ਕਪਤਾਨ ਵਿਰਾਟ ਕੋਹਲੀ ਅਤੇ ਅਜਿੰਕਿਆ ਰਹਾਣੇ ਨੇ ਆਸਟਰੇਲੀਆ ਦੀ ਅਨੁਸ਼ਾਸਿਤ ਅਤੇ ਕਸੀ ਹੋਈ ਗੇਂਦਬਾਜ਼ੀ ਦਾ ਸਾਹਮਣਾ ਕਰਦਿਆਂ ਸ਼ਨਿਚਰਵਾਰ ਨੂੰ ਆਪਣੇ ਸੰੰਜਮ ਤੇ ਸਬਰ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲੀ ਪਾਰੀ ਵਿਚ ਭਾਰਤ ਦੀਆਂ ਵੱਡੇ ਸਕੋਰ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਭਾਰਤ ਨੇ ਦੂਜੀ ਟੈਸਟ ਦੇ ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਆਪਣੀ ਪਹਿਲੀ ਪਾਰੀ ਵਿਚ ਤਿੰਨ ਵਿਕਟਾਂ ਉੱਤੇ 172 ਦੌੜਾਂ ਬਣਾਈਆਂ। ਭਾਰਤ ਆਸਟਰੇਲੀਆ ਦੇ ਪਹਿਲੀ ਪਾਰੀ ਦੇ ਸਕੋਰ 326 ਦੌੜਾਂ ਤੋਂ ਅਜੇ ਵੀ 154 ਦੌੌੜਾਂ ਪਿੱਛੇ ਹੈ। ਕੋਹਲੀ (82) ਅਤੇ ਰਹਾਣੇ (51) ਦੌੜਾਂ ਬਣਾ ਕੇ ਖੇਡ ਰਹੇ ਹਨ। ਦੋਵਾਂ ਨੇ ਹੁਣ ਤੱਕ ਚੌਥੇ ਵਿਕਟ ਲਈ 30.4 ਓਵਰਾਂ ਵਿਚ 90 ਦੌੜਾਂ ਜੋੜੀਆਂ ਹਨ। ਭਾਰਤ ਨੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਦੇ ਵਿਕਟ ਜਲਦੀ ਗਵਾ ਦਿੱਤੇ, ਜਿਸ ਨਾਲ ਸਕੋਰ ਦੋ ਵਿਕਟਾਂ ਉੱਤੇ 8 ਦੌੜਾਂ ਹੋ ਗਿਆ। ਕੋਹਲੀ ਅਤੇ ਚੇਤੇਸ਼ਵਰ ਪੁਜਾਰਾ(103 ਗੇਂਦਾਂ ਉੱਤੇ 24) ਨੇ ਤੀਜੇ ਵਿਕਟ ਲਈ 74 ਦੌੜਾਂ ਜੋੜੀਆਂ। ਇਸ ਦੌਰਾਨ ਦੋਵਾਂ ਬੱਲੇਬਾਜ਼ਾਂ ਨੇ 33 ਓਵਰ ਖੇਡੇ ਅਤੇ ਬੇਹੱਦ ਸਖਤ ਦੂਜੇ ਸੈਸ਼ਨ ਵਿਚ ਆਸਟਰੇਲੀਆ ਦੀ ਤਿੱਖੀ ਗੇਂਦਬਾਜ਼ੀ ਦਾ ਪੂਰੀ ਦਲੇਰੀ ਨਾਲ ਟਾਕਰਾ ਕੀਤਾ। ਕੋਹਲੀ ਨੇ ਬਾਅਦ ਵਿਚ ਰਹਾਣੇ ਨਾਲ ਜਿੰਮੇਵਾਰੀ ਨੂੰ ਅੱਗੇ ਵਧਾਇਆ ਅਤੇ ਆਸਟਰੇਲੀਆ ਨੂੰ ਦਿਨ ਦੀ ਖੇਡ ਦੌਰਾਨ ਹੋਰ ਕੋਈ ਸਫਲਤਾ ਹੱਥ ਨਹੀਂ ਲੱਗਣ ਦਿੱਤੀ। ਭਾਰਤ ਨੇ ਧੀਮੀ ਬੱਲੇਬਾਜ਼ੀ ਕੀਤੀ ਪਰ ਸ਼ੁਰੂ ਵਿਚ ਦੋ ਵਿਕਟਾਂ ਗਵਾਉਣ ਅਤੇ ਆਸਟਰੇਲੀਆ ਦੀ ਬੇਹਤਰੀਨ ਗੇਂਦਬਾਜ਼ੀ ਦੇ ਸਾਹਮਣੇ ਇਸ ਬੱਲੇਬਾਜ਼ੀ ਲਾਈਨ ਨੂੰ ਦਾਦ ਦੇਣੀ ਬਣਦੀ ਹੈੈ, ਜਿਸ ਤਰ੍ਹਾਂ ਦੋਵੇਂ ਬੱਲੇਬਾਜ਼ਾਂ ਨੇ ਹੌਸਲੇ ਦੇ ਨਾਲ ਗੇਂਦਬਾਜ਼ੀ ਹਮਲੇ ਦਾ ਟਾਕਰਾ ਕੀਤਾ, ਦੋਵੇਂ ਪ੍ਰਸ਼ੰਸਾ ਦੇ ਪਾਤਰ ਹਨ। ਪਿੱਚ ਹੁਣ ਬੱਲੇਬਾਜ਼ੀ ਲਈ ਵਧੇਰੇ ਸਹੀ ਲੱਗ ਰਹੀ ਹੈ। ਭਾਰਤ ਤੀਜੇ ਦਿਨ ਇਸ ਦਾ ਫਾਇਦਾ ਉਠਾ ਸਕਦਾ ਹੈ। ਮੁਰਲੀ ਵਿਜੈ ਦਾ ਵਿਕਟ ਲੰਚ ਤੋਂ ਠੀਕ ਪਹਿਲਾਂ ਗਵਾਉਣ ਬਾਅਦ ਭਾਰਤ ਨੇ ਜਲਦ ਹੀ ਲੋਕੇਸ਼ ਰਾਹੁਲ (2) ਦਾ ਵਿਕਟ ਵੀ ਗਵਾ ਦਿੱਤਾ। ਮਿਸ਼ੇਲ ਸਟਾਰਕ ਨੇ (42 ਦੌੜਾਂ ਬਦਲੇ ਦੋ ਵਿਕਟਾਂ) ਨੇ ਵਿਜੈ ਦੇ ਬੱਲੇ ਅਤੇ ਪੈੜ ਦੇ ਵਿਚੋਂ ਗੇਂਦ ਕੱਢ ਕੇ ਵਿਕਟ ਉਖੇੜਿਆਂ ਤਾਂ ਜੋਸ਼ ਹੇਜਲਵੁੱਡ ਨੇ ਰਾਹੁਲ ਦੀਆਂ ਗਿਲੀਆਂ ਖਿੰਡਾ ਦਿੱਤੀਆਂ। ਇਨ੍ਹਾਂ ਤੋਂ ਬਾਅਦ ਕੋਹਲੀ ਅਤੇ ਪੁਜਾਰਾ ਨੇ ਜਿੰਮੇਵਾਰੀ ਸੰਭਾਲੀ। ਦੋਵਾਂ ਨੇ ਹੀ ਰੱਖਿਆਤਮਕ ਬੱਲੇਬਾਜ਼ੀ ਕਰਕੇ ਆਸਟਰੇਲਿਆਈ ਹਮਲੇ ਨੂੰ ਬੈਕਫੁੱਟ ਉੰਤੇ ਭੇਜ ਦਿੱਤਾ। ਦੂਜੇ ਸੈਸ਼ਨ ਵਿਚ ਆਫ ਸਪਿੰਨਰ ਨਾਥਨ ਲਿਓਨ ਨੇ ਦੋਵਾਂ ਬੱਲੇਬਾਜ਼ਾਂ ਨੂੰ ਕਾਫੀ ਦਬਾਅ ਦੇ ਵਿੱਚ ਰੱਖਿਆ। ਇਸ ਦੌਰਾਨ ਹੇਜਲ ਅਤੇ ਪੈੱਟ ਕਮਿਨਸ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਹ ਸਾਂਝੇਦਾਰੀ ਅਖ਼ੀਰ ਨੂੰ ਤੀਜੇ ਸੈਸ਼ਨ ਵਿਚ ਟੁੱਟੀ ਜਦੋਂ ਸਟਾਰਕ ਦੀ ਲੈੱਗ ਸਾਈਡ ਵੱਲ ਜਾਂਦੀ ਗੇਂਦ ਪੁਜਾਰਾ ਦੇ ਬੱਲੇ ਦਾ ਹਲਕਾ ਜਿਹਾ ਕਿਨਾਰਾ ਲੈ ਕੇ ਵਿਕਟ ਕੀਪਰ ਟਿਮ ਪੇਨ ਦੇ ਦਸਤਾਨਿਆਂ ਵਿਚ ਆ ਗਈ। ਪੁਜਾਰਾ ਦੀ ਥਾਂ ਆਏ ਰਹਾਣੇ ਨੇ ਤੇਜ਼ ਸ਼ੁਰੂਆਤ ਕੀਤੀ ਜਦੋਂ ਕਿ ਕੋਹਲੀ ਨੇ 109 ਗੇਂਦਾਂ ਉੱਤੇ ਆਪਣੇ ਟੈਸਟ ਕਰੀਅਰ ਦਾ ਵੀਹਵਾਂ ਅਰਧ ਸੈਂਕੜਾ ਪੂਰਾ ਕੀਤਾ। ਰਹਾਣੇ 92 ਗੇਂਦਾਂ ਦਾ ਸਾਹਮਣਾ ਕਰਕੇ 50 ਦੌੜਾਂ ਉੱਤੇ ਪੁੱਜੇ, ਜੋ ਉਸ ਦਾ 17ਵਾਂ ਟੈਸਟ ਅਰਧ ਸੈਂਕੜਾ ਸੀ। ਉਸ ਨੇ ਹੁਣ ਤੱਕ ਆਪਣੀ ਪਾਰੀ ਵਿਚ 103 ਗੇਂਦਾਂ ਖੇਡੀਆਂ ਜਿਨ੍ਹਾਂ ਵਿਚ ਛੇ ਚੌਕੇ ਅਤੇ ਸਟਾਰਕ ਉੱਤੇ ਅਪਰ ਕੱਟ ਤੋਂ ਜੜਿਆ ਇੱਕ ਛੱਕਾ ਸ਼ਾਮਲ ਹੈ। ਕੋਹਲੀ ਨੇ 181 ਗੇਂਦਾਂ ਦਾ ਸਾਹਮਣਾ ਕਰਕੇ 9 ਚੌਕੇ ਲਾਏ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਸਵੇਰੇ ਛੇ ਵਿਕਟਾਂ ਉੱਤੇ 277 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਉਸ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਅਹਿਮ 49 ਦੌੜਾਂ ਜੋੜੀਆਂ। ਭਾਰਤ ਦੀ ਤਰਫੋਂ ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ ਨੇ 41 ਦੌੜਾਂ ਬਦਲੇ ਚਾਰ ਵਿਕਟਾਂ ਲਈਆਂ। ਸਵੇਰੇ ਕਪਤਾਨ ਟਿਮ ਪੇਨ (38) ਅਤੇ ਕਮਿਨਸ (19)ਨੇ ਭਾਰਤੀ ਗੇਂਦਬਾਜ਼ਾਂ ਨੂੰ ਵਿਕਟ ਲਈ ਤਰਸਾਈ ਰੱਖਿਆ। ਇਨ੍ਹਾਂ ਦੋਵਾਂ ਨੇ ਅੱਠਵੇਂ ਵਿਕਟ ਲਈ 59 ਦੌੜਾਂ ਜੋੜੀਆਂ। ਇਨ੍ਹਾਂ ਦੋਨਾਂ ਨੇ 100ਵੇਂ ਓਵਰ ਵਿਚ ਆਸਟਰੇਲੀਆ ਦਾ ਸਕੋਰ 300 ਦੌੜਾਂ ਤੋਂ ਪਾਰ ਪਹੁੰਚਾਇਆ। ਭਾਰਤ ਨੂੰ ਫਿਰ ਤੋਂ ਸ਼ਾਰਟ ਪਿੱਚ ਗੇਂਦਾਂ ਖੇਡਣ ਦਾ ਖਮਿਆਜ਼ਾ ਭੁਗਤਣਾ ਪਿਆ। ਪਹਿਲੇ ਘੰਟੇ ਵਿਚ ਕੇਵਲ 29 ਦੌੜਾਂ ਬਣੀਆਂ। ਇਸ ਦੌਰਾਨ ਕੋਈ ਵਿਕਟ ਨਹੀਂ ਡਿੱਗਿਆ।
Sports ਕੋਹਲੀ ਤੇ ਰਹਾਣੇ ਨੇ ਸੰਭਾਲੀ ਪਾਰੀ; ਭਾਰਤ ਦੀਆਂ ਤਿੰਨ ਵਿਕਟਾਂ ਉੱਤੇ 172...