ਮੁੰਬਈ (ਸਮਾਜ ਵੀਕਲੀ) : ਬੌਲੀਵੁੱਡ ਅਦਾਕਾਰ ਕੰਗਨਾ ਰਣੌਤ ਦੇ ਬਾਂਦਰਾ ਦੇ ਪਾਲੀ ਹਿੱਲ ਇਲਾਕੇ ਵਿਚਲੇ ਬੰਗਲੇ ਕਮ ਦਫ਼ਤਰ ਦੇ ਇਕ ਹਿੱਸੇ ਨੂੰ ਨਾਜਾਇਜ਼ ਊਸਾਰੀ ਦੱਸ ਕੇ ਢਾਹੁਣ ਤੋਂ ਇਕ ਦਿਨ ਮਗਰੋਂ ਬ੍ਰਿਹਨਮੁੰਬਈ ਮਿਊਂਸਿਪਲ ਕਾਰਪੋਰੇਸ਼ਨ (ਬੀਐੱਮਸੀ) ਨੇ ਅੱਜ ਬੰਬੇ ਹਾਈ ਕੋਰਟ ’ਚ ਆਪਣਾ ਪੱਖ ਰੱਖਦਿਆਂ ਦਾਅਵਾ ਕੀਤਾ ਕਿ ਉਸ ਦਾ ਇਸ ਪੂਰੀ ਕਾਰਵਾਈ ਪਿੱਛੇ ਕੋਈ ਲੁਕਵਾਂ ਏਜੰਡਾ ਨਹੀਂ ਸੀ। ਬੀਐੱਮਸੀ ਨੇ ਹਲਫ਼ਨਾਮਾ ਦਾਇਰ ਕਰਦਿਆਂ ਕਿਹਾ ਕਿ ਕੰਗਨਾ ਨੇ ਇਮਾਰਤ ਦੇ ਪ੍ਰਵਾਨਿਤ ਨਕਸ਼ੇ ’ਚ ਫੇਰਬਦਲ
ਕਰਦਿਆਂ ਨਾਜਾਇਜ਼ ਊਸਾਰੀ ਕੀਤੀ ਤੇ ਹੁਣ ਜਾਣਬੁੱਝ ਕੇ ਇਸ ਮੁੱਦੇ ਨੂੰ ਉਲਝਾਊਂਦਿਆਂ ਪਰਦਾ ਪਾਇਆ ਜਾ ਰਿਹੈ। ਚੇਤੇ ਰਹੇ ਕਿ ਜਸਟਿਸ ਐੱਸ.ਜੇ.ਕਾਥਾਵਾਲਾ ਤੇ ਆਰ.ਆਈ. ਛਾਗਲਾ ਦੇ ਬੈਂਚ ਨੇ ਬੁੱਧਵਾਰ ਨੂੰ ਬੀਐੱਮਸੀ ਨੂੰ ਕੰਗਨਾ ਦਾ ਬੰਗਲਾ ਢਾਹੁਣ ਤੋਂ ਰੋਕ ਦਿੱਤਾ ਸੀ। ਇਸ ਦੌਰਾਨ ਬੀਐੱਮਸੀ ਦੇ ਵਕੀਲ ਅਸਪੀ ਚਿਨੌੲੇ ਨੇ ਕਿਹਾ ਕਿ ਉਨ੍ਹਾਂ ਅਦਾਲਤੀ ਹੁਕਮਾਂ ਮਗਰੋਂ ਬੰਗਲਾ ਢਾਹੁਣ ਦਾ ਕੰਮ ਰੋਕ ਦਿੱਤਾ ਸੀ, ਪਰ ਉਹ ਅਦਾਲਤ ਨੂੰ ਅਪੀਲ ਕਰਦੇ ਹਨ ਕਿ ਉਹ ਪਟੀਸ਼ਨਰ ਨੂੰ ‘ਸਥਿਤੀ ਜਿਊਂ ਦੀ ਤਿਊਂ’ ਕਾਇਮ ਰੱਖਣ ਤੇ ਕੋਈ ਹੋਰ ਕੰਮ ਨਾ ਕਰਵਾਉਣ ਲਈ ਕਹੇ।
ਉਧਰ ਕੰਗਨਾ ਦੇ ਵਕੀਲ ਰਿਜ਼ਵਾਨ ਸਿੱਦਿਕੀ ਨੇ ਕਿਹਾ ਕਿ ਬੀਐੱਮਸੀ ਦੀ ਇਸ ਕਾਰਵਾਈ ਨਾਲ ਉਸ ਦੇ ਮੁਵੱਕਿਲ ਦੀ ਜਾਇਦਾਦ ਨੂੰ ਨੁਕਸਾਨ ਪੁੱਜਾ ਹੈ, ਜਿਸ ਕਰਕੇ ਪਾਣੀ ਤੇ ਬਿਜਲੀ ਕੁਨੈਕਸ਼ਨ ਕੱਟੇ ਗਏ ਹਨ, ਜਿਨ੍ਹਾਂ ਨੂੰ ਬਹਾਲ ਕੀਤਾ ਜਾਵੇ। ਦੋ ਮੈਂਬਰੀ ਬੈਂਚ ਨੇ ਹਾਲਾਂਕਿ ਕੋਈ ਹੁਕਮ ਜਾਰੀ ਕਰਨ ਤੋਂ ਇਨਕਾਰ ਕਰਦਿਆਂ ਕੇਸ ਦੀ ਅਗਲੀ ਸੁਣਵਾਈ 22 ਸਤੰਬਰ ਲਈ ਨਿਰਧਾਰਿਤ ਕਰ ਦਿੱਤੀ।