ਨਵੀਂ ਦਿੱਲੀ (ਸਮਾਜਵੀਕਲੀ): ਕੌਮੀ ਰਾਜਧਾਨੀ ਦਿੱਲੀ ਵਿੱਚ ਚੱਲ ਰਹੇ ਲੌਕਡਾਊਨ ਨੂੰ ਅੱਗੇ ਵਧਾਉਣ ਦੀਆਂ ਬੀਤੇ ਦਿਨਾਂ ਤੋਂ ਚੱਲ ਰਹੀਆਂ ਕਿਆਸਅਰਾਈਆਂ ਉਪਰ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਵਿਰਾਮ ਲਾ ਦਿੱਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਲੌਕਡਾਊਨ ਵਧਾਉਣ ਦੀ ਯੋਜਨਾ ਨਹੀਂ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਤਾਲਾਬੰਦੀ ਹੁਣ ਦਿੱਲੀ ਵਿੱਚ ਨਹੀਂ ਵਧਾਈ ਜਾ ਰਹੀ। ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨਾਲ ਦਿੱਲੀ ਵਿੱਚ ਕਰੋਨਾ ਦੀ ਬਣ ਰਹੀ ਵਿਸਫੋਟਕ ਸਥਿਤੀ ਬਾਰੇ ਚਰਚਾ ਕੀਤੀ ਸੀ ਤੇ ਕੇਂਦਰੀ ਮੰਤਰੀ ਨੇ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਸੀ।
ਦਿੱਲੀ ਵਿੱਚ ਰੋਜ਼ਾਨਾ 1000 ਤੋਂ ਵੱਧ ਮਰੀਜ਼ਾ ਪਾਏ ਜਾ ਰਹੇ ਹਨ ਤੇ 1000 ਤੋਂ ਵੱਧ ਮੌਤਾਂ ਹੁਣ ਤੱਕ ਹੋ ਚੁੱਕੀਆਂ ਹਨ, ਜਦੋਂ ਕਿ ਕੁੱਲ ਮਰੀਜ਼ 40 ਹਜ਼ਾਰ ਦੇ ਨੇੜੇ ਪਹੁੰਚ ਗਏ ਹਨ।