ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐੱਲਓਸੀ) ਨੇੜੇ ਅੱਜ ਵੱਡੀ ਗਿਣਤੀ ’ਚ ਹਥਿਆਰਬੰਦ ਪਾਕਿਸਤਾਨੀ ਘੁਸਪੈਠੀਆਂ ਨਾਲ ਹੋਏ ਮੁਕਾਬਲੇ ’ਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਪਰ ਫੌਜ ਨੇ ਨਵੇਂ ਸਾਲ ਮੌਕੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਹੈ। ਇਸੇ ਦੌਰਾਨ ਪਾਕਿਤਾਨੀ ਫ਼ੌਜ ਵੱਲੋਂ ਕੀਤੀ ਗਈ ਗੋਲਾਬਾਰੀ ਦੌਰਾਨ ਜੰਮੂ ਅਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਮੇਂਧਰ ਸੈਕਟਰ ਦੇ ਮਨਕੋਟੇ ਖੇਤਰ ’ਚ ਮੂਹਰਲੀ ਚੌਕੀ ’ਤੇ ਬੀਐੱਸਐੱਫ਼ ਦਾ ਇੱਕ ਜਵਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਘੁਸਪੈਠੀਆਂ ਨੂੰ ਅੱਜ ਸਵੇਰੇ ਖਾਰੀ ਥਰਿਆਟ ਜੰਗਲ ’ਚ ਉਸ ਸਮੇਂ ਰੋਕਿਆ ਗਿਆ ਜਦੋਂ ਉਹ ਮਕਬੂਜ਼ਾ ਕਸ਼ਮੀਰ ਤੋਂ ਭਾਰਤ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਉਨ੍ਹਾਂ ਦੱਸਿਆ ਕਿ 31 ਦਸੰਬਰ ਤੇ 1 ਜਨਵਰੀ ਦੀ ਦਰਮਿਆਨੀ ਰਾਤ ਨੌਸ਼ਹਿਰਾ ਸੈਕਟਰ ਦੇ ਜੰਗਲਾਂ ’ਚ ਇਹ ਮੁਕਾਬਲਾ ਹੋਇਆ। ਜੰਮੂ ’ਚ ਭਾਰਤੀ ਫੌਜ ਦੇ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ, ‘ਨੌਸ਼ਹਿਰਾ ਸੈਕਟਰ ’ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨਾਲ ਮੁਕਾਬਲੇ ’ਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ।’ ਅਧਿਕਾਰੀਆਂ ਨੇ ਦੱਸਿਆ ਕਿ ਸ਼ਹੀਦ ਜਵਾਨਾਂ ਦੀ ਪਛਾਣ ਸੰਦੀਪ ਰਘੂਨਾਥ (29) ਵਾਸੀ ਪਿੰਡ ਮੁੰਡੇ ਕਰਹੜ ਜ਼ਿਲ੍ਹਾ ਸਤਾਰਾ (ਮਹਾਰਾਸ਼ਟਰ) ਅਤੇ ਅਰਜੁਨ ਥਾਪਾ ਮਗਰ (25) ਵਾਸਲੀ ਗੋਰਖਾ ਜ਼ਿਲ੍ਹਾ (ਨੇਪਾਲ) ਦੇ ਰਹਿਣ ਵਾਲੇ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਅਤਿਵਾਦੀਆਂ ਦੀ ਗਤੀਵਿਧੀ ਦੀ ਸੂਚਨਾ ਮਿਲਣ ਮਗਰੋਂ ਫੌਜ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਘੁਸਪੈਠੀਆਂ ਨੇ ਫੌਜ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਮੁਕਾਬਲੇ ’ਚ ਦੋ ਜਵਾਨ ਸ਼ਹੀਦ ਹੋ ਗਏ। ਫੌਜ ਵੱਲੋਂ ਇਲਾਕੇ ’ਚ ਮੁਹਿੰਮ ਚਲਾਈ ਜਾ ਰਹੀ ਹੈ।