ਨਵੀਂ ਦਿੱਲੀ (ਸਮਾਜ ਵੀਕਲੀ): ‘ਕੋਵੈਕਸੀਨ’ ਦੇ ਟਰਾਇਲ ਲਈ ਬੱਚਿਆਂ ਦੀ ਸਕਰੀਨਿੰਗ ਏਮਸ (ਦਿੱਲੀ) ਨੇ ਆਰੰਭ ਦਿੱਤੀ ਹੈ। ਦੇਸ਼ ਵਿਚ ਵਿਕਸਿਤ ਕੋਵਿਡ-19 ਟੀਕੇ ਨੂੰ 2-18 ਸਾਲ ਤੱਕ ਦੇ ਬੱਚਿਆਂ ਉਤੇ ਪਰਖ਼ਿਆ ਜਾਵੇਗਾ। ਏਮਸ (ਪਟਨਾ) ਵਿਚ ਭਾਰਤ ਬਾਇਓਟੈੱਕ ਦੇ ਵੈਕਸੀਨ ਦੀ ਪਰਖ਼ ਬੱਚਿਆਂ ਉਤੇ ਪਹਿਲਾਂ ਹੀ ਕੀਤੀ ਜਾ ਰਹੀ ਹੈ। ਪਰਖ਼ ਵਿਚ ਦੇਖਿਆ ਜਾਵੇਗਾ ਕਿ ਕੀ ਇਹ ਵੈਕਸੀਨ ਬੱਚਿਆਂ ਲਈ ਢੁੱਕਵਾਂ ਹੈ। ਸਕਰੀਨਿੰਗ (ਚੋਣ) ਰਿਪੋਰਟ ਆਉਣ ਮਗਰੋਂ ਬੱਚਿਆਂ ਨੂੰ ਵੈਕਸੀਨ ਲਾਇਆ ਜਾਵੇਗਾ।
ਪਰਖ਼ 525 ਸਿਹਤਮੰਦ ਵਾਲੰਟੀਅਰਾਂ ਉਤੇ ਕੀਤੀ ਜਾਵੇਗੀ। ਬੱਚਿਆਂ ਨੂੰ 28 ਦਿਨ ਦੇ ਫ਼ਰਕ ਨਾਲ ਦੋ ਖੁਰਾਕਾਂ (ਡੋਜ਼) ਦਿੱਤੀਆਂ ਜਾਣਗੀਆਂ। ਏਮਸ ਦੇ ਪ੍ਰੋਫੈਸਰ ਡਾ. ਸੰਜੈ ਰਾਏ ਨੇ ਦੱਸਿਆ ਕਿ ਭਾਰਤ ਦੇ ਡਰੱਗ ਰੈਗੂਲੇਟਰ ਨੇ ਦੋ ਤੋਂ 18 ਸਾਲ ਤੱਕ ਦੇ ਬੱਚਿਆਂ ਉਤੇ ਦੂਜੇ, ਤੀਜੇ ਗੇੜ ਦੀ ਕਲੀਨਿਕਲ ਪਰਖ਼ ਲਈ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬਾਲਗਾਂ ਦੇ ਪਹਿਲਾਂ ਹੀ ਕੋਵੈਕਸੀਨ ਲਾਇਆ ਜਾ ਰਿਹਾ ਹੈ। ਸਰਕਾਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੋਵਿਡ ਦਾ ਹਾਲੇ ਤੱਕ ਬੱਚਿਆਂ ਉਤੇ ਕੋਈ ਜ਼ਿਆਦਾ ਗੰਭੀਰ ਅਸਰ ਨਹੀਂ ਦੇਖਿਆ ਗਿਆ ਪਰ ਜਿਸ ਤਰ੍ਹਾਂ ਨਾਲ ਵਾਇਰਸ ਰੂਪ ਬਦਲਦਾ ਹੈ, ਉਸ ਸਥਿਤੀ ਵਿਚ ਹਰ ਪੱਖ ਤੋਂ ਤਿਆਰ ਰਹਿਣ ਦੀ ਲੋੜ ਹੈ।
ਨੀਤੀ ਆਯੋਗ ਨੇ ਹਾਲੇ ਫਾਈਜ਼ਰ ਵੈਕਸੀਨ ਬੱਚਿਆਂ ਨੂੰ ਦੇਣ ਬਾਰੇ ਵਿਚਾਰ ਨਹੀਂ ਕੀਤਾ ਹੈ ਜੋ ਕਿ ਯੂਕੇ ਵਿਚ 12-15 ਸਾਲ ਤੱਕ ਦੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ। ਇਹ ਟੀਕਾ ਵੀ ਜਲਦੀ ਭਾਰਤ ਵਿਚ ਆ ਸਕਦਾ ਹੈ। ਜ਼ਾਈਡਸ ਕੈਡਿਲਾ ਵੈਕਸੀਨ ਵੀ ਬੱਚਿਆਂ ਉਤੇ ਪਰਖ਼ਿਆ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly