ਕੌਮਾਂਤਰੀ ਕਬੱਡੀ: ਭਾਰਤ, ਇੰਗਲੈਂਡ ਅਤੇ ਕੈਨੇਡਾ ਵੱਲੋਂ ਜਿੱਤਾਂ ਦਰਜ

ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਟੂਰਨਾਮੈਂਟ ਦੇ ਤਿੰਨ ਮੁਕਾਬਲੇ ਅੱਜ ਗੁਰੂ ਹਰਸਹਾਏ ਦੇ ਗੁਰੂ ਰਾਮਦਾਸ ਸਟੇਡੀਅਮ ਵਿੱਚ ਹੋਏ, ਜਿਨ੍ਹਾਂ ਵਿੱਚ ਭਾਰਤ, ਇੰਗਲੈਂਡ ਅਤੇ ਕੈਨੇਡਾ ਦੀਆਂ ਟੀਮਾਂ ਨੇ ਜਿੱਤਾਂ ਦਰਜ ਕੀਤੀਆਂ। ਦਰਸ਼ਕਾਂ ਨਾਲ ਭਰੇ ਸਟੇਡੀਅਮ ਵਿੱਚ ਤਿੰਨ ਮੁਕਾਬਲੇ ਖੇਡੇ ਗਏ। ਪਹਿਲਾ ਮੁਕਾਬਲਾ ਇਕਪਾਸੜ ਰਿਹਾ, ਜਿਸ ਵਿੱਚ ਮੇਜ਼ਬਾਨ ਭਾਰਤ ਨੇ ਸ੍ਰੀਲੰਕਾ ਨੂੰ 63-22 ਅੰਕਾਂ ਨਾਲ ਹਰਾਇਆ। ਦੂਜਾ ਮੈਚ ਆਸਟੇਰਲੀਆ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਇੰਗਲੈਂਡ ਨੇ ਇਹ ਮੈਚ 44-33 ਅੰਕਾਂ ਨਾਲ ਜਿੱਤਿਆ। ਇਸੇ ਤਰ੍ਹਾਂ ਦਿਲਚਸਪ ਰਹੇ ਤੀਜੇ ਮੈਚ ਵਿੱਚ ਕੈਨੇਡਾ ਨੇ ਨਿਊਜ਼ੀਲੈਂਡ ਨੂੰ 43-34 ਅੰਕਾਂ ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਅੱਜ ਦੇ ਮੁਕਾਬਲਿਆਂ ਦਾ ਉਦਘਾਟਨ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤਾ। ਇਸ ਮੌਕੇ ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਸਿੰਘ ਆਂਵਲਾ, ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੀ ਮੌਜੂਦ ਸਨ। ਖੇਡ ਮੰਤਰੀ ਰਾਣਾ ਸੋਢੀ ਨੇ ਸ਼ਿਰਕਤ ਕਰ ਰਹੀਆਂ ਛੇ ਟੀਮਾਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਜ਼ਿਕਰਯੋਗ ਹੈ ਕਿ ਐਤਵਾਰ ਤੋਂ ਸ਼ੁਰੂ ਹੋਇਆ ਇਹ ਟੂਰਨਾਮੈਂਟ 10 ਦਸੰਬਰ ਤੱਕ ਚੱਲੇਗਾ, ਜਿਸ ਦੇ ਮੁਕਾਬਲੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਖੇਡੇ ਜਾਣਗੇ। ਅਖ਼ੀਰਲੇ ਦਿਨ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿੱਚ ਫਾਈਨਲ ਅਤੇ ਪਲੇਅ-ਆਫ ਦੇ ਮੁਕਾਬਲੇ ਖੇਡੇ ਜਾਣਗੇ। ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਮੁਲਕਾਂ ਦੀਆਂ ਅੱਠ ਟੀਮਾਂ ਸ਼ਿਰਕਤ ਕਰ ਰਹੀਆਂ ਹਨ, ਜਿਨ੍ਹਾਂ ਵਿੱਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਂਡ, ਸ੍ਰੀਲੰਕਾ, ਨਿਊਜ਼ੀਲੈਂਡ ਅਤੇ ਕੀਨੀਆ ਸ਼ਾਮਲ ਹਨ। ਇਨ੍ਹਾਂ ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ। ਪੂਲ ’ਏ’ ਵਿੱਚ ਭਾਰਤ, ਇੰਗਲੈਂਡ, ਆਸਟਰੇਲੀਆ ਅਤੇ ਸ੍ਰੀਲੰਕਾ ਹਨ ਜਦਕਿ ਪੂਲ ‘ਬੀ’ ਵਿੱਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ ਹੈ। ਟੂਰਨਾਮੈਂਟ ਦੀ ਜੇਤੂ ਟੀਮ ਲਈ 25 ਲੱਖ, ਉਪ ਜੇਤੂ ਲਈ 15 ਲੱਖ ਰੁਪਏ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਲਈ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਮਿਸ ਪੂਜਾ ਅਤੇ ਸੰਦੀਪ ਬਰਾੜ ਨੇ ਆਪਣੇ ਗੀਤਾਂ ਨਾਲ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਆਪਣੇ ਚੁਟਕਲਿਆਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।

Previous articleਬੇਅਦਬੀ ਕਾਂਡ: ਸਿੱਖ ਜਥੇਬੰਦੀਆਂ ਵੱਲੋਂ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇਣ ਦਾ ਐਲਾਨ
Next articleCitizenship amendment bill is deeply flawed and divisive