‘ਕੱਠ ਦੀ ਸ਼ੋਭਾ….

manjit-kaur-ludhianvi

(ਸਮਾਜ ਵੀਕਲੀ)

ਟੁੱਟੇ ਹੋਏ ਮੋਤੀਆਂ ਦੀ ਮਾਲਾ ਮੈਂ ਪਰੋਈ ਏ,
ਦਿਲ ਵਿੱਚ ਬੱਸ ਇੱਕ ਆਸ ਇਹ ਸਮੋਈ ਏ।
ਵਿੱਛੜੇ ਨਾ ਹੁਣ ਕੋਈ ਮੋਤੀ ਏਸ ‘ਚੋਂ,
ਹੱਥ ਜੋੜ ਰੱਬ ਅੱਗੇ ਏਹੋ ਅਰਜ਼ੋਈ ਏ।
ਟੁੱਟੇ ਹੋਏ…..
ਇੱਕ ਇੱਕ ਕਰ ਮੈਂ ਸੀ ਮੋਤੀ ਰੰਗਿਆ,
ਲਾਲ ਕਿਤੋਂ ਕਾਲਾ,ਕਿਤੋਂ ਚਿੱਟਾ ਲੱਭਿਆ।
ਟੁੱਟੇ-ਫੁੱਟੇ ਹਿੱਸੇ ਸੀ ਲਕੋਏ ਇੱਕ ਦੂਜਿਆਂ,
ਇੰਝ ਹਰ ਇੱਕ ਮੋਤੀ ਧਾਗੇ ਵਿੱਚ ਫ਼ੱਬਿਆ।
‘ਕੱਠ ਦੀ ਹੈ ਸ਼ੋਭਾ ਤਾਈਂ ਜੱਗ ਜਾਣਦਾ,
‘ਕੱਲਿਆਂ ਦੀ ਜ਼ੁੰਮੇਵਾਰੀ ਲੈਂਦਾ ਕੋਈ-ਕੋਈ ਏ।
ਟੁੱਟੇ ਹੋਏ…..
ਬਾਗ ਵਿੱਚ ਮਾਲੀ ਜਦ ਬੂਟਾ ਸੀ ਲਗਾਇਆ,
ਫੁੱਲ ਕਲੀਆਂ ਨੇ ਖਿੜ ਬਾਗ਼ ਮਹਿਕਾਇਆ।
ਰੰਗ ਵੱਖੋ-ਵੱਖ, ਭਾਵੇਂ ਢੰਗ ਵੱਖਰੇ,
ਫੁੱਲਾਂ ਨੇ ਵੀ ਮਿਲ਼ ਕੇ ਸੀ ਟੱਬਰ ਬਣਾਇਆ।
ਸ਼ੀਤ ਲਹਿਰ ਚੱਲੇ ਜਦ ਫੁੱਲ ਤੜਫ਼ੇ,
ਛੋਟੀ ਜਿਹੀ ਕਲੀ ਫੁੱਲਾਂ ਬੁੱਕਲ ਲਕੋਈ ਏ।
ਟੁੱਟੇ ਹੋਏ…..
ਮੋਤੀਆਂ ਤੇ ਫੁੱਲਾਂ ਵਾਂਗ ਵੀਰੇ ‘ਕੱਠੇ ਰਹਿਣ ਜੇ,
ਦੁਨੀਆਂ ਤੇ ਲੋਕੀਂ ਫ਼ੇਰ ਸਿਫ਼ਤਾਂ ਹੀ ਕਹਿਣਗੇ।
ਗੁਣਾਂ ਵਾਲ਼ੀ ਗੱਲ ਭਾਵੇਂ ਬਾਹਰ ਨਿਕਲ਼ੇ,
ਕਮੀਆਂ ਨੂੰ ਵੱਡੇ ਛੋਟੇ ਮਿਲ਼ ਢੱਕ ਲੈਣਗੇ।
ਧੀਆਂ ਪੁੱਤ ਅਕਲਾਂ ਦੇ ਨਾਲ਼ ਜਿਹਨਾਂ ਵੱਸਦੇ,
ਮਾਪਿਆਂ ਦਾ ਜੀਵਨ ਵੀ ਸਫ਼ਲਾ ਈ ਸੋਈ ਏ।
ਟੁੱਟੇ ਹੋਏ ਮੋਤੀਆਂ ਦੀ ਮਾਲਾ ਮੈਂ ਪਰੋਈ ਏ।
ਹੱਥ ਜੋੜ ਰੱਬ ਅੱਗੇ ਕਰਾਂ ਅਰਜ਼ੋਈ ਏ।

ਮਨਜੀਤ ਕੌਰ ਧੀਮਾਨ,

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੈਨੂੰ ਪਤੈ !
Next articleProud of maturity displayed by Indian students: Indian envoy to Ukraine