ਨਿਰਧਾਰਤ ਸਮੇਂ ਤੋਂ 12 ਘੰਟੇ ਦੇਰੀ ਨਾਲ ਪਹੁੰਚਿਆ ਨਗਰ ਕੀਰਤਨ
ਗੁਰਦੁਆਰਾ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ ਅੱਜ ਸਵੇਰੇ 8 ਵਜੇ ਦੇ ਕਰੀਬ ਡੇਰਾ ਬਾਬਾ ਨਾਨਕ ਪਹੁੰਚਿਆ, ਜਿੱਥੇ ਵੱਡੀ ਗਿਣਤੀ ਵਿੱਚ ਜੁੜੀਆਂ ਸੰਗਤਾਂ ਨੇ ਜੈਕਾਰਿਆਂ ਨਾਲ ਭਰਵਾਂ ਸਵਾਗਤ ਕੀਤਾ। ਅਸਲ ਵਿੱਚ ਇਹ ਨਗਰ ਕੀਰਤਨ ਸ਼ੁੱਕਰਵਾਰ ਰਾਤ ਕਰੀਬ 9 ਵਜੇ ਡੇਰਾ ਬਾਬਾ ਨਾਨਕ ਪਹੁੰਚਣਾ ਸੀ, ਪਰ ਅੰਮ੍ਰਿਤਸਰ ਤੋਂ ਇੱਥੇ ਆਉਂਦਿਆਂ ਰਸਤੇ ਵਿੱਚ ਸੰਗਤਾਂ ਵੱਲੋਂ ਥਾਂ ਥਾਂ ’ਤੇ ਸਵਾਗਤ ਕੀਤੇ ਜਾਣ ਕਰਕੇ ਇਹ ਨਿਰਧਾਰਤ ਸਮੇਂ ਤੋਂ 12 ਘੰਟੇ ਦੇਰੀ ਨਾਲ ਪਹੁੰਚਿਆ। ਇਤਿਹਾਸਿਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਪਹੁੰਚਣ ’ਤੇ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਕਰਮਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜੋਗਿੰਦਰ ਕੌਰ ਅਤੇ ਭਾਈ ਗੁਰਿੰਦਰਪਾਲ ਸਿੰਘ ਗੋਰਾ, ਭਾਈ ਸੁਖਵਿੰਦਰ ਸਿੰਘ ਅਗਵਾਨ ਸਮੇਤ ਹੋਰ ਵੱਖ ਵੱਖ ਰਾਜਸੀ ਧਿਰਾਂ ਦੇ ਆਗੂਆਂ ਨੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ। ਕਰੀਬ 4 ਘੰਟੇ ਰੁਕੇ ਨਗਰ ਕੀਰਤਨ ਦੌਰਾਨ ਰਾਗੀ ਜਥਿਆਂ ਨੇ ਪਹਿਲੀ ਪਾਤਸ਼ਾਹੀ ਦੀ ਉਸਤਤਿ ਵਿੱਚ ਸ਼ਬਦ ਗਾਇਨ ਕੀਤੇ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਕਲਿਆਣਪੁਰ ਨੇ ਦੱਸਿਆ ਕਿ ਕੌਮਾਂਤਰੀ ਨਗਰ ਕੀਤਰਨ ਦੇ ਸਵਾਗਤ ਲਈ ਇਲਾਕੇ ਦੀਆਂ ਸੰਗਤਾਂ ਦੁਆਰਾ ਸੜਕ ਦੇ ਦੋਵੇਂ ਪਾਸਿਆਂ ’ਤੇ ਘੰੰਟਿਆਂ ਬੱਧੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਗਿਆ। ਪਾਕਿਸਤਾਨ ਤੋਂ ਪਹਿਲੀ ਵਾਰੀ ਕਸਬਾ ਡੇਰਾ ਬਾਬਾ ਨਾਨਕ ਪਹੁੰਚੇ ਨਗਰ ਕੀਰਤਨ ’ਚ ਸ਼ਾਮਲ ਗੁਰੂਆਂ ਦੇ ਸ਼ਸਤਰਾਂ ਅਤੇ ਵਸਤਰਾਂ ਵਾਲੀ ਬੱਸ ਇਲਾਕੇ ਦੀਆਂ ਸੰਗਤ ਲਈ ਵਿਸੇਸ਼ ਖਿੱਚ ਦਾ ਕੇਂਦਰ ਬਣੀ ਰਹੀ। ਸੰਗਤ ਵੱਲੋਂ ਇਨ੍ਹਾਂ ਸ਼ਸਤਰਾਂ ਤੇ ਵਸਤਰਾਂ ਦੀ ਇੱਕ ਝਲਕ ਪਾਉਣ ਲਈ ਜੂਝਦੇ ਦੇਖਿਆ ਗਿਆ। ਨਗਰ ਕੀਰਤਨ ਦੁਪਹਿਰ ਲੱਗਭੱਗ 12 ਵਜੇ ਅਗਲੇ ਪੜਾਅ ਬਟਾਲਾ ਲਈ ਰਵਾਨਾ ਹੋਇਆ, ਜਿਸ ਦਾ ਵੱਖ ਵੱਖ ਪਿੰਡਾਂ ’ਚ ਸੜਕ ਦੇ ਦੋਵੇਂ ਪਾਸਿਆਂ ’ਤੇ ਖੜ੍ਹ ਕੇ ਸੰਗਤ ਵੱਲੋਂ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਪੁਲੀਸ ਬਟਾਲਾ ਅਧੀਨ ਆਉਂਦੇ ਨਗਰ ਫਤਹਿਗੜ੍ਹ ਚੂੜੀਆਂ ’ਚ ਨਗਰ ਕੀਰਤਨ ਰਾਤ ਤਿੰਨ ਵਜੇ ਪਹੁੰਚਿਆ। ਫਤਹਿਗੜ੍ਹ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਤੱਕ ਪੈਂਦੀਆਂ ਲਿੰਕ ਸੜਕਾਂ ’ਤੇ ਸੰਗਤ ਨੇ ਸਵਾਗਤ ਲਈ ਵਿਸ਼ੇਸ਼ ਰੂਪ ਵਿੱਚ ਸਵਾਗਤੀ ਗੇਟ ਲਗਾਏ ਗਏ ਸਨ।