ਕੰਗਨਾ ਵੱਲੋਂ ਮਹਾਰਾਸ਼ਟਰ ਦੇ ਰਾਜਪਾਲ ਨਾਲ ਮੁਲਾਕਾਤ

ਮੁੰਬਈ (ਸਮਾਜ ਵੀਕਲੀ) : ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਨਾਲ ਚੱਲ ਰਹੇ ਵਿਵਾਦ ਵਿਚਾਲੇ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਇੱਥੇ ਸੂਬੇ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਨਾਲ ਹੋਏ ‘ਅਨਿਆਂ’ ਬਾਰੇ ਦੱਸਿਆ। ਸ਼ਿਵ ਸੈਨਾ ਦੀ ਅਗਵਾਈ ਵਾਲੀ ਬ੍ਰਿਹਨਮੁੰਬਈ ਨਗਰ ਨਿਗਮ (ਬੀਐੱਮਸੀ) ਵੱਲੋਂ ਗੈਰ-ਕਾਨੂੰਨੀ ਉਸਾਰੀ ਦੇ ਦੋਸ਼ ਲਾਉਂਦਿਆਂ ਕੰਗਨਾ ਦਾ ਬਾਂਦਰਾ ’ਚ ਪੈਂਦਾ ਪਾਲੀ ਹਿੱਲ ਸਥਿਤ ਬੰਗਲਾ ਢਾਹੇ ਜਾਣ ਤੋਂ ਕੁਝ ਦਿਨਾਂ ਬਾਅਦ ਇਹ ਮੀਟਿੰਗ ਹੋਈ।

ਰਾਜਭਵਨ ਵਿੱਚ ਰਾਜਪਾਲ ਨਾਲ ਹੋਈ ਮੁਲਾਕਾਤ ਤੋਂ ਬਾਅਦ ਕੰਗਨਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਰਾਜਪਾਲ ਨੂੰ ਮਿਲੀ। ਉਨ੍ਹਾਂ ਇਕ ਧੀ ਵਾਂਗ ਮੇਰੀ ਗੱਲ ਸੁਣੀ। ਮੈਂ ਉਨ੍ਹਾਂ ਕੋਲ ਇਕ ਨਾਗਰਿਕ ਵਜੋਂ ਆਈ ਸੀ। ਮੇਰਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ। ਮੈਂ ਉਨ੍ਹਾਂ ਨੂੰ ਆਪਣੇ ਨਾਲ ਹੋਏ ਅਨਿਆਂ ਬਾਰੇ ਦੱਸਿਆ। ਇਹ ਮਾੜਾ ਵਤੀਰਾ ਸੀ।’’

ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਤੇ ਕੰਗਨਾ ਵਿਚਾਲੇ ਇਹ ਤਕਰਾਰ ਉਦੋਂ ਪੈਦਾ ਹੋਇਆ ਜਦੋਂ ਅਦਾਕਾਰਾ ਨੇ ਕਿਹਾ ਸੀ ਕਿ ਉਸ ਨੂੰ ਡਰ ਹੈ ਕਿ ਮੁੰਬਈ ਪੁਲੀਸ ‘ਫਿਲਮੀ ਮਾਫ਼ੀਆ’ ਤੋਂ ਵੀ ਵਧ ਕੇ ਹੈ ਅਤੇ ਉਸ ਨੇ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਨੂੰ ਮਕਬੂਜ਼ਾ ਕਸ਼ਮੀਰ ਨਾਲ ਜੋੜਿਆ ਸੀ। ਉੱਧਰ, ਸਿਆਸਤ ਤੇ ਕਰੋਨਾਵਾਇਰਸ ਦੋਹਾਂ ਮੋਰਚਿਆਂ ’ਤੇ ਵਿਰੋਧੀਆਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊੱਧਵ ਠਾਕਰੇ ਨੇ ਅੱਜ ਕਿਹਾ ਕਿ ਇਹ ਸਭ ਮਹਾਰਾਸ਼ਟਰ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਉਨ੍ਹਾਂ ਟੈਲੀਵਿਜ਼ਨ ਰਾਹੀਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਭਾਵੇਂ ਜੋ ਵੀ ਸਿਆਸੀ ਤੂਫ਼ਾਨ ਆ ਜਾਵੇ, ਮੈਂ ਉਸ ਦਾ ਸਾਹਮਣਾ ਕਰਾਂਗਾ…ਮੈਂ ਕਰੋਨਾਵਾਇਰਸ ਖ਼ਿਲਾਫ਼ ਵੀ ਲੜਾਂਗਾ।’’

ਸ੍ਰੀ ਠਾਕਰੇ ਨੇ ਕਿਹਾ, ‘‘ਇਸ ਸਿਆਸਤ ਦਾ ਜਵਾਬ ਦੇਣ ਲਈ ਮੈਨੂੰ ਮੁੱਖ ਮੰਤਰੀ ਦਾ ਮੁਖੌਟਾ ਲਾਹੁਣਾ ਪੈਣਾ ਹੈ। ਮੈਂ ਬੋਲਦਾ ਨਹੀਂ ਇਸ ਦਾ ਮਤਲਬ ਇਹ ਨਹੀਂ ਕਿ ਮੇਰੇ ਕੋਲ ਜਵਾਬ ਨਹੀਂ ਹੈ।’’ ਸੂਬਾ ਸਰਕਾਰਾਂ ਦੇ ‘ਮਿਸ਼ਨ ਮੁੜ ਸ਼ੁਰੂ’ ਮੁਹਿੰਮ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਰੋਨਾਵਾਇਰਸ, ਸਮੁੰਦਰੀ ਤੂਫ਼ਾਨਾਂ ਤੇ ਹੜ੍ਹਾਂ ਦਾ ਪੂਰੇ ਪ੍ਰਭਾਵੀ ਢੰਗ ਨਾਲ ਮੁਕਾਬਲਾ ਕੀਤਾ ਹੈ ਅਤੇ ਹੁਣ ਲੋਕਾਂ ਦੇ ਸਹਿਯੋਗ ਨਾਲ ਇਸ ਸਿਆਸੀ ਤੂਫ਼ਾਨ ਨਾਲ ਵੀ ਨਿਪਟ ਲੈਣਗੇ।

ਇਸੇ ਦੌਰਾਨ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਅੱਜ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਕੰਗਨਾ ਵੱਲੋਂ ਮੁੰਬਈ ਨੂੰ ਮਕਬੂਜ਼ਾ ਕਸ਼ਮੀਰ ਨਾਲ ਜੋੜਨ ਦੇ ਬਾਵਜੂਦ ਭਾਜਪਾ ਅਦਾਕਾਰਾ ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਬਿਹਾਰ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ। ਪਾਰਟੀ ਦੇ ਅਖ਼ਬਾਰ ‘ਸਾਮਨਾ’ ’ਚ ਛਪੇ ਆਪਣੇ ਕਾਲਮ ਰੋਕਟੋਕ ’ਚ ਉਨ੍ਹਾਂ ਦਾਅਵਾ ਕੀਤਾ ਕਿ ਇਹ ਮੁੰਬਈ ਦੀ ਅਹਿਮੀਅਤ ਘਟਾਉਣ ਤੇ ਸ਼ਹਿਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।

Previous articleਖੇਤੀ ਆਰਡੀਨੈਂਸਾਂ ਖ਼ਿਲਾਫ਼ ਅੱਜ ਗੂੰਜੇਗਾ ਸਾਰਾ ਪੰਜਾਬ
Next articleਭਾਰਤ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 47 ਲੱਖ ਤੋਂ ਪਾਰ