ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੀਓਜ਼ ਦੀ ਕਮੇਟੀ ਦੇ ਮੁਖੀ ਵਿਨੋਦ ਰਾਏ ਹਾਰਦਿਕ ਪਾਂਡਿਆ ਅਤੇ ਲੁਕੇਸ਼ ਰਾਹੁਲ ਦੇ ਨਾਲ ਜੁੜੇ ਮਾਮਲੇ ਦੀ ਜਲਦੀ ਜਾਂਚ ਦੇ ਹੱਕ ਵਿਚ ਹਨ ਪਰ ਡਾਇਨਾ ਇਡੁਲਜ਼ੀ ਨੂੰ ਲੱਗ ਰਿਹਾ ਹੈ ਕਿ ਅਜਿਹਾ ਹੋਣ ਉੱਤੇ ਮਾਮਲੇ ਉੱਤੇ ਮਿੱਟੀ ਪਾਏ ਜਾਣ ਦੀ ਸੰਭਾਵਨਾ ਵਧ ਜਾਵੇਗੀ। ਜ਼ਿਕਰਯੋਗ ਹੈ ਕਿ ਦੋਨਾਂ ਕ੍ਰਿਕਟ ਖਿਡਾਰੀਆਂ ਨੂੰ ਜਾਂਚ ਮੁਕੰਮਲ ਹੋਣ ਤੱਕ ਮੁਅੱਤਲ ਰੱਖਣ ਦਾ ਫੈਸਲਾ ਲਿਆ ਗਿਆ ਹੈ। ਪਾਂਡਿਆ ਅਤੇ ਰਾਹੁਲ ਨੇ ‘ਕੌਫੀ ਵਿਦ ਕਰਨ’ ਟੀਵੀ ਸ਼ੋਅ ਦੌਰਾਨ ਔਰਤਾਂ ਵਿਰੁੱਧ ਅਸ਼ਲੀਲ ਕਾਮ ਉਕਸਾਉ ਟਿੱਪਣੀਆਂ ਕੀਤੀਆਂ ਸਨ ਜਿਨ੍ਹਾਂ ਦਾ ਕਾਫੀ ਬੁਰਾ ਮਨਾਇਆ ਗਿਆ ਹੈ। ਇਸ ਮਾਮਲੇ ਵਿਚ ਭਾਵੇਂ ਪਾਂਡਿਆ ਨੇ ਤੁਰੰਤ ਮੁਆਫ਼ੀ ਮੰਗ ਲਈ ਸੀ ਅਤੇ ਅੱਗੇ ਨੂੰ ਵੀ ਅਜਿਹਾ ਨਾ ਕਰਨ ਤੋਂ ਤੋਬਾ ਕੀਤੀ ਸੀ ਪਰ ਉਹ ਅਨੁਸ਼ਾਸਨੀ ਕਾਰਵਾਈ ਤੋਂ ਬਚ ਨਹੀਂ ਸਕੇ।ਭਵਿੱਖ ਦੇ ਵਿਚ ਦੋਵਾਂ ਖਿਡਾਰੀਆਂ ਉੱਤੇ ਮੈਚ ਖੇਡਣ ਦੀ ਪਾਬੰਦੀ ਲੱਗ ਸਕਦੀ ਹੈ। ਪਹਿਲਾਂ ਦੋਵਾਂ ਉੱਤੇ ਦੋ ਮੈਚਾਂ ਦੀ ਪਾਬੰਦੀ ਲਾਏ ਜਾਣ ਦੀ ਵੀ ਚਰਚਾ ਚਲਦੀ ਰਹੀ ਹੈ। ਪਰ ਬਾਅਦ ਵਿਚ ਬੋਰਡ ਦੇ ਅਧਿਕਾਰੀਆਂ ਨੇ ਪਹਿਲਾਂ ਜਾਂਚ ਕਰਨ ਨੂੰ ਤਰਜੀਹ ਦਿੱਤੀ ਹੈ। ਹੁਣ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਬੋਰਡ ਦੇ ਅਧਿਕਾਰੀਆਂ ਦੇ ਮੱਤਭੇਦ ਵੀ ਬਾਹਰ ਆਉਣ ਲੱਗੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਬੋਰਡ ਵਿਚ ਇਨ੍ਹਾਂ ਖਿਡਾਰੀਆਂ ਵਿਰੁੱਧ ਕੀਤੀ ਗਈ ਕਾਰਵਾਈ ਦਾ ਅੰਦਰੋਅੰਦਰੀ ਪਹਿਲਾਂ ਹੀ ਵਿਰੋਧ ਹੋ ਰਿਹਾ ਹੈ। ਹੁਣ ਦੋਵੇਂ ਖਿਡਾਰੀ ਆਪਣਾ ਆਸਟਰੇਲੀਆ ਦੌਰਾ ਵਿਚਾਲੇ ਛੱਡ ਕੇ ਭਾਰਤ ਪਰਤ ਰਹੇ ਹਨ ਅਤੇ ਦੋਵਾਂ ਦੇ ਐਤਵਾਰ ਨੂੰ ਸਵੇਰ ਤੱਕ ਭਾਰਤ ਪੁੱਜ ਜਾਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਡੁਲਜ਼ੀ ਅਤੇ ਰਾਏ ਵਿਚਕਾਰ ਹੋਏ ਈਮੇਲਜ਼ ਦੇ ਆਦਾਨ- ਪ੍ਰਦਾਨ ਦੌਰਾਨ ਇਡੁਲਜ਼ੀ ਨੇ ਬੋਰਡ ਦੇ ਸੀਈਓ ਰਾਹੁਲ ਜੌਹਰੀ ਵਿਰੁੱਧ ਮਾਮਲੇ ਦੀ ਸ਼ੁਰੂਆਤੀ ਜਾਂਚ ਕਰਨ ਉੱਤੇ ਵੀ ਅਸ਼ੰਕੇ ਪ੍ਰਗਟਾਏ ਹਨ। ਇਡੁਲਜ਼ੀ ਅਨੁਸਾਰ ਜੌਹਰੀ ਖ਼ੁਦ ਸਰੀਰਕ ਸੋਸ਼ਣ ਦੇ ਮਾਮਲੇ ਵਿਚ ਫਸਿਆ ਸੀ ਅਤੇ ਇਸ ਕਰਕੇ ਇਸ ਜਾਂਚ ਨੂੰ ਦਬਾਇਆ ਜਾ ਸਕਦਾ ਹੈ। ਦੂਜੇ ਪਾਸੇ ਰਾਏ ਚਾਹੁੰਦੇ ਹਨ ਕਿ ਦੂਜੇ ਇਕ ਰੋਜ਼ਾ ਅੰਤਰਾਰਸ਼ਟਰੀ ਮੈਚ ਤੋਂ ਪਹਿਲਾਂ ਜਾਂਚ ਪੂਰੀ ਕਰ ਲਈ ਜਾਵੇ ਕਿਉਂਕਿ ਇਸ ਦਾ ਟੀਮ ਦੀ ਮਜ਼ਬੂਤੀ ਉੱਤੇ ਅਸਰ ਪਵੇਗਾ। ਦੋਵਾਂ ਖਿਡਾਰੀਆਂ ਦੇ ਭਾਰਤ ਪਰਤਣ ਨਾਲ ਟੀਮ ਦੇ ਖਿਡਾਰੀਆਂ ਦੀ ਗਿਣਤੀ 15 ਤੋਂ 13 ਹੋ ਗਈ ਹੈ। ਰਾਏ ਦਾ ਮੰਨਣਾ ਹੈਕਿ ਕਿਸੇ ਖਿਡਾਰੀ ਦੇ ਮਾੜੇ ਵਰਤਾਅ ਕਾਰਨ ਉਹ ਟੀਮ ਨੂੰ ਕਮਜ਼ੋਰ ਨਹੀ ਕਰ ਸਕਦੇ, ਇਸ ਲਈ ਜਾਂਚ ਜਲਦੀ ਨਿਪਟਾ ਲੈਣੀ ਚਾਹੀਦੀ ਹੈ।
Sports ਕ੍ਰਿਕਟਰਾਂ ਨਾਲ ਜੁੜੇ ਮਾਮਲੇ ਦੀ ਜਲਦੀ ਜਾਂਚ ਦੇ ਹੱਕ ’ਚ ਨੇ ਰਾਏ