ਕੌਮੀ ਰਾਜਧਾਨੀ ਵਿੱਚ ਤਿਉਹਾਰਾਂ ਮਗਰੋਂ ਕਰੋਨਾ ਦੇ ਕੇਸ ਵਧੇ

ਨਵੀਂ ਦਿੱਲੀ (ਸਮਾਜ ਵੀਕਲੀ) : ਰਾਜਧਾਨੀ ਦਿੱਲੀ ਵਿੱਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਤਿਉਹਾਰਾਂ ਮਗਰਬੋਂ ਇਸ ਲਾਗ ਦੀ ਦਰ ਵੀ ਵਧੀ ਹੈ। ਅੱਜ 3235 ਲੋਕ ਕਰੋਨਾ ਵਾਇਰਸ ਦੇ ਮਰੀਜ਼ ਪਾਏ ਗਏ, ਜਦੋਂਕਿ 95 ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਵਿੱਚ 7606 ਕਰੋਨਾ ਮਰੀਜ਼ ਠੀਕ ਵੀ ਹੋਏ ਹਨ। ਉਧਰ ਅਮਿਤ ਸ਼ਾਹ ਨੇ ਦਿੱਲੀ ਵਿੱਚ ਕੋਵਿਡ -19 ਮਾਮਲਿਆਂ ਵਿੱਚ ਵਾਧੇ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ ਤੇ ਇਸ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 15 ਨਵੰਬਰ ਨੂੰ ਕੌਮੀ ਰਾਜਧਾਨੀ ਵਿੱਚ ਮਾਮਲਿਆਂ ਵਿੱਚ ਹੋਏ ਤਾਜ਼ਾ ਵਾਧੇ ਦੇ ਮੱਦੇਨਜ਼ਰ ਦਿੱਲੀ ਦੀ ਕੋਵਿਡ -19 ਸਥਿਤੀ ਦਾ ਜਾਇਜ਼ਾ ਲਿਆ। ਸ੍ਰੀ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ, ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਦਿੱਲੀ ਵਿੱਚ ਕੋਵਿਡ -19 ਮਾਮਲਿਆਂ ਵਿੱਚ ਵਾਧੇ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ ਤੇ ਇਸ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ।

ਅਧਿਕਾਰੀ ਨੇ ਦੱਸਿਆ ਕਿ ਇਹ ਮੀਟਿੰਗ ਦਿੱਲੀ ਵਿਚ ਕਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਖ਼ਾਸਕਰ ਤਿਉਹਾਰਾਂ ਦੌਰਾਨ ਵਧ ਰਹੇ ਪ੍ਰਦੂਸ਼ਣ ਦੇ ਨਾਲ-ਨਾਲ ਘੱਟ ਰਹੇ ਤਾਪਮਾਨ ਦੇ ਮੱਦੇਨਜ਼ਰ ਰਣਨੀਤੀ ਘੜਨ ਲਈ ਬੁਲਾਈ ਗਈ ਸੀ। ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਇਹ ਅਹਿਦ ਲਿਆ ਗਿਆ ਕਿ ਟੈਸਟਿੰਗ, ਸੰਪਰਕ-ਟਰੇਸਿੰਗ ਤੇ ਇਲਾਜ ਲਈ ਯਤਨ ਕੀਤੇ ਜਾਣਗੇ, ਖ਼ਾਸਕਰ ਸੰਵੇਦਨਸ਼ੀਲ ਜ਼ੋਨਾਂ ਵਿੱਚ। ਇਹ ਵੀ ਜ਼ੋਰ ਦਿੱਤਾ ਕਿ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐੱਸਓਪੀਜ਼) ਦੇ ਅਨੁਸਾਰ ਮੈਟਰੋ ਰਾਹੀਂ ਯਾਤਰਾ ਨੂੰ ਨਿਯਮਿਤ ਰੂਪ ਵਿੱਚ ਕੀਤਾ ਜਾਣਾ ਚਾਹੀਦਾ ਹੈ।

ਸਿਹਤ ਵਿਭਾਗ ਨੇ ਬੁਲੇਟਿਨ ਜਾਰੀ ਕਰਦਿਆਂ ਕਿਹਾ ਹੈ ਕਿ ਦਿੱਲੀ ਵਿੱਚ ਇੱਕ ਦਿਨ ਪਹਿਲਾਂ 21098 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਲਾਗ ਦੀ ਦਰ 15.33 ਫ਼ੀਸਦ ਸੀ। ਜਾਂਚ ਦੀ ਗਿਣਤੀ 14 ਅਗਸਤ ਤੋਂ ਸਭ ਤੋਂ ਘੱਟ ਸੀ, ਜਦੋਂ ਇੱਕ ਦਿਨ ਵਿੱਚ 14389 ਨਮੂਨਿਆਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ 26 ਅਕਤੂਬਰ ਤੋਂ ਬਾਅਦ ਐਤਵਾਰ ਨੂੰ ਸਭ ਤੋਂ ਘੱਟ ਨਵੀਂ ਲਾਗ ਦੀ ਰਿਪੋਰਟ ਦਰਜ ਕੀਤੀ ਗਈ ਸੀ।

ਐਤਵਾਰ ਨੂੰ ਦਿੱਲੀ ਵਿੱਚ 95 ਲੋਕਾਂ ਦੀ ਮੌਤ ਹੋ ਗਈਆਂ, ਜਿਸ ਮਗਰੋਂ ਕੌਮੀ ਰਾਜਧਾਨੀ ਵਿੱਚ ਮਰਨ ਵਾਲਿਆਂ ਦੀ ਗਿਣਤੀ 7614 ਹੋ ਗਈ ਹੈ। ਮਰੀਜ਼ਾਂ ਦੀ ਕੁੱਲ ਗਿਣਤੀ 4,85,405 ਹੋ ਗਈ ਹੈ। ਬੁੱਧਵਾਰ ਨੂੰ ਇਕ ਦਿਨ ਵਿਚ ਹੀ ਦਿੱਲੀ ਵਿਚ ਸਭ ਤੋਂ ਵੱਧ 8593 ਨਵੇਂ ਕੇਸ ਦਰਜ ਹੋਏ ਤੇ 85 ਲੋਕਾਂ ਦੀ ਮੌਤ ਹੋ ਗਈ ਸੀ। 12 ਨਵੰਬਰ ਨੂੰ 104 ਲੋਕਾਂ ਦੀ ਮੌਤ ਹੋਈ ਜੋ ਪੰਜ ਮਹੀਨਿਆਂ ਵਿੱਚ ਸਭ ਤੋਂ ਵੱਧ ਸੀ। ਪਿਛਲੇ 10 ਦਿਨਾਂ ਵਿਚ ਕੋਵਿਡ -19 ਤੋਂ ਔਸਤਨ ਮੌਤ ਦਰ 1.23 ਫ਼ੀਸਦੀ ਹੈ।

ਸ੍ਰੀ ਸ਼ਾਹ ਨਾਲ ਹੋਈ ਬੈਠਕ ਮਗਰੋਂ ਇਹ ਦੱਸਿਆ ਗਿਆ ਕਿ ਆਰਟੀ-ਪੀਸੀਆਰ ਨਾਲ ਜਾਂਚ ਦੁੱਗਣੀ ਕੀਤੀ ਜਾਵੇਗੀ। ਕੇਂਦਰੀ ਸਿਹਤ ਮੰਤਰਾਲੇ ਦੀ ਮੋਬਾਈਲ ਵੈਨ ਤੇ ਆਈਸੀਐਮਆਰ ਨੂੰ ਜ਼ਿਆਦਾ ਲਾਗ ਫੈਲੇ ਇਲਾਕਿਆਂ ਵਿੱਚ ਲਾਇਆ ਜਾਵੇਗਾ। ਦਿੱਲੀ ਦੇ ਹਸਪਤਾਲਾਂ ਦੀ ਸਮਰੱਥਾ ਤੇ ਮੈਡੀਕਲ ਬੁਨਿਆਦੀ ਢਾਂਚੇ ਦੀ ਮੌਜੂਦਾ ਉਪਲੱਭਧਤਾ ਬਿਹਤਰ ਕੀਤੀ ਜਾਵੇਗੀ ਤੇ ਧੌਲ੍ਹਾ ਕੂੰਆਂ ਸਥਿਤ ਡੀਆਰਡੀਓ ਕੋਵਿਡ ਸਹੂਲਤ ਵਿੱਚ 250-300 ਹੋਰ ਕੋਵਿਡ ਬਿਸਤਰੇ ਦਿੱਤੇ ਜਾਣਗੇ।

Previous articleਵਕੀਲ ਤੇ ਸਹਾਇਕ ਕਾਰ ’ਚ ਜਿਊਂਦੇ ਸੜੇ
Next articleਪੰਜਾਬ ’ਚ ਪਰਾਲੀ ਸਾੜਨ ਦੀਆਂ 73 ਹਜ਼ਾਰ ਤੋਂ ਵੱਧ ਘਟਨਾਵਾਂ