ਬਿਹਤਰੀਨ ਫਾਰਮ ਵਿੱਚ ਚੱਲ ਰਹੇ ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਦੀ ਮਦਦ ਨਾਲ ਭਾਰਤੀ ਟੀਮ ਵੈਸਟ ਇੰਡੀਜ਼ ਖ਼ਿਲਾਫ਼ ਬੁੱਧਵਾਰ ਨੂੰ ਇੱਥੇ ਖੇਡੇ ਜਾਣ ਵਾਲੇ ਦੂਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਵੀ ਜਿੱਤ ਦੀ ਲੈਅ ਕਾਇਮ ਰੱਖਣ ਲਈ ਦ੍ਰਿੜ੍ਹ ਹੈ। ਇਹ ਭਾਰਤ ਦਾ 950ਵਾਂ ਮੈਚ ਹੈ। ਇਸ ਲਈ ਉਸ ਦਾ ਇਰਾਦਾ ਵਿੰਡੀਜ਼ ’ਤੇ ਜਿੱਤ ਨਾਲ ਲੜੀ ਵਿੱਚ 2-0 ਦੀ ਲੀਡ ਬਣਾ ਕੇ ਇਸ ਮੈਚ ਨੂੰ ਯਾਦਗਾਰ ਬਣਾਉਣ ਦਾ ਵੀ ਹੋਵੇਗਾ। ਭਾਰਤੀ ਕਪਤਾਨ ਵਿਰਾਟ ਕੋਹਲੀ ਜੇਕਰ 81 ਦੌੜਾਂ ਬਣਾ ਲੈਂਦਾ ਹੈ ਤਾਂ ਉਹ ਸਚਿਨ ਤੇਂਦੁਲਕਰ ਨੂੰ ਪਛਾੜ ਕੇ ਇੱਕ ਰੋਜ਼ਾ ਵਿੱਚ ਸਭ ਤੋਂ ਤੇਜ਼ ਦਸ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਬਣ ਜਾਵੇਗਾ। ਇਸ ਰਿਕਾਰਡ ਦੀ ਸੰਭਾਵਨਾ ਕਾਰਨ ਦਰਸ਼ਕਾਂ ਵਿੱਚ ਇਸ ਮੈਚ ਪ੍ਰਤੀ ਕਾਫੀ ਉਤਸ਼ਾਹ ਹੈ। ਤੇਂਦੁਲਕਰ 259 ਪਾਰੀਆਂ ਖੇਡ ਕੇ ਦਸ ਹਜ਼ਾਰੀ ਹੋਇਆ ਸੀ, ਜਦਕਿ ਕੋਹਲੀ ਨੇ ਹਾਲੇ ਤਕ 204 ਪਾਰੀਆਂ ਹੀ ਖੇਡੀਆਂ ਹਨ। ਵਿਰਾਟ ਅਤੇ ਰੋਹਿਤ ਸ਼ਰਮਾ ਦੇ ਸੈਂਕੜਿਆਂ ਨੇ ਗੁਹਾਟੀ ਵਿੱਚ ਪਿਛਲੇ ਮੈਚ ਵਿੱਚ 323 ਦੌੜਾਂ ਦੇ ਟੀਚੇ ਨੂੰ ਆਸਾਨ ਬਣਾ ਕੇ ਭਾਰਤ ਨੂੰ ਪੰਜ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਦਿਵਾਈ ਹੈ। ਗੁਹਾਟੀ ਵਿੱਚ ਵਿਰਾਟ ਅਤੇ ਰੋਹਿਤ ਨੇ ਭਾਰਤ ਨੂੰ 47 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਿਵਾ ਕੇ ਵੈਸਟ ਇੰਡੀਜ਼ ਦਾ ਰਹਿੰਦਾ-ਖੂੰਹਦਾ ਮਨੋਬਲ ਵੀ ਤੋੜ ਦਿੱਤਾ। ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਦੇ ਲੈਅ ਵਿੱਚ ਹੋਣ ਕਾਰਨ ਮੱਧਕ੍ਰਮ ਨੂੰ ਕੁੱਝ ਕਰਨ ਦੀ ਲੋੜ ਹੀ ਨਹੀਂ ਪਈ। ਵਿਸ਼ਵ ਕੱਪ ਤੋਂ ਪਹਿਲਾਂ ਅਹਿਮ ਮੰਨੀ ਜਾ ਰਹੀ ਇਸ ਲੜੀ ਵਿੱਚ ਹਾਲਾਂਕਿ ਮੱਧਕ੍ਰਮ ਨੂੰ ਪਰਖਣ ਦੀ ਲੋੜ ਹੈ। ਭਾਰਤ ਨੂੰ ਹਾਲਾਂਕਿ ਵਾਈ ਐਸ ਰਾਜਸ਼ੇਖਰ ਰੈਡੀ ਏਸੀਏ ਵੀਡੀਸੀਏ ਸਟੇਡੀਅਮ ’ਤੇ ਆਪਣੇ ਗੇਂਦਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਕੋਹਲੀ ਨੂੰ ਪਤਾ ਹੈ ਕਿ ਗੇਂਦਬਾਜ਼ੀ ਪਿਛਲੇ ਮੈਚ ਵਿੱਚ ਕਮਜ਼ੋਰ ਰਹੀ ਸੀ। ਡੈੱਥ ਓਵਰਾਂ ਦੇ ਮਾਹਰਾਂ ਜਸਪ੍ਰੀਤ ਬੁਮਰਾਹ ਅਤੇ ਭਰੋਸੇਮੰਦ ਭੁਵਨੇਸ਼ਵਰ ਕੁਮਾਰ ਦੀ ਗ਼ੈਰ-ਮੌਜੂਦਗੀ ਵਿੱਚ ਭਾਰਤੀ ਗੇਂਦਬਾਜ਼ ਬਾਰਸਾਪਾਰਾ ਸਟੇਡੀਅਮ ’ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਰਵਿੰਦਰ ਜਡੇਜਾ ਵੀ ਲੈਅ ਵਿੱਚ ਨਹੀਂ ਸੀ, ਜਿਸ ਕਾਰਨ ਕੈਰੇਬਿਆਈ ਬੱਲੇਬਾਜ਼ਾਂ ਨੇ ਵੱਡਾ ਸਕੋਰ ਖੜ੍ਹਾ ਕੀਤਾ। ਮੁਹੰਮਦ ਸ਼ਮੀ ਨੇ ਦਸ ਓਵਰਾਂ ਵਿੱਚ 81 ਦੌੜਾਂ ਦਿੱਤੀਆਂ। ਇਸ ਦੇ ਬਾਵਜੂਦ ਬਦਲ ਨਾ ਹੋਣ ਕਾਰਨ ਕੋਹਲੀ ਨੂੰ ਸ਼ਮੀ ਨੂੰ ਹੀ ਉਤਾਰਨਾ ਪਵੇਗਾ।