ਗੇਂਦਬਾਜ਼ਾਂ ਮਗਰੋਂ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਆਪਣੇ ਨਾਮ ਕਰ ਲਈ ਹੈ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਭਾਰਤ ਨੇ ਨਿਊਜ਼ੀਲੈਂਡ ਨੂੰ 44.2 ਓਵਰਾਂ ਵਿੱਚ 161 ਦੌੜਾਂ ’ਤੇ ਢੇਰ ਕਰ ਦਿੱਤਾ ਇਸ ਮਗਰੋਂ ‘ਪਲੇਅਰ ਆਫ ਦਿ ਮੈਚ’ ਮੰਧਾਨਾ (ਨਾਬਾਦ 90 ਦੌੜਾਂ) ਅਤੇ ਕਪਤਾਨ ਮਿਤਾਲੀ ਰਾਜ (ਨਾਬਾਦ 63 ਦੌੜਾਂ) ਨੇ ਤੀਜੀ ਵਿਕਟ ਲਈ 151 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦਿਵਾਈ। ਇੱਕ ਸਮੇਂ ਭਾਰਤ ਦਾ ਸਕੋਰ ਦੋ ਵਿਕਟਾਂ ’ਤੇ 15 ਦੌੜਾਂ ਸੀ, ਜਦੋਂ ਸਲਾਮੀ ਬੱਲੇਬਾਜ਼ ਜੇਮਿਮਾ ਰੌਡਰਿਗਜ਼ (ਸਿਫ਼ਰ) ਅਤੇ ਦੀਪਤੀ ਸ਼ਰਮਾ (ਅੱਠ ਦੌੜਾਂ) ਆਪੋ-ਆਪਣੀ ਵਿਕਟ ਗੁਆ ਬੈਠੀਆਂ ਸਨ। ਮੰਧਾਨਾ ਨੇ ਜਿੱਤ ਮਗਰੋਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਪਲੇਅਰ ਆਫ ਦਿ ਮੈਚ ਪੁਰਸਕਾਰ ਦੇ ਹੱਕਦਾਰ ਸਾਡੇ ਗੇਂਦਬਾਜ਼ ਸਨ। ਮੈਂ ਇਸ ਨੂੰ ਆਪਣੇ ਗੇਂਦਬਾਜ਼ਾਂ ਦੇ ਨਾਮ ਕਰਾਂਗੀ, ਜਿਨ੍ਹਾਂ ਨੇ ਮਹੱਤਵਪੂਰਨ ਵਿਕਟਾਂ ਲੈ ਕੇ ਨਿਊਜ਼ੀਲੈਂਡ ਨੂੰ ਅੱਗੇ ਵਧਣ ਤੋਂ ਰੋਕਿਆ।’’ ਮੰਧਾਨਾ ਦਾ ਪਿਛਲੇ ਦਸ ਇੱਕ ਰੋਜ਼ਾ ਮੈਚਾਂ ਵਿੱਚ ਇਹ ਅੱਠਵਾਂ ਨੀਮ ਸੈਂਕੜਾ ਸੀ। ਉਸ ਨੇ ਪਹਿਲੇ ਮੈਚ ਵਿੱਚ 105 ਦੌੜਾਂ ਬਣਾਈਆਂ ਸਨ। ਉਸ ਨੇ ਅੱਜ ਦੀ ਪਾਰੀ ਵਿੱਚ 82 ਗੇਂਦਾਂ ਦਾ ਸਾਹਮਣਾ ਕੀਤਾ। ਦੂਜੇ ਪਾਸੇ ਮਿਤਾਲੀ ਨੇ 111 ਗੇਂਦਾਂ ਖੇਡ ਕੇ 63 ਦੌੜਾਂ ਬਣਾਈਆਂ ਅਤੇ ਮੰਧਾਨਾ ਦਾ ਪੂਰਾ ਸਾਥ ਦਿੱਤਾ। ਮਿਤਾਲੀ ਨੇ ਛੱਕਾ ਮਾਰ ਕੇ ਭਾਰਤ ਨੂੰ 35.2 ਓਵਰਾਂ ਵਿੱਚ ਦੋ ਵਿਕਟਾਂ ’ਤੇ 166 ਦੌੜਾਂ ਤੱਕ ਪਹੁੰਚਾਇਆ। ਮਿਤਾਲੀ ਨੇ ਕਿਹਾ, ‘‘ਟੀਮ ਦੇ ਪ੍ਰਦਰਸ਼ਨ ਤੋਂ ਮੈਂ ਖ਼ੁਸ਼ ਹਾਂ। ਚੁਣੌਤੀਪੂਰਨ ਹਾਲਾਤ ਵਿੱਚ ਬੱਲੇਬਾਜ਼ੀ ਕਰਨਾ ਮੈਨੂੰ ਹਮੇਸ਼ਾ ਚੰਗਾ ਲਗਦਾ ਹੈ। ਇੱਥੇ ਠਰ੍ਹੰਮੇ ਨਾਲ ਖੇਡਣ ਦੀ ਲੋੜ ਸੀ। ਸਮ੍ਰਿਤੀ ਲੈਅ ਵਿੱਚ ਹੈ ਅਤੇ ਉਸ ਨਾਲ ਟਿਕੇ ਰਹਿਣ ਦੀ ਹੀ ਲੋੜ ਸੀ।’’ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਲੜੀ ਦੇ ਇਸ ਮੈਚ ਵਿੱਚ ਭਾਰਤ ਨੇ 2-0 ਦੀ ਲੀਡ ਬਣਾ ਲਈ ਹੈ। ਪਹਿਲਾ ਇੱਕ ਰੋਜ਼ਾ ਭਾਰਤ ਨੇ ਨੌਂ ਵਿਕਟਾਂ ਨਾਲ ਜਿੱਤਿਆ ਸੀ। ਇਸ ਦੇ ਨਾਲ ਹੀ ਭਾਰਤੀ ਟੀਮ ਨੇ 2014-16 ਦੌਰਾਨ ਖੇਡੀ ਗਈ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਲੜੀ ਵਿੱਚ ਨਿਊਜ਼ੀਲੈਂਡ ਤੋਂ 1-2 ਨਾਲ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਨਿਊਜ਼ੀਲੈਂਡ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਸੂਚੀ ਵਿੱਚ ਦੂਜੇ ਸਥਾਨ ’ਤੇ ਹੈ ਅਤੇ ਮੇਜ਼ਬਾਨ ਹੋਣ ਦੇ ਨਾਤੇ ਉਸ ਨੂੰ 50 ਓਵਰਾਂ ਦੇ ਵਿਸ਼ਵ ਕੱਪ ਵਿੱਚ ਸਿੱਧਾ ਦਾਖ਼ਲਾ ਮਿਲੇਗਾ।ਪਿਛਲੇ ਮੈਚ ਦੀ ਤਰ੍ਹਾਂ ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਕਿਵੀ ਟੀਮ ਨੂੰ 161 ਦੌੜਾਂ ’ਤੇ ਆਊਟ ਕੀਤਾ। ਝੂਲਨ ਗੋਸਵਾਮੀ ਨੇ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਸਪਿੰਨ ਤਿਕੜੀ ਏਕਤਾ ਬਿਸ਼ਟ, ਪੂਨਮ ਯਾਦਵ ਅਤੇ ਦੀਪਤੀ ਸ਼ਰਮਾ ਨੂੰ ਦੋ-ਦੋ ਵਿਕਟਾਂ ਮਿਲੀਆਂ। ਨਿਊਜ਼ੀਲੈਂਡ ਲਈ ਸਭ ਤੋਂ ਵੱਧ 87 ਗੇਂਦਾਂ ’ਤੇ 71 ਦੌੜਾਂ ਕਪਤਾਨ ਐਮੀ ਸੈਟਰਥਵੇਟ ਨੇ ਬਣਾਈਆਂ। ਉਹ 34ਵੇਂ ਓਵਰ ਵਿੱਚ ਪੂਨਮ ਯਾਦਵ ਦਾ ਪਹਿਲਾ ਸ਼ਿਕਾਰ ਬਣੀ। ਕਿਵੀ ਖਿਡਾਰਨ ਨੂੰ ਆਪਣੇ ਸਾਥੀ ਬੱਲੇਬਾਜ਼ਾਂ ਦੀ ਬਹੁਤੀ ਮਦਦ ਨਹੀਂ ਮਿਲੀ।
Sports ਕ੍ਰਿਕਟ: ਭਾਰਤੀ ਮਹਿਲਾ ਟੀਮ ਇੱਕ ਰੋਜ਼ਾ ਲੜੀ ’ਤੇ ਕਾਬਜ਼