ਕੌਮੀ ਪੱਧਰ ਦੇ ਅੰਦੋਲਨ ਲਈ ਕਿਸਾਨਾਂ ਦੀ ਪੇਸ਼ਕਦਮੀ

ਚੰਡੀਗੜ੍ਹ (ਸਮਾਜ ਵੀਕਲੀ) : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਦਿੱਤੇ ਪੰਜ ਨਵੰਬਰ ਦੇ ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ ਲਈ ਕਿਸਾਨ ਧਿਰਾਂ ਨੇ ਭਰਵਾਂ ਹੁੰਗਾਰਾ ਦੇਣਾ ਸ਼ੁਰੂ ਕੀਤਾ ਹੈ। ਤਾਲਮੇਲ ਕਮੇਟੀ ਨੇ ਕੌਮੀ ਪੱਧਰ ’ਤੇ ਕਿਸਾਨ ਅੰਦੋਲਨ ਵਿਚੋਂ ਬਾਹਰ ਰਹਿ ਗਈਆਂ ਕਿਸਾਨ ਧਿਰਾਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਉਹ ਪੰਜ ਨਵੰਬਰ ਦੇ ਚੱਕਾ ਜਾਮ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣਗੇ।

ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਬਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਕੌਮੀ ਪੱਧਰ ਦੇ ਅੰਦੋਲਨ ’ਚ ਪੰਜ ਨਵੰਬਰ ਨੂੰ ਪੰਜਾਬ ਦੇ ਦਸ ਜ਼ਿਲ੍ਹਿਆਂ ਵਿਚ ਚੱਕਾ ਜਾਮ ਕਰਨਗੇ। ਉਨ੍ਹਾਂ ਦੱਸਿਆ ਕਿ ਮਾਝੇ ਅਤੇ ਦੋਆਬੇ ਤੋਂ ਇਲਾਵਾ ਮਾਲਵੇ ਦੇ ਮੋਗਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਕੌਮੀ ਸੜਕ ਮਾਰਗ, ਸਟੇਟ ਅਤੇ ਲਿੰਕ ਮਾਰਗਾਂ ’ਤੇ ਜਾਮ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ‘ਦਿੱਲੀ ਚੱਲੋ’ ਪ੍ਰੋਗਰਾਮ ਲਈ ਅਗਲੇ ਦਿਨਾਂ ਵਿਚ ਮੀਟਿੰਗ ਕਰਕੇ ਫ਼ੈਸਲਾ ਕੀਤਾ ਜਾਵੇਗਾ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ 35ਵੇਂ ਦਿਨ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ’ਤੇ ਧਰਨਾ ਦਿੱਤਾ। ਕਮੇਟੀ ਨੇ ਹੁਣ ਰੇਲ ਮਾਰਗ 29 ਅਕਤੂਬਰ ਤੋਂ ਵਧਾ ਕੇ 6 ਨਵੰਬਰ ਤੱਕ ਰੋਕਣ ਦਾ ਫ਼ੈਸਲਾ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਜਾਰੀ ਬਿਆਨ ਵਿਚ ਕਿਹਾ ਕਿ ਕੌਮੀ ਪੱਧਰ ’ਤੇ ਕਿਸਾਨ ਧਿਰਾਂ ਵੱਲੋਂ ਲਏ ਫ਼ੈਸਲਿਆਂ ਨੂੰ ਉਹ ਇੰਨ-ਬਿੰਨ ਲਾਗੂ ਕਰਨਗੇ ਅਤੇ ਹਰੇਕ ਸੰਘਰਸ਼ ਵਿਚ ਮੋਹਰੀ ਰੋਲ ਅਦਾ ਕੀਤਾ ਜਾਵੇਗਾ।

ਬੀ.ਕੇ.ਯੂ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਜਾਰੀ ਬਿਆਨ ’ਚ ਦੱਸਿਆ ਕਿ 5 ਨਵੰਬਰ ਦੇ ਚੱਕਾ ਜਾਮ ਅਤੇ ‘ਦਿੱਲੀ ਚਲੋ’ ਸੰਘਰਸ਼ ’ਚ ਸ਼ਮੂਲੀਅਤ ਲਈ ਜਥੇਬੰਦੀ ਨੇ 30 ਅਕਤੂਬਰ ਨੂੰ ਵਿਸ਼ੇਸ਼ ਮੀਟਿੰਗ ਸੱਦ ਲਈ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਰੱਦ ਕਰਾਉਣ ਲਈ ਘੋਲ ਦਾ ਮੁੱਖ ਨਿਸ਼ਾਨਾ ਕੇਂਦਰ ਸਰਕਾਰ ਸਮੇਤ ਅਡਾਨੀ-ਅੰਬਾਨੀ ਜਿਹੇ ਘਰਾਣੇ ਹਨ।

ਉਨ੍ਹਾਂ ਕਿਹਾ ਕਿ ਮੋਰਚੇ ਲਾ ਕੇ ਹਾਕਮ ਤੇ ਵਿਰੋਧੀ ਧਿਰਾਂ ਨੂੰ ਨਿਸ਼ਾਨੇ ’ਤੇ ਲਿਆ ਗਿਆ ਹੈ। ਭਾਜਪਾ ਆਗੂਆਂ ਦੀ ਘੇਰਾਬੰਦੀ ਅਤੇ ਪ੍ਰਾਈਵੇਟ ਥਰਮਲਾਂ ਤੋਂ ਇਲਾਵਾ 42 ਸ਼ਹਿਰਾਂ ਵਿਚ ਪੁਤਲੇ ਫੂਕਣ ਸਮੇਤ ਕਾਰਪੋਰੇਟਾਂ ਦੇ ਕਾਰੋਬਾਰ ਠੱਪ ਕੀਤੇ ਗਏ ਹਨ। ਇਸ ਤੋਂ ਇਲਾਵਾ ਅੱਜ ਪੰਜਾਬ ਵਿਚ ਕਿਸਾਨ ਅੰਦੋਲਨ ਤਹਿਤ 30 ਕਿਸਾਨ ਧਿਰਾਂ ਵੱਲੋਂ ਟੌਲ ਪਲਾਜ਼ਿਆਂ ਅਤੇ ਰਿਲਾਇੰਸ ਪੰਪਾਂ ਅੱਗੇ ਪ੍ਰਦਰਸ਼ਨ ਜਾਰੀ ਰੱਖੇ ਗਏ।

Previous articleਟਵਿੱਟਰ ਵਲੋਂ ਲੱਦਾਖ ਨੂੰ ਚੀਨ ਦਾ ਹਿੱਸਾ ਦਿਖਾਊਣਾ ਦੇਸ਼ਧ੍ਰੋਹ: ਸੰਸਦੀ ਕਮੇਟੀ
Next articleਕੇਂਦਰ ਸਰਕਾਰ ਨੂੰ ਨਹੀਂ ਪਤਾ ਕਿਸ ਨੇ ਬਣਾਈ ‘ਅਰੋਗਿਆ ਸੇਤੂ ਐਪ’