ਵਿਰਾਟ ਕੋਹਲੀ ਨੇ ਗੁਲਾਬੀ ਗੇਂਦ ਦੀ ਪ੍ਰੀਖਿਆ ’ਚ ਖ਼ਰਾ ਉਤਰਦੇ ਹੋਏ ਅੱਜ ਇੱਥੇ ਬਿਹਤਰੀਨ ਸੈਂਕੜਾ ਬਣਾਇਆ ਜਦੋਂਕਿ ਇਸ਼ਾਂਤ ਸ਼ਰਮਾ ਨੇ ਲਗਾਤਾਰ ਦੂਜੀ ਪਾਰੀ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਪਰ ਤਜਰਬੇਕਾਰ ਮੁਸ਼ਫਿਕੁਰ ਰਹੀਮ ਦੀ ਵਧੀਆ ਪਾਰੀ ਨੇ ਭਾਰਤ ਦਾ ਬੰਗਲਾਦੇਸ਼ ਖ਼ਿਲਾਫ਼ ਜਿੱਤ ਦਾ ਇੰਤਜ਼ਾਰ ਤੀਜੇ ਦਿਨ ਤੱਕ ਵਧਾ ਦਿੱਤਾ।
ਕੋਹਲੀ ਨੇ 194 ਗੇਂਦਾਂ ’ਤੇ 136 ਦੌੜਾਂ ਬਣਾਈਆਂ ਅਤੇ ਉਹ ਦਿਨ-ਰਾਤ ਦੇ ਟੈਸਟ ਮੈਚ ’ਚ ਸੈਂਕੜਾ ਬਣਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਭਾਰਤ ਨੇ ਆਪਣੀ ਪਹਿਲੀ ਪਾਰੀ ਨੌਂ ਵਿਕਟਾਂ ’ਤੇ 347 ਦੌੜਾਂ ਬਣਾ ਕੇ ਐਲਾਨੀ ਅਤੇ ਇਸ ਤਰ੍ਹਾਂ 241 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਪਹਿਲੀ ਪਾਰੀ ’ਚ ਸਿਰਫ਼ 106 ਦੌੜਾਂ ਬਣਾਉਣ ਵਾਲੇ ਬੰਗਲਾਦੇਸ਼ ਦੀ ਸ਼ੁਰੂਆਤ ਮੁੜ ਖ਼ਰਾਬ ਰਹੀ ਅਤੇ ਉਸ ਨੇ ਚਾਰ ਵਿਕਟਾਂ 13 ਦੌੜਾਂ ’ਤੇ ਗੁਆ ਦਿੱਤੀਆਂ। ਇਸ ਤੋਂ ਬਾਅਦ ਮੁਸ਼ਫਿਕੁਰ (ਨਾਬਾਦ 59) ਨੇ ਬਾਖ਼ੂਬੀ ਜ਼ਿੰਮੇਵਾਰੀ ਸੰਭਾਲੀ ਜਿਸ ਨਾਲ ਬੰਗਲਾਦੇਸ਼ ਨੇ ਦੂਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਛੇ ਵਿਕਟਾਂ ’ਤੇ 152 ਦੌੜਾਂ ਬਣਾਈਆਂ। ਉਸ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ ਹੁਣ ਵੀ 89 ਦੌੜਾਂ ਦੀ ਲੋੜ ਹੈ। ਮੁਸ਼ਫਿਕੁਰ ਨੂੰ ਛੱਡ ਕੇ ਸਿਰਫ਼ ਮਹਿਮੂਦੁੱਲਾਹ (ਰਿਟਾਇਰਡ ਹਰਟ 39) ਹੀ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰ ਸਕਿਆ।
ਪਹਿਲੀ ਪਾਰੀ ’ਚ ਪੰਜ ਵਿਕਟਾਂ ਲੈਣ ਵਾਲੇ ਇਸ਼ਾਂਤ ਨੇ ਮੁੜ ਤੋਂ ਖ਼ਤਰਨਾਕ ਗੇਂਦਬਾਜ਼ੀ ਕੀਤੀ ਅਤੇ ਹੁਣ ਤੱਕ ਉਹ 39 ਦੌੜਾਂ ਦੇ ਕੇ ਚਾਰ ਵਿਕਟਾਂ ਲੈ ਚੁੱਕਿਆ ਹੈ। ਉਮੇਸ਼ ਯਾਦਵ (40 ਦੌੜਾਂ ਦੇ ਕੇ ਦੋ ਵਿਕਟਾਂ) ਨੇ ਬਾਕੀ ਦੋ ਵਿਕਟਾਂ ਲਈਆਂ ਹਨ। ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਬੰਗਲਾਦੇਸ਼ ਦੇ ਬੱਲੇਬਾਜ਼ਾਂ ’ਚ ਦਹਿਸ਼ਤ ਦਾ ਆਲਮ ਇਹ ਸੀ ਕਿ ਮੁਹੰਮਦ ਮਿਥੁਨ ਸਿਰ ’ਤੇ ਸੱਟ ਖਾਣ ਵਾਲਾ ਤੀਜਾ ਬੱਲੇਬਾਜ਼ ਬਣਿਆ। ਉਹ ਇਸ਼ਾਂਤ ਦੇ ਬਾਊਂਸਰ ਨੂੰ ਝੁਕ ਕੇ ਨਹੀਂ ਖੇਡ ਸਕਿਆ।
ਭਾਰਤ ਨੇ ਦੂਜੀ ਪਾਰੀ ਦੀ ਸ਼ੁਰੂਆਤ ’ਚ ਸਲਿੱਪ ’ਚ ਚਾਰ ਫਿਲਡਰਾਂ ਨੂੰ ਰੱਖ ਕੇ ਆਪਣੇ ਇਰਾਦੇ ਜਤਾ ਦਿੱਤੇ ਸਨ। ਇਸ਼ਾਂਤ ਨੇ ਸ਼ਾਦਮਾਨ ਇਸਲਾਮ ਨੂੰ ਐੱਲਬੀਡਬਲਿਊ ਕਰ ਕੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ। ਇਸ ਤੇਜ਼ ਗੇਂਦਬਾਜ਼ ਨੇ ਕਪਤਾਨ ਮੋਮੀਨੁਲ ਹੱਕ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ। ਮੁਹੰਮਦ ਮਿਥੁਨ (06) ਅਤੇ ਸਲਾਮੀ ਬੱਲੇਬਾਜ਼ ਇਮੁਰੂਲ ਕਾਏਸ (05) ਵੀ ਚਾਹ ਦੀ ਬਰੇਕ ਤੋਂ ਤੁਰੰਤ ਬਾਅਦ ਆਊਟ ਹੋ ਗਏ। ਮੁਸ਼ਫਿਕੁਰ ਤੇ ਮਹਿਮੂਦੁੱਲਾਹ ਨੇ ਜ਼ਿੰਮੇਵਾਰ ਸੰਭਾਲੀ ਅਤੇ ਦੋਵੇਂ ਸਕੋਰ ਨੂੰ 82 ਦੌੜਾਂ ਤੱਕ ਲੈ ਗਏ। ਬੰਗਲਾਦੇਸ਼ ਨੂੰ ਇਨ੍ਹਾਂ ਦੋਹਾਂ ਤੋਂ ਲੰਬੀ ਸਾਂਝੇਦਾਰੀ ਦੀ ਆਸ ਸੀ ਤਾਂ ਆਤਮਵਿਸ਼ਵਾਸ ਨਾਲ ਖੇਡ ਰਹੇ ਮਹਿਮੂਦੁੱਲਾਹ ਨੂੰ ਮਾਂਸਪੇਸ਼ੀਆਂ ’ਚ ਖਿੱਚ ਕਾਰਨ ਮੈਦਾਨ ਛੱਡਣਾ ਪਿਆ। ਮੁਸ਼ਫਿਕੁਰ ਨੇ ਇਸ਼ਾਂਤ ਦੀ ਗੇਂਦ ’ਤੇ ਚੌਕਾ ਮਾਰ ਕੇ 21ਵਾਂ ਟੈਸਟ ਅਰਧਸੈਂਕੜਾ ਪੂਰਾ ਕੀਤਾ। ਇਸ਼ਾਂਤ ਨੇ ਮਹਿਦੀ ਹਸਨ (15) ਨੂੰ ਕੈਚ ਕਰਵਾ ਕੇ ਆਪਣਾ ਚੌਥਾ ਵਿਕਟ ਲਿਆ। ਉਮੇਸ਼ ਨੇ ਦਿਨ ਦੇ ਆਖ਼ਰੀ ਓਵਰ ’ਚ ਤਾਈਜੁਲ ਇਸਲਾਮ (11) ਨੂੰ ਰਹਾਣੇ ਹੱਥੋਂ ਕੈਚ ਕਰਵਾਇਆ। ਇਸ ਤੋਂ ਪਹਿਲਾਂ ਕੋਹਲੀ ਨੇ 59 ਦੌੜਾਂ ਤੋਂ ਆਪਣੀ ਪਾਰੀ ਅੱਗੇ ਵਧਾਈ। ਉਸ ਨੇ ਆਪਣਾ 27ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਉਪ ਕਪਤਾਨ ਰਹਾਣੇ ਨੇ ਵੀ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜੋ ਉਸ ਦਾ ਲਗਾਤਾਰ ਚੌਥਾ ਅਰਧਸੈਂਕੜਾ ਹੈ। ਉਹ ਇਸਲਾਮ ਦੀ ਗੇਂਦ ’ਤੇ ਪੁਆਇੰਟ ’ਚ ਕੈਚ ਦੇ ਕੇ ਆਊਟ ਹੋਇਆ। ਕੋਹਲੀ ਨੇ ਸੈਂਕੜਾ ਪੂਰਾ ਕਰਨ ਤੋਂ ਬਾਅਦ ਤੇਜ਼ੀ ਦਿਖਾਈ ਅਤੇ ਅਬੂ ਜਾਇਦ ਦੀ ਗੇਂਦ ’ਤੇ ਲਗਾਤਾਰ ਚਾਰ ਚੌਕੇ ਮਾਰੇ। ਤਾਈਜੁਲ ਨੇ ਸੀਮਾ ਰੇਖਾ ’ਤੇ ਬਿਹਤਰੀਨ ਕੈਚ ਫੜ ਕੇ ਉਸ ਦੀ ਪਾਰੀ ਦਾ ਅੰਤ ਕੀਤਾ।
Sports ਕੋਹਲੀ ਸੈਂਕੜਾ ਜੜਨ ਵਾਲਾ ਪਹਿਲਾ ਭਾਰਤੀ ਬੱਲੇਬਾਜ਼