਖਣਨ ਮਾਫੀਆ ਵੱਲੋਂ ਖੱਡ ਦੱਸ ਕੇ ਪਹਾੜਾਂ ਦੀ ਕਟਾਈ ਕੀਤੀ ਜਾਂਦੀ ਸੀ। ਪਿੰਡ ਵਾਸੀਆਂ ਦੇ ਵਿਰੋਧ ਕਾਰਨ ਡੇਢ ਸਾਲ ਤੋਂ ਕਰੱਸ਼ਰ ਬੰਦ ਹੈ। ਕੰਢੀ ਖ਼ੇਤਰ ’ਚ ਡੇਢ ਦਰਜਨ ਤੋਂ ਵਧ ਕਰੱਸ਼ਰ ਚੱਲ ਰਹੇ ਹਨ। ਸੂਤਰਾਂ ਅਨੁਸਾਰ ਖਣਨ ਮਾਫੀਆ ਖ਼ੇਤਰ ’ਚ ਖਣਨ ਗਤੀਵਿਧੀਆਂ ਜਾਰੀ ਅਤੇ ਕਾਗਜ਼ੀ ਕਾਰਵਾਈ ਨੂੰ ਪੂਰਾ ਰੱਖਣ ਲਈ ਨਵੀਆਂ ਪੰਚਾਇਤਾਂ ਤੋਂ ਇਤਰਾਜ਼ ਨਹੀਂ ਸਰਟੀਫਿਕੇਟ (ਐਨਓਸੀ) ਲਈ ਕਰੱਸ਼ਰ ਮਾਲਕ ਸੱਤਾਧਾਰੀ ਧਿਰ ਦੇ ਆਗੂਆਂ ਨਾਲ ਸਰਪੰਚਾਂ ਤੱਕ਼ ਪਹੁੰਚ ਕਰਕੇ ਲਾਲਚ ਦੇ ਰਹੇ ਹਨ। ਉਧਰ ਪਿੰਡਾਂ ’ਚੋਂ ਖਣਨ ਸਮੱਗਰੀ ਨਾਲ ਭਰੀਆਂ ਗੱਡੀਆਂ ਦੇ ਲਾਂਘੇ ’ਤੇ ਲੋਕਾਂ ਵੱਲੋਂ ਰੋਕ ਲਗਾਏ ਜਾਣ ਤੋਂ ਬਾਅਦ ਖਣਨ ਮਾਫੀਆ ਨੇ ਨਹਿਰਾਂ ਦੇ ਪੁੱਲਾਂ, ਪਟੜੀਆਂ ਅਤੇ ਸਰਕਾਰੀ ਜ਼ਮੀਨਾਂ ’ਤੇ ਜਬਰੀ ਰਸਤੇ ਬਣਾ ਲਏ ਹਨ। ਭਾਰੀਆਂ ਗੱਡੀਆਂ ਦੀ ਆਵਾਜਾਈ ਕਾਰਨ ਸ਼ਾਹ ਨਹਿਰ ਬੈਰਾਜ ’ਚੋਂ ਨਿਕਲਦੀ ਮੁਕੇਰੀਆਂ ਹਾਈਡਲ ਨਹਿਰ ਦੀ ਪਟੜੀ ਅਤੇ ਕਈ ਪੁਲ ਨੁਕਸਾਨੇ ਗਏ ਹਨ, ਨਹਿਰ ਦੀਆਂ ਸਲੈਬਾਂ ਥਾਂ-ਥਾਂ ਤੋਂ ਬੈਠ ਗਈਆਂ ਹਨ, ਪਾਵਰ ਹਾਊਸ ਨੰਬਰ-1 ਦੇ ਹੇਠਾਂ ਬਣੇ ਬਾਈਪਾਸ ਬ੍ਰਿਜ ਦੇ ਬੈਠਣ ਦਾ ਖਦਸ਼ਾ ਹੈ।
INDIA ਖਣਨ ਮਾਫੀਆ ਨੇ ਖੁਰਚੀ ਵਾਹੀਯੋਗ ਜ਼ਮੀਨ