ਅੱਜ ਪੂਰਾ ਵਿਸ਼ਵ ਕਰੋਨਾ ਮਹਾਂਮਾਰੀ (ਕੋਵਿੰਡ 19) ਨੂੰ ਝੱਲ ਰਿਹਾ ਹੈ। ਵਿਸ਼ਵ ਦਾ ਕੋਈ ਵਿਰਲਾ ਹੀ ਦੇਸ਼ ਹੋਵੇਗਾ ਜਿਹੜਾ ਇਸ ਕਰੋਨਾ ਮਹਾਂਮਾਰੀ ਤੋਂ ਬਚਿਆ ਹੋਵੇਗਾ। ਆਪਣੇ ਆਪ ਨੂੰ ਵਿਸ਼ਵ ਦੀ ਮਹਾਂਸ਼ਕਤੀ ਅਖਵਾਉਣ ਵਾਲੇ ਦੇਸ਼ ਵੀ ਇਸ ਕਰੋਨਾ ਵਾਇਰਸ ਅੱਗੇ ਬੇਵੱਸ ਜਿਹੇ ਨਜ਼ਰ ਆ ਰਹੇ ਹਨ ਭਾਰਤ ਵੀ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਨਹੀਂ ਬਚ ਸਕਿਆ। ਇੱਥੇ ਲਗਾਤਾਰ ਕਰੋਨਾ ਦੇ ਮਰੀਜ਼ਾਂ ਦੀ ਸੰਖਿਆ ਵਧਦੀ ਜਾ ਰਹੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਇਸ ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਹਰ ਸੰਭਵ ਸਹਾਇਤਾ ਅਤੇ ਉਪਰਾਲੇ ਕਰ ਰਹੀਆਂ ਹਨ। ਦੇਸ਼ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਕਰਫਿਊ/ ਲਾਕਡਾਊਨ ਚੱਲ ਰਿਹਾ ਹੈ। ਇਸ ਮਹਾਂਮਾਰੀ ਦੇ ਦੌਰ ਵਿੱਚ ਸਿਹਤ ਵਰਕਰ ਮੇਲ ਅਤੇ ਸਿਹਤ ਵਰਕਰ ਫੀਮੇਲ ਫਰੰਟ ਲਾਈਨ ਤੇ ਕਰੋਨਾ ਵਿਰੁੱਧ ਮੁਹਿੰਮ ਵਿੱਚ ਲੱਗੇ ਹੋਏ ਹਨ।
ਇਸ ਮਹਾਂਮਾਰੀ ਦੌਰਾਨ ਹੈਲਥ ਵਰਕਰਾਂ ਦੇ ਕੰਮਾਂ ਦੀ ਲਿਸਟ ਬਹੁਤ ਲੰਬੀ ਹੈ। ਕਰੋਨਾ ਵਾਇਰਸ ਦੇ ਆਰੰਭਕ ਦੌਰ ਵਿੱਚ ਹੈਲਥ ਵਰਕਰਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਇਸ ਬੀਮਾਰੀ ਤੋਂ ਜਾਗਰੂਕ ਕੀਤਾ ਇਸ ਸਬੰਧੀ ਪੈਂਫਲਟ ਵੰਡੇ ਗਏ। ਜਦੋਂ ਵਿਦੇਸ਼ਾਂ ਤੋਂ ਪਰਵਾਸੀ ਪੰਜਾਬੀਆਂ ਦੀ ਆਮਦ ਸ਼ੁਰੂ ਹੋਈ ਤਾਂ ਉਹਨਾਂ ਨੂੰ ਟ੍ਰੇਸ ਕਰਕੇ ਏਕਾਂਤਵਾਸ ਕੀਤਾ ਗਿਆ। ਫਿਰ ਰੋਜ਼ਾਨਾ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦਾ ਫਾਲੋਅੱਪ ਕੀਤਾ ਜਾਂਦਾ ਸੀ। ਜਦੋਂ ਹਰ ਪਾਸੇ ਕਰੋਨਾ ਵਾਇਰਸ ਦੇ ਕਾਰਨ ਡਰ ਦਾ ਮਾਹੌਲ ਸੀ ਲੋਕ ਘਰਾਂ ਵਿੱਚੋਂ ਬਾਹਰ ਨਿਕਲਣ ਤੋਂ ਡਰਦੇ ਸਨ, ਉਦੋਂ ਹੈਲਥ ਵਰਕਰ ਅਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਵਿਦੇਸ਼ਾਂ ਤੋਂ ਆਏ ਲੋਕਾਂ ਵਿੱਚ ਵਿਚਰ ਰਹੇ ਸਨ । ਉਹਨਾਂ ਨੂੰ ਲੱਛਣਾਂ ਦੇ ਆਧਾਰ ਤੇ ਰੈਫਰ ਕਰ ਰਹੇ ਸਨ। ਉਸਤੋਂ ਬਾਅਦ ਜਦੋਂ ਹੋਲੇ ਮੁਹੱਲੇ ਤੋਂ ਆਏ ਲੋਕਾਂ ਨੂੰ ਟ੍ਰੇਸ ਕਰਕੇ ਏਕਾਂਤਵਾਸ ਕੀਤਾ ਗਿਆ। ਫਿਰ ਸਰਕਾਰ ਦੀਆਂ ਦੀਆਂ ਗਾਈਡਲਾਈਨਜ਼ ਮੁਤਾਬਿਕ ਦੂਸਰੇ ਸੂਬਿਆਂ ਅਤੇ ਦੂਜੇ ਜ਼ਿਲਿਆਂ ਤੋਂ ਆਏ ਲੋਕਾਂ ਨੂੰ ਟ੍ਰੇਸ ਕਰਕੇ ਏਕਾਂਤਵਾਸ ਕੀਤਾ ਗਿਆ।ਹਰ ਰੋਜ਼ ਉਹਨਾਂ ਦਾ ਫਾਲੋਅੱਪ ਕੀਤਾ ਜਾਂਦਾ ਸੀ ਅਤੇ ਅੱਜ ਵੀ ਚੱਲ ਰਿਹਾ ਹੈ।ਏਕਾਂਤਵਾਸ ਕੀਤੇ ਗਏ ਲੋਕਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਦੀ ਸੀ ਕਿ ਉਹ ਏਕਾਂਤਵਾਸ ਭੰਗ ਨਾਂ ਕਰਨ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੀ ਜਾਗਰੂਕ ਕੀਤਾ ਜਾਂਦਾ ਸੀ ਕਿ ਉਹ ਉਹਨਾਂ ਦੇ ਸੰਪਰਕ ਵਿੱਚ ਨਾਂ ਆਉਣ। ਸਿਰਫ ਇੱਕ ਤੰਦਰੁਸਤ ਵਿਅਕਤੀ ਹੀ ਉਸਦੀ ਸਾਵਧਾਨੀ ਵਰਤਦੇ ਹੋਏ ਖਾਣਾ ਪਾਣੀ ਦੇਵੇ।
ਹੈਲਥ ਵਰਕਰ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਲਈ ਪ੍ਰੇਰਿਤ ਕਰਦੇ ਰਹੇ। ਸੋਸ਼ਲ ਡਿਸਟੈਂਸ ਰੱਖਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਵਾਰ ਵਾਰ ਹੱਥ ਧੋਣ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਨੂੰ ਹੱਥ ਧੋਣ ਦੇ ਸਾਰੇ ਤਰੀਕਿਆਂ ਬਾਰੇ ਟ੍ਰੇਨਿੰਗ ਦਿੱਤੀ ਗਈ। ਪਿਛਲੇ ਦੋ ਮਹੀਨਿਆਂ ਤੋਂ ਕਿਸੇ ਹੈਲਥ ਵਰਕਰ ਨੇ ਕੋਈ ਛੁੱਟੀ ਨਹੀਂ ਕੀਤੀ। ਨਾਂ ਐਤਵਾਰ ਅਤੇ ਨਾਂ ਹੀ ਕੋਈ ਹੋਰ ਗਜ਼ਟਿਡ ਛੁੱਟੀ ਵੇਖੀ ਲਗਾਤਾਰ ਕਰੋਨਾ ਵਾਇਰਸ ਵਿਰੁੱਧ ਮੁਹਿੰਮ ਵਿੱਚ ਲੱਗੇ ਹੋਏ ਹਨ। ਦੂਸਰੇ ਸੂਬਿਆਂ ਨੂੰ ਜਾਂਦੇ ਅੰਤਰ ਰਾਜੀ ਬਾਰਡਰਾਂ ਤੇ ਦਿਨ ਰਾਤ ਡਿਊਟੀ ਕਰਕੇ ਲੋਕਾਂ ਦੀ ਸਕਰੀਨਿੰਗ ਕਰਦੇ ਹਨ। ਆਈਸੋਲੇਸ਼ਨ ਵਾਰਡਾਂ ਵਿੱਚ ਅਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦਿਨ ਰਾਤ ਦੀ ਡਿਊਟੀ ਕੀਤੀ।
ਕਰੋਨਾ ਵਾਇਰਸ ਸਬੰਧੀ ਮੁਹਿੰਮ ਦੇ ਨਾਲ ਨਾਲ ਡੇਂਗੂ ਮਲੇਰੀਆ, ਆਰ ਸੀ ਐੱਚ, ਟੀਕਾਕਰਨ, ਜ਼ਨਮ ਮੌਤ ਰਜਿਸਟਰੇਸ਼ਨ ਦਾ ਕੰਮ ਵੀ ਕਰਦੇ ਰਹੇ। ਹੁਣ ਜਦੋਂ ਸਰਕਾਰ ਨਵੀਆਂ ਗਾਈਡਲਾਈਨਜ਼ ਮੁਤਾਬਿਕ ਕਰੋਨਾ ਮਰੀਜ਼ਾਂ ਨੂੰ ਹਸਪਤਾਲਾਂ ਵਿੱਚੋਂ ਡਿਸਚਾਰਜ ਕਰ ਰਹੇ ਹਨ ਤਾਂ ਇਹਨਾਂ ਹੈਲਥ ਵਰਕਰਾਂ ਅੱਗੇ ਹੋਰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਕਰਫ਼ਿਊ ਦੌਰਾਨ ਪਬਲਿਕ ਟਰਾਂਸਪੋਰਟ ਬੰਦ ਹੋਣ ਤੇ ਬਹੁਤ ਹੀ ਮੁਸ਼ਕਲ ਨਾਲ ਆਪਣੀਆਂ ਡਿਊਟੀਆਂ ਵਾਲੀਆਂ ਥਾਵਾਂ ਤੇ ਪਹੁੰਚਦੇ ਰਹੇ। ਫੀਮੇਲ ਵਰਕਰਾਂ ਨੂੰ ਤਾਂ ਡਿਊਟੀ ਤੇ ਹਾਜ਼ਰ ਹੋਣਾ ਬਹੁਤ ਮੁਸ਼ਕਲ ਹੁੰਦਾ ਸੀ ਫਿਰ ਆਪਣੀਆਂ ਡਿਊਟੀਆਂ ਤੇ ਡਟੇ ਰਹੇ। ਨਿਗੂਣੀਆਂ ਤਨਖ਼ਾਹਾਂ ਨਾਲ ਉਹਨਾਂ ਦਾ ਪੈਟਰੋਲ ਦਾ ਖ਼ਰਚਾ ਵੀ ਪੂਰਾ ਨਹੀਂ ਹੁੰਦਾ ਸੀ।
ਜਿਕਰਯੋਗ ਹੈ ਕਿ ਇਨਾਂ ਵਿੱਚੋਂ 1263 ਹੈਲਥ ਵਰਕਰ ਮੇਲ ਅਤੇ ਕੱਚੀਆਂ ਹੈਲਥ ਵਰਕਰ ਫੀਮੇਲ ਨਿਗੂਣੀ ਤਨਖਾਹ ਤੇ ਕੰਮ ਕਰ ਰਹੇ ਹਨ। 1263 ਹੈਲਥ ਵਰਕਰ ਮੇਲ ਜਿਨ੍ਹਾਂ ਦੀ ਭਰਤੀ ਵਿਭਾਗ ਦੀਆਂ ਹੀ ਗਲਤੀਆਂ ਕਾਰਨ ਕੋਰਟ ਵਿੱਚ ਚਲੀ ਗਈ। ਡੇਢ ਸਾਲ ਕੋਰਟ ਕੇਸਾਂ ਦੇ ਚੱਕਰ ਵਿੱਚ ਕਾਫੀ ਹੈਲਥ ਵਰਕਰ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ। ਪਹਿਲਾਂ ਇਸ਼ਤਿਹਾਰ ਲੇਟ ਜਾਰੀ ਕੀਤਾ ਗਿਆ ਇਸ ਕਾਰਨ ਹੈਲਥ ਵਰਕਰਾਂ ਦਾ ਪਰੋਬੇਸ਼ਨ ਪੀਰੀਅਡ ਤਿੰਨ ਸਾਲ ਦਾ ਹੋ ਗਿਆ ਜੇਕਰ ਸਮੇਂ ਸਿਰ ਇਸ਼ਤਿਹਾਰ ਜਾਰੀ ਹੋ ਜਾਂਦਾ ਤਾਂ ਪਰੋਬੇਸ਼ਨ ਪੀਰੀਅਡ ਦੋ ਸਾਲਾਂ ਦਾ ਹੋਣਾ ਸੀ। ਅਤੇ ਹੁਣ ਤੱਕ ਪੂਰਾ ਹੋ ਕੇ ਪੂਰੀਆਂ ਤਨਖਾਹਾਂ ਹੋ ਜਾਣੀਆਂ ਸਨ।
ਇਸੇ ਤਰ੍ਹਾਂ ਹੀ ਹੈਲਥ ਵਰਕਰ ਫੀਮੇਲ ਪਿਛਲੇ 10-12 ਸਾਲਾਂ ਤੋਂ ਹੀ ਨਿਗੂਣੀਆਂ ਤਨਖ਼ਾਹਾਂ ਤੇ ਕੰਮ ਕਰ ਰਹੀਆਂ ਹਨ। ਜਿੰਨਾ ਵਿੱਚ ਉਹਨਾਂ ਦੇ ਘਰ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ।
ਕੀ ਹਾਲੇ ਵੀ ਕੋਈ ਇਹਨਾਂ ਦੀ ਪਰਖ ਕਰਨੀ ਬਾਕੀ ਹੈ? ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਨੇ ਵੀ ਆਪਣੇ ਬਹੁਤ ਸਾਰੇ ਫੈਸਲਿਆਂ ਵਿੱਚ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਹੁਕਮ ਜਾਰੀ ਕੀਤੇ ਹਨ ਲੇਕਿਨ ਸਰਕਾਰ ਕੋਰਟਾਂ ਦੇ ਫੈਸਲਿਆਂ ਨੂੰ ਟਿੱਚ ਸਮਝਦੇ ਹੋਏ ਲਗਾਤਾਰ ਹੈਲਥ ਵਰਕਰ ਮੇਲ ਅਤੇ ਫੀਮੇਲ ਦਾ ਸ਼ੋਸਣ ਕਰ ਰਹੀ ਹੈ। ਜਿਸ ਕਾਰਨ ਇਹਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਹੈਲਥ ਵਰਕਰ ਮੇਲ ਅਤੇ ਫੀਮੇਲ ਨੂੰ ਸਿਹਤ ਵਿਭਾਗ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ। ਇਹਨਾਂ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਹੀ ਸਿਹਤ ਵਿਭਾਗ ਅਪਣੇ ਪ੍ਰੋਗਰਾਮ ਸਕੀਮਾਂ ਬਣਾਉਂਦੇ ਹਨ। ਲੇਕਿਨ ਸਿਹਤ ਵਿਭਾਗ ਲਗਾਤਾਰ ਅਪਣੀ ਇਸ ਰੀੜ ਦੀ ਹੱਡੀ ਨੂੰ ਅਣਗੌਲਿਆਂ ਕਰ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਸਿਹਤ ਕਾਮਿਆਂ ਦਾ ਕਰੋਨਾ ਵਾਇਰਸ ਸਬੰਧੀ ਮੁਹਿੰਮ ਵਿੱਚ ਯੋਗਦਾਨ ਅਤੇ ਹੋਰ ਕੰਮਾਂ ਵਿਚ ਯੋਗਦਾਨ ਦੇਖ ਕੇ 1263 ਹੈਲਥ ਵਰਕਰ ਮੇਲ ਦਾ ਪਰੋਬੇਸ਼ਨ ਪੀਰੀਅਡ ਖਤਮ ਕਰਕੇ ਪੂਰੀਆਂ ਤਨਖਾਹਾਂ ਦੇਵੇ ਅਤੇ ਹੈਲਥ ਵਰਕਰ ਫੀਮੇਲ ਨੂੰ ਰੈਗੂਲਰ ਕਰਨਾ ਚਾਹੀਦਾ ਹੈ। ਰੈਗੂਲਰ ਹੈਲਥ ਵਰਕਰਾਂ ਨੂੰ ਸਪੈਸ਼ਲ ਇੰਨਕਰੀਮੈੰਟ ਅਤੇ ਤਰੱਕੀਆਂ ਦੇਣੀਆਂ ਚਾਹੀਦੀਆਂ ਹਨ।
ਤਾਂ ਕਿ ਇਹ ਸਾਰੇ ਵਰਕਰ ਮੇਲ ਅਤੇ ਫੀਮੇਲ ਅਪਣਾ ਸਿਹਤ ਵਿਭਾਗ ਪ੍ਰਤੀ ਫ਼ਰਜ਼ ਹੋਰ ਊਰਜਾ ਭਰਪੂਰ ਹੋ ਕੇ ਨਿਭਾ ਸਕਣ।
ਆਸ ਹੈ ਕਿ ਸਰਕਾਰ ਇਹਨਾ ਦੇ ਕੰਮਾਂ ਨੂੰ ਵੇਖਦੇ ਹੋਏ ਇਹਨਾਂ ਦੀ ਹੌਸਲਾ ਅਫਜ਼ਾਈ ਕਰੇਗੀ ਅਤੇ ਇਨ੍ਹਾਂ ਦੀਆਂ ਹੱਕੀ ਮੰਗਾਂ ਛੇਤੀ ਪੂਰੀਆਂ ਕਰੇਗੀ।
– ਰਾਜਿੰਦਰ ਸਿੰਘ
+91 97791 98462