ਮਮਦੋਟ/ਫ਼ਿਰੋਜ਼ਪੁਰ (ਸਮਾਜ ਵੀਕਲੀ): ਇਥੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਬੀਐੱਸਐੱਫ਼ ਦੇ ਜਵਾਨਾਂ ਨੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਖੇਪ ਪਾਕਿਸਤਾਨ ਵਿਚ ਬੈਠੇ ਹੈਰੋਇਨ ਦੇ ਤਸਕਰਾਂ ਵੱਲੋਂ ਭਾਰਤ ਵਿਚ ਭੇਜੀ ਗਈ ਸੀ ਜਿਸ ਨੂੰ ਮੁਸਤੈਦੀ ਨਾਲ ਡਿਊਟੀ ਕਰ ਰਹੇ ਬੀਐੱਸਐੱਫ ਦੇ ਜਵਾਨਾਂ ਨੇ ਕਾਬੂ ਕਰ ਲਿਆ। ਕੌਮਾਂਤਰੀ ਬਾਜ਼ਾਰ ’ਚ ਇਸ ਹੈਰੋਇਨ ਦੀ ਕੀਮਤ ਪੰਜਾਹ ਕਰੋੜ ਰੁਪਏ ਦੱਸੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਅੱਜ ਤੜਕਸਾਰ ਮਮਦੋਟ ਖੇਤਰ ਵਿਚ ਪੈਂਦੀ ਬੀਐੱਸਐੱਫ਼ ਦੀ ਚੌਕੀ ਗੱਟੀ ਹਯਾਤ ਨਜ਼ਦੀਕ 29ਵੀਂ ਬਟਾਲੀਅਨ ਦੇ ਜਵਾਨ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਵਾਲੇ ਪਾਸਿਉਂ ਕੁਝ ਹਲਚਲ ਹੁੰਦੀ ਵੇਖੀ ਤਾਂ ਲਲਕਾਰਾ ਮਾਰਿਆ। ਜਵਾਨਾਂ ਨੂੰ ਕੁਝ ਤਸਕਰਾਂ ਦੇ ਭਾਰਤ ਅੰਦਰ ਦਾਖ਼ਲ ਹੋਣ ਦਾ ਸ਼ੱਕ ਪਿਆ ਤਾਂ ਉਨ੍ਹਾਂ ਨੇ ਫ਼ਾਇਰਿੰਗ ਕਰ ਦਿੱਤੀ। ਨਸ਼ਾ ਤਸਕਰ ਹੈਰੋਇਨ ਦੀ ਖੇਪ ਭਾਰਤ ਵਾਲੇ ਪਾਸੇ ਸੁੱਟ ਕੇ ਧੁੰਦ ਦਾ ਫ਼ਾਇਦਾ ਚੁੱਕਦੇ ਹੋਏ ਪਿਛਾਂਹ ਭੱਜ ਗਏ।
ਸਵੇਰ ਹੁੰਦਿਆਂ ਜਦੋਂ ਬੀਐੱਸਐੱਫ ਜਵਾਨਾਂ ਨੇ ਉਸ ਥਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਤਾਂ ਉਥੋਂ ਪੈਕੇਟਾਂ ਵਿੱਚ ਬੰਦ 10.265 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਕੌਮਾਂਤਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ 51.5 ਕਰੋੜ ਰੁਪਏ ਦੱਸੀ ਜਾਂਦੀ ਹੈ। ਥਾਣਾ ਮਮਦੋਟ ਵਿੱਚ ਇਸ ਸਬੰਧੀ ਕੇਸ ਦਰਜ ਕਰਕੇ ਪੜਤਾਲ ਆਰੰਭ ਦਿੱਤੀ ਗਈ ਹੈ।