ਕ੍ਰਾਈਸਟਚਰਚ, 5 ਅਪਰੈਲ-ਕ੍ਰਾਈਸਟਚਰਚ ਵਿਚ ਦੋ ਮਸਜਿਦਾਂ ਉੱਤੇ ਹਮਲਾ ਕਰਨ ਦੇ ਮੁਲਜ਼ਮ ਉੱਤੇ 50 ਲੋਕਾਂ ਦੇ ਕਤਲ ਦਾ ਮਾਮਲਾ ਚੱਲੇਗਾ। ਇਸ ਹਫਤੇ ਉਸ ਨੂੰ ਅਦਾਲਤ ਵਿਚ ਮੁੜ ਪੇਸ਼ ਕੀਤਾ ਜਾਵੇਗਾ। ਨਿਊਜ਼ੀਲੈਂਡ ਪੁਲੀਸ ਨੇ ਦੱਸਿਆ ਕਿ ਹਮਲਾਵਰ ਬਰੈਂਟਨ ਟਾਰੇਂਟ ਉੱਤੇ ਕਤਲ ਦਾ ਇੱਕ ਦੋਸ਼ ਲਾਇਆ ਗਿਆ ਸੀ ਪਰ ਪੁਲੀਸ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹੋਣ ਵਾਲੀ ਪੇਸ਼ੀ ਵਿਚ ਹਮਲੇ ਵਿਚ ਮਾਰੇ ਗਏ ਸਾਰੇ ਲੋਕਾਂ ਅਤੇ ਜ਼ਖਮੀਆਂ ਨਾਲ ਸਬੰਧਤ ਦੋਸ਼ ਵੀ ਉਸ ਉੱਤੇ ਆਇਦ ਕੀਤੇ ਜਾਣਗੇ। ਉਨ੍ਹਾਂ ਇੱਕ ਬਿਆਨ ਵਿਚ ਕਿਹਾ,‘ਕ੍ਰਾਈਸਟਚਰਚ ਅਤਿਵਾਦੀ ਹਮਲੇ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਇੱਕ ਵਿਅਕਤੀ ਨੂੰ ਸ਼ੁੱਕਰਵਾਰ ਨੂੰ ਜਦੋਂ ਕ੍ਰਾਈਸਟਚਰਚ ਦੀ ਉੱਚ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤਾ ਉਸ ਉੱਤੇ 50 ਵਿਅਕਤੀਆਂ ਦੇ ਕਤਲ ਅਤੇ 39 ਲੋਕਾਂ ਦੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਜਾਵੇਗਾ।’ ਪੁਲੀਸ ਨੇ ਕਿਹਾ ਕਿ ਟਾਰੇਂਟ ਉੱਤੇ ਹੋਰ ਦੋਸ਼ ਲਗਾਉਣ ਸਬੰਧੀ ਵੀ ਵਿਚਾਰ ਕੀਤਾ ਜਾਵੇਗਾ ਪਰ ਉਨ੍ਹਾਂ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਟਾਰੇਂਟ ਨੂੰ ਇਸ ਮਾਮਲੇ ਵਿਚ ਪਹਿਲੀ ਵਾਰ 16 ਮਾਰਚ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਮੂਲ ਦੇ ਬਰੈਂਟਨ ਟਾਰੇਂਟ (28) ਨੇ 15 ਮਾਰਚ ਨੂੰ ਮੱਧ ਕ੍ਰਾਈਸਟਚਰਚ ਦੀ ਅਲ ਨੂਰ ਮਸਜਿਦ ਅਤੇ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਲਿਨਵੁੱਡ ਮਸਜਿਦ ਉੱਤੇ ਗੋਲੀਬਾਰੀ ਕਰ ਕੇ 50 ਵਿਅਕਤੀਆਂ ਨੂੰ ਜਾਨੋਂ ਮਾਰ ਦਿੱਤਾ ਸੀ।
UK ਕ੍ਰਾਈਸਟਚਰਚ ਹਮਲੇ ਦੇ ਮੁਲਜ਼ਮ ’ਤੇ ਚੱਲੇਗਾ 50 ਲੋਕਾਂ ਦੇ ਕਤਲ ਦਾ ਕੇਸ