ਸ਼ਾਹਬਾਦ ਮਾਰਕੰਡਾ (ਸਮਾਜ ਵੀਕਲੀ) : ਭਾਰਤੀ ਹਾਕੀ ਟੀਮ ਦੇ ਕੋਚ ਰਹੇ ਐੱਮ.ਕੇ. ਕੌਸ਼ਿਕ ਤੇ ਸੰਦੀਪ ਸਾਂਗਵਾਨ ਨੇ ਸ਼ਾਹਬਾਦ ਮਾਰਕੰਡੇਸ਼ਵਰ ਹਾਕੀ ਸਟੇਡੀਅਮ ਦਾ ਦੌਰਾ ਕੀਤਾ। ਜਿਥੇ ਉਨ੍ਹਾਂ ਨੇ ਫਿਲੱਕਰਜ਼ ਬਰਦਰਜ਼ ਅਕੈਡਮੀ ਤੇ ਸਟੇਡੀਅਮ ਦੇ ਖਿਡਾਰੀਆਂ ਨਾਲ ਤਜਰਬੇ ਸਾਂਝੇ ਕੀਤੇ ਤੇ ਹਾਕੀ ਦੇ ਨੁਕਤੇ ਦਿੱਤੇ।
ਸ੍ਰੀ ਕੌਸ਼ਿਕ ਨੇ ਕਿਹਾ ਕਿ ਖੇਡਾਂ ਦੀ ਦੁਨੀਆਂ ਵਿਚ ਖੇਡ ਮੰਤਰੀ ਸੰਦੀਪ ਸਿੰਘ ਇਕ ਮਜ਼ਬੂਤ ਮਿਸਾਲ ਹਨ ਜਿਨ੍ਹਾਂ ਨੇ ਮੌਤ ਨੂੰ ਮਾਤ ਦੇ ਕੇ ਆਪਣੀ ਪ੍ਰਤਿਭਾ ਦਾ ਨਵਾਂ ਇਤਿਹਾਸ ਲਿਖਿਆ ਹੈ ਤੇ ਖੇਡ ਮੰਤਰੀ ਬਣ ਕੇ ਖੇਡ ਤੇ ਖਿਡਾਰੀਆਂ ਦਾ ਮਾਣ ਵਧਾ ਰਹੇ ਹਨ। ਸਾਂਗਵਾਨ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਜਦ ਉਹ ਕੋਚ ਸਨ ਤਾਂ ਉਸ ਸਮੇਂ ਸੰਦੀਪ ਸਿੰਘ ਵਰਗੇ ਖਿਡਾਰੀ ਉਨ੍ਹਾਂ ਨੂੰ ਮਿਲੇ ਤੇ ਫਿਰ ਸੰਦੀਪ ਦੀ ਕਪਤਾਨੀ ਵਿਚ ਕੌਮੀ ਹਾਕੀ ਦਾ ਚਹੁੰਮੁੱਖੀ ਯੁੱਗ ਸ਼ੁਰੂ ਹੋਇਆ।
ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਹਰਿਆਣਾ ਖੇਡਾਂ ’ਚ ਦੇਸ਼ ’ਚੋਂ ਅੱਵਲ ਹੈ ਤੇ ਇਹ ਸਥਾਨ ਕਾਇਮ ਰੱਖਣ ਲਈ ਮੌਜੂਦਾ ਸਮੇਂ ਦੇ ਚੰਗੇ ਖਿਡਾਰੀਆਂ ਤੇ ਕੋਚਾਂ ਨੂੰ ਅੱਗੇ ਲਿਆਇਆ ਜਾਵੇਗਾ। ਉਨ੍ਹਾਂ ਦੇ ਤਜਰਬਿਆਂ ਦਾ ਲਾਭ ਨਵੇਂ ਖਿਡਾਰੀਆਂ ਨੂੰ ਮਿਲੇਗਾ।