ਕੌਮਾਂਤਰੀ ਰੈੱਡ ਕਰਾਸ ਦਿਵਸ – 8 ਮਈ

 

ਮਾਨਵਤਾ ਨੂੰ ਸਮਰਪਿਤ ਸੰਸਥਾਵਾਂ ਦਾ ਜ਼ਿਕਰ ਹੁੰਦਿਆਂ ਰੈੱਡ ਕਰਾਸ ਦਾ ਨਾਮ ਆਪ ਮੁਹਾਰੇ ਜ਼ੁਬਾਨ ਤੇ ਆ ਜਾਂਦਾ ਹੈ। ਸਵਿਟਜ਼ਰਲੈਂਡ ਦੇ ਉੱਦਮੀ, ਰੈੱਡ ਕਰਾਸ ਦੇ ਸੰਸਥਾਪਕ  ਅਤੇ 1901 ਵਿੱਚ ਵਿਸ਼ਵ ਸ਼ਾਂਤੀ ਦੇ ਲਈ ਪਹਿਲੇ ਨੋਬਲ ਪੁਰਸਕਾਰ ਜੇਤੂ ਜੀਨ ਹੇਨਰੀ ਡਿਊਨੈਂਟ ਦੇ ਜਨਮ ਦਿਨ ਤੇ ਹਰ ਸਾਲ 8 ਮਈ ਨੂੰ ਕੌਮਾਂਤਰੀ ਰੈੱਡ ਕਰਾਸ ਦਿਵਸ ਮਨਾਇਆ ਜਾਂਦਾ ਹੈ। ਰੈੱਡ ਕਰਾਸ ਆਪਣੀ ਕਾਰਜਸ਼ੈਲੀ ਦੌਰਾਨ  ਮੁੱਖ ਸੱਤ ਸਿਧਾਂਤਾਂ ਮਨੁੱਖਤਾ, ਸਮਦਰਸ਼ਤਾ, ਨਿਰਪੱਖਤਾ, ਆਜ਼ਾਦੀ, ਵਲੰਟਰੀ ਸੇਵਾ, ਏਕਤਾ ਅਤੇ ਸਰਵ ਵਿਆਪਕਤਾ ਦੇ ਨਿਰੰਤਰ ਪਹਿਰਾ ਦਿੰਦਾ ਆ ਰਿਹਾ ਹੈ।

ਇੰਟਰਨੈਸ਼ਨਲ ਕਮੇਟੀ ਆੱਫ਼ ਦ ਰੈੱਡ ਕਰਾਸ (ਆਈ.ਸੀ.ਆਰ.ਸੀ.) ਦੀ ਸਥਾਪਨਾ 1863 ਵਿੱਚ ਹੋਈ ਅਤੇ ਇਹ ਸੰਸਥਾ ਯੁੱਧ ਪੀੜਤ ਲੋਕਾਂ, ਸੈਨਿਕਾਂ ਅਤੇ ਯੁੱਧ ਬੰਦੀਆਂ ਲਈ ਕੰਮ ਕਰਦੀ ਰਹੀ ਹੈ। ਰੈੱਡ ਕਰਾਸ ਉਹਨਾਂ ਕਾਨੂੰਨਾਂ ਨੂੰ ਉਤਸ਼ਾਹਿਤ ਕਰਦੀ ਹੈ ਜਿਸ ਨਾਲ ਯੁੱਧ ਪੀੜਤਾਂ ਦੀ ਸੁਰੱਖਿਆ ਹੋ ਸਕੇ। ਰੈੱਡ ਕਰਾਸ ਦਾ ਮੁੱਖ ਦਫ਼ਤਰ ਜਿਨੇਵਾ (ਸਵਿਟਜ਼ਰਲੈਂਡ) ਵਿਖੇ ਹੈ। ਰੈੱਡ ਕਰਾਸ ਦਾ ਮੁੱਖ ਉਦੇਸ਼ ਜਿਥੇ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ-ਸੰਭਾਲ ਕਰਨਾ ਹੈ, ਉਥੇ ਆਫਤਾਂ, ਹੜ੍ਹਾਂ, ਸੋਕੇ, ਭੁਚਾਲ ਅਤੇ ਬੀਮਾਰੀਆਂ ਆਦਿ ਤੋਂ ਪੀੜਤ ਲੋਕਾਂ ਦੀ ਅੱਗੇ ਹੋ ਕੇ ਬਿਨ੍ਹਾਂ ਕਿਸੇ ਵਿਤਕਰੇ ਤੋਂ ਸੇਵਾ ਕਰਨਾ  ਹੈ।

ਸੰਸਾਰ ਦੇ ਤਕਰੀਬਨ ਹਰ ਦੇਸ਼ ਵਿੱਚ ਰੈੱਡ ਕਰਾਸ-ਰੈੱਡ ਕਰੀਸੈਂਟ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਹਨ। ਭਾਰਤ ਸਰਕਾਰ ਦੇ ਪਾਰਲੀਮੈਂਟ ਐਕਟ 15 ਅਧੀਨ ਸਾਲ 1920 ਵਿੱਚ ਭਾਰਤੀ ਰੈੱਡ ਕਰਾਸ ਸੋਸਾਇਟੀ ਦਾ ਗਠਨ ਕੀਤਾ ਗਿਆ। ਸਾਲ 1994 ਵਿੱਚ ਬਣਾਏ ਨਿਯਮਾਂ ਅਨੁਸਾਰ ਭਾਰਤੀ ਰੈੱਡ ਕਰਾਸ ਸੋਸਾਇਟੀ ਦੇ ਪ੍ਰਧਾਨ ਰਾਸ਼ਟਰਪਤੀ ਅਤੇ ਚੇਅਰਮੈਨ ਕੇਂਦਰੀ ਸਿਹਤ ਮੰਤਰੀ ਨੂੰ ਬਣਾਇਆ ਗਿਆ। ਰੈੱਡ ਕਰਾਸ ਦੇ ਨਿਸ਼ਾਨ ਦੀ ਗਲਤ ਵਰਤੋਂ ਕਰਨ ਤੇ ਜ਼ੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਉਸ ਵਿਅਕਤੀ ਦੀ ਸੰਪੱਤੀ ਵੀ ਜ਼ਬਤ ਕੀਤੀ ਜਾ ਸਕਦੀ ਹੈ।

ਪੰਜ ਪਾਣੀਆਂ ਦੀ ਧਰਤੀ ਪੰਜਾਬ ਦੇ ਇਤਿਹਾਸ ਵਿੱਚ ਭਾਈ ਘਨ੍ਹਈਆ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਜ਼ਖਮੀਆਂ ਨੂੰ ਪਾਣੀ ਪਿਲਾ ਅਤੇ ਮਰਹਮ ਪੱਟੀਆਂ ਕਰ ਕੇ ਅਜਿਹੀ ਹੀ ਮਾਨਵਤਾ ਦੀ ਸੇਵਾ ਦੀ ਉੱਚ ਸੋਚ ਦੀ ਪਿਊਂਦ ਲਗਾਈ ਜਿਸ ਦਾ ਝੰਡਾ ਰੈੱਡ ਕਰਾਸ ਨੇ ਚੁੱਕਿਆ ਹੋਇਆ ਹੈ। ਇਹ ਕੋਈ ਅੱਤਕੱਥਨੀ ਨਹੀਂ ਕਿ ਪੰਜਾਬ ਵਿੱਚ ਭਾਈ ਘੱਨ੍ਹਈਆ ਜੀ ਨੇ ਰੈੱਡ ਕਰਾਸ ਦੀ ਵਿਚਾਰਧਾਰਾ ਨੂੰ ਪਹਿਲਾਂ ਹੀ ਜਨਮ ਦੇ ਦਿੱਤਾ ਸੀ ਅਤੇ ਮਨੁੱਖਤਾ ਦੀ ਪੁੱਜ ਕੇ ਸੇਵਾ ਕੀਤੀ। ਇਸ ਲਈ ਪੰਜਾਬ ਵਿੱਚ ਭਾਈ ਘਨ੍ਹਈਆ ਜੀ ਨੂੰ ਵੀ ਰੈੱਡ ਕਰਾਸ ਦੇ ਪਹਿਲੇ ਪਰਿਵਰਤਕ ਦੇ ਤੌਰ ਉੱਤੇ ਯਾਦ ਕੀਤਾ ਜਾਂਦਾ ਹੈ।

ਸਾਲ 1937 ਵਿੱਚ ਰੈੱਡ ਕਰਾਸ ਸੰਸਥਾ ਦੁਆਰਾ ਵਿਸ਼ਵ ਦਾ ਪਹਿਲਾ ਬਲੱਡ ਬੈਂਕ ਅਮਰੀਕਾ ਵਿੱਚ ਖੋਲਿਆ ਗਿਆ ਅਤੇ ਭਾਰਤ ਵਿੱਚ 1942 ਵਿੱਚ ਕਲਕੱਤੇ ਦੇ ਆਲ ਇੰਡੀਆ ਇੰਸਟੀਚਿਊਟ ਆੱਫ਼ ਹਾਈਜੀਨ ਐਂਡ ਪਬਲਿਕ ਹੈਲਥ ਦੇ ਅਧੀਨ ਭਾਰਤੀ ਰੈੱਡ ਕਰਾਸ ਸੋਸਾਇਟੀ ਦੁਆਰਾ ਪਹਿਲਾ ਬਲੱਡ ਬੈਂਕ ਸਥਾਪਿਤ ਕੀਤਾ ਗਿਆ। ਸਾਲ 1977 ਵਿੱਚ ਭਾਰਤੀ ਰੈੱਡ ਕਰਾਸ ਸੋਸਾਇਟੀ ਹੈੱਡਕੁਆਟਰ ਦੁਆਰਾ ਸਿੱਧੇ ਤੌਰ ਤੇ ਬਲੱਡ ਬੈਂਕਾਂ ਦਾ ਸੰਚਾਲਨ ਕੀਤਾ ਜਾਣ ਲੱਗਾ ਅਤੇ ਇਸਦੇ ਤਹਿਤ ਵੱਖੋ ਵੱਖਰੇ ਰਾਜਾਂ ਵਿੱਚ ਇਸਦੀਆਂ ਸ਼ਾਖਾਵਾਂ ਸਥਾਪਿਤ ਕੀਤੀਆਂ ਗਈਆਂ।

ਰੈੱਡ ਕਰਾਸ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਸਮੇਂ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਜ਼ਖ਼ਮੀ ਸੈਨਿਕਾਂ ਅਤੇ ਨਾਗਰਿਕਾਂ ਦੀ ਸਹਾਇਤਾ ਕੀਤੀ। ਰੈੱਡ ਕਰਾਸ ਦੇ ਸਾਰਥਕ ਕਾਰਜਾਂ ਕਰਕੇ ਹੀ ਸਾਲ 1917 ਦਾ ਸ਼ਾਂਤੀ ਨੋਬਲ ਪੁਰਸਕਾਰ ਰੈੱਡ ਕਰਾਸ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ ਰੈੱਡ ਕਰਾਸ ਨੂੰ 1944 ਅਤੇ 1963 ਵਿੱਚ ਵੀ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਮੌਜੂਦਾ ਸਮੇਂ ਸੰਸਾਰ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ ਮਾਨਵਤਾ ਦੀ ਸੇਵਾ ਵਿੱਚ ਰੈੱਡ ਕਰਾਸ ਅਤੇ ਉਸਦੇ ਵਲੰਟੀਅਰ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ।

  • ਗੋਬਿੰਦਰ ਸਿੰਘ ਢੀਂਡਸਾ
  • ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
  • ਜ਼ਿਲ੍ਹਾ ਸੰਗਰੂਰ (ਪੰਜਾਬ)
  • ਈਮੇਲ- [email protected]
Previous articleਪਿਆਰ, ਭਾਵਨਾਵਾਂ ਅਤੇ ਅਹਿਸਾਸਾਂ ਦੀ ਕਦਰ ਤੋਂ ਬਿਨਾਂ ਨੀਰਸ ਜ਼ਿੰਦਗੀ
Next articleਗਾਖਲ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਫਰੀਮਾਂਟ ਦੀ ਪ੍ਰਬੰਧਕ ਕਮੇਟੀ ਨੂੰ 2000 ਡਾਲਰ ਦੀ ਮਦਦ