ਕੌਮੀ ਪੁਰਸਕਾਰ ਜੇਤੂ ਪੰਚਾਇਤਾਂ ਨੂੰ ਤਰਜੀਹ ਦਿਆਂਗੇ: ਬਾਜਵਾ

ਚੰਡੀਗੜ੍ਹ (ਸਮਾਜ ਵੀਕਲੀ) : ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੌਮੀ ਪੁਰਸਕਾਰ ਜੇਤੂ ਗਰਾਮ ਪੰਚਾਇਤਾਂ ਨੂੰ ਥਾਪੜਾ ਦਿੱਤਾ ਹੈ ਕਿ ਉਹ ਪੰਜਾਬ ਦੇ ਬਾਕੀ ਪਿੰਡਾਂ ਨੂੰ ਨਮੂਨੇ ਦੇ ਪਿੰਡ ਬਣਾਉਣ ਲਈ ਰਾਹ ਦਸੇਰਾ ਬਣਨ। ਬਾਜਵਾ ਨੇ ਪੰਜਾਬ ਸਰਕਾਰ ਤਰਫੋਂ ਕੌਮੀ ਐਵਾਰਡ ਜੇਤੂ ਪਿੰਡਾਂ ਨੂੰ ਤਰਜੀਹੀ ਆਧਾਰ ’ਤੇ ਫੰਡ ਦੇਣ ਦੀ ਗੱਲ ਆਖੀ ਹੈ। ਬਾਜਵਾ ਨੇ ਕਿਹਾ ਕਿ ਪੇਂਡੂ ਵਿਕਾਸ ਵਿੱਚ ਨਵੀਆਂ ਪੈੜਾਂ ਪਾਉਣ ਲਈ ਗਰਾਮ ਪੰਚਾਇਤਾਂ ਆਧੁਨਿਕ ਵਿਕਾਸ ਦੇ ਰਾਹ ਪਏ ਪਿੰਡਾਂ ਤੋਂ ਸੇਧ ਲੈਣ।

ਚੰਡੀਗੜ੍ਹ ਵਿੱਚ ਪੰਚਾਇਤ ਮੰਤਰੀ ਬਾਜਵਾ ਨੂੰ ਮਿਲ ਕੇ ਬਠਿੰਡਾ ਦੇ ਪਿੰਡ ਮਾਣਕਖਾਨਾ ਦੀ ਸਰਪੰਚ ਸੈਸ਼ਨਦੀਪ ਕੌਰ ਨੇ ਆਪਣੇ ਪਿੰਡ ਦੇ ਵਿਕਾਸ ਦੇ ਤਜ਼ਰਬੇ ਸਾਂਝੇ ਕੀਤੇ। ਚੇਤੇ ਰਹੇ ਕਿ ਐਤਕੀਂ ਪੰਜਾਬ ਨੂੰ ਮਿਲੇ 9 ਕੌਮੀ ਐਵਾਰਡਾਂ ਵਿੱਚੋਂ ਦੋ ਕੌਮੀ ਐਵਾਰਡ ਪਿੰਡ ਮਾਣਕਖਾਨਾ ਨੂੰ ਮਿਲੇ ਹਨ। ਇਸ ਪਿੰਡ ਦੀ ਸਰਪੰਚ ਨੇ ਮੰਤਰੀ ਕੋਲ ਆਪਣੇ ਮਸਲੇ ਰੱਖੇ ਅਤੇ ਬਾਜਵਾ ਨੇ ਮੌਕੇ ’ਤੇ ਹੀ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਬਾਜਵਾ ਨੇ ਸਰਪੰਚ ਸੈਸ਼ਨਦੀਪ ਕੌਰ ਨੂੰ ਕੌਮੀ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ।

ਸਰਪੰਚ ਸੈਸ਼ਨਦੀਪ ਕੌਰ ਨੇ ਮੰਗ ਕੀਤੀ ਕਿ ਮਾਣਕਖਾਨਾ ਵਿੱਚ ਛੱਪੜ ਦੇ ਗੰਦੇ ਪਾਣੀ ਦਾ ਨਿਕਾਸ ਲਈ ਫੰਡ ਦਿੱਤੇ ਜਾਣ ਤਾਂ ਜੋ ਛੱਪੜ ਦੇ ਪਾਣੀ ਦੇ ਹੱਲ ਲਈ ਥਾਪਰ ਮਾਡਲ ਤਹਿਤ ਟਰੀਟਮੈਂਟ ਪਲਾਂਟ ਲਾਇਆ ਜਾ ਸਕੇ। ਸਰਪੰਚ ਨੇ ਪਿੰਡ ਦੀ ਫਿਰਨੀ ਅਤੇ ਝੰਡੂਕੇ ਦੇ ਕੱਚੇ ਰਸਤੇ ਨੂੰ ਪੱਕਾ ਕਰਨ ਲਈ ਸੜਕ ਬਣਾਏ ਜਾਣ, ਗਲੀਆਂ-ਨਾਲੀਆਂ ਅਤੇ ਮਿਨੀ ਸੀਵਰੇਜ ਪਾਉਣ ਤੋਂ ਇਲਾਵਾ ਇੰਟਰਲਾਕ ਟਾਇਲਾਂ ਲਈ ਵਿਸ਼ੇਸ਼ ਗਰਾਂਟ ਦੀ ਮੰਗ ਕੀਤੀ। ਇਸ ਮੌਕੇ ਟਰਾਂਸਪੋਰਟਰ ਜਗਸੀਰ ਸਿੰਘ ਸਿੱਧੂ ਅਤੇ ਵੀਡੀਓ ਪਰਮਜੀਤ ਸਿੰਘ ਭੁੱਲਰ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਮੋਰਚੇ ’ਚ ਸ਼ਾਮਲ ਹੋਣ ਲਈ ਕਿਸਾਨਾਂ ਦਾ ਕਾਫ਼ਲਾ ਰਵਾਨਾ
Next articleਸਿਹਤ ਸਹੂਲਤਾਂ ਦੀ ਨਾਕਾਮੀ ਕੈਪਟਨ ਸਰਕਾਰ ਦੇ ਮੱਥੇ ’ਤੇ ਕਲੰਕ: ਚੀਮਾ