ਨਵੀਂ ਦਿੱਲੀ (ਸਮਾਜਵੀਕਲੀ) – ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਹੋਈਆਂ 71 ਮੌਤਾਂ ਨਾਲ ਕਰੋਨਾਵਾਇਰਸ ਮਹਾਮਾਰੀ ਕਾਰਨ ਦੇਸ਼ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 1,223 ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਪਿਛਲੇ 24 ਘੰਟਿਆਂ ਵਿੱਚ ਆਏ ਸੱਜਰੇ 2,411 ਕੇਸਾਂ ਨਾਲ ਮਹਾਮਾਰੀ ਤੋਂ ਪੀੜਤ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ ਅੱਜ 37,776 ਹੋ ਗਈ ਹੈ।
ਇਨ੍ਹਾਂ ਕੁੱਲ ਕੇਸਾਂ ਵਿੱਚ 111 ਵਿਦੇਸ਼ੀ ਲੋਕ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਐਕਟਿਵ ਕੇਸਾਂ ਦੀ ਗਿਣਤੀ 26,565 ਹੈ ਜਦੋਂਕਿ 10,017 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇਕ ਵਿਅਕਤੀ ਪਰਵਾਸ ਕਰ ਚੁੱਕਾ ਹੈ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਤਕਰੀਬਨ 26.52
ਫ਼ੀਸਦੀ ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕਰੋਨਾਵਾਇਰਸ ਕਾਰਨ 71 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਮਹਾਰਾਸ਼ਟਰ ’ਚ 26, ਗੁਜਰਾਤ ’ਚ 22, ਮੱਧ ਪ੍ਰਦੇਸ਼ ’ਚ ਅੱਠ, ਰਾਜਸਥਾਨ ’ਚ ਚਾਰ, ਕਰਨਾਟਕ ’ਚ ਤਿੰਨ ਅਤੇ ਦਿੱਲੀ ਤੇ ਉੱਤਰ ਪ੍ਰਦੇਸ਼ ’ਚ ਦੋ-ਦੋ ਮੌਤਾਂ ਹੋਈਆਂ ਹਨ ਜਦੋਂਕਿ ਬਿਹਾਰ, ਹਰਿਆਣਾ, ਪੰਜਾਬ ਤੇ ਤਾਮਿਲਨਾਡੂ ’ਚ ਇਕ-ਇਕ ਮੌਤ ਦਰਜ ਕੀਤੀ ਗਈ।
ਦੇਸ਼ ਭਰ ਵਿੱਚ ਹੁਣ ਤੱਕ ਹੋਈਆਂ ਕੁੱਲ ਮੌਤਾਂ ’ਚੋਂ ਮਹਾਰਾਸ਼ਟਰ ਵਿਚ ਸਭ ਤੋਂ ਵੱਧ 485, ਗੁਜਰਾਤ ’ਚ 236, ਮੱਧ ਪ੍ਰਦੇਸ਼ ’ਚ 145, ਰਾਜਸਥਾਨ ’ਚ 62, ਦਿੱਲੀ ’ਚ 61, ਉੱਤਰ ਪ੍ਰਦੇਸ਼ ’ਚ 43 ਅਤੇ ਪੱਛਮੀ ਬੰਗਾਲ ਤੇ ਆਂਧਰਾ ਪ੍ਰਦੇਸ਼ ’ਚ 33-33 ਮੌਤਾਂ ਹੋਈਆਂ ਹਨ। ਇਸੇ ਤਰ੍ਹਾਂ ਤਾਮਿਲਨਾਡੂ ’ਚ ਹੁਣ ਤੱਕ 28 ਮੌਤਾਂ, ਤੇਲੰਗਾਨਾ ’ਚ 26, ਕਰਨਾਟਕਾ ’ਚ 25, ਪੰਜਾਬ ’ਚ 20, ਕੇਰਲਾ ਤੇ ਹਰਿਆਣਾ ਵਿੱਚ ਚਾਰ-ਚਾਰ ਮੌਤਾਂ ਹੋਈਆਂ ਹਨ।
ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਵਿੱਚ 11,506, ਗੁਜਰਾਤ ’ਚ 4,721, ਦਿੱਲੀ ਵਿੱਚ 3,738, ਮੱਧ ਪ੍ਰਦੇਸ਼ ’ਚ 2,719, ਰਾਜਸਥਾਨ ਵਿੱਚ 2,666, ਤਾਮਿਲਨਾਡੂ ’ਚ 2,526, ਉੱਤਰ ਪ੍ਰਦੇਸ਼ ’ਚ 2,455, ਆਂਧਰਾ ਪ੍ਰਦੇਸ਼ ’ਚ 1,525, ਤੇਲੰਗਾਨਾ ਵਿੱਚ 1,057, ਪੱਛਮੀ ਬੰਗਾਲ ’ਚ 795, ਪੰਜਾਬ ’ਚ 772, ਜੰਮੂ ਕਸ਼ਮੀਰ ’ਚ 639, ਕਰਨਾਟਕ ’ਚ 598, ਕੇਰਲਾ ’ਚ 498, ਬਿਹਾਰ ’ਚ 471, ਹਰਿਆਣਾ ਵਿੱਚ 360, ਉੜੀਸਾ ’ਚ 154, ਝਾਰਖੰਡ ਵਿੱਚ 111 ਤੇ ਚੰਡੀਗੜ੍ਹ ਵਿੱਚ 94, ਉੱਤਰਾਖੰਡ ’ਚ 58, ਹਿਮਾਚਲ ਪ੍ਰਦੇਸ਼ ’ਚ 40, ਅੰਡਮਾਨ ਤੇ ਨਿਕੋਬਾਰ ਦੀਪ ’ਚ 35, ਲੱਦਾਖ ’ਚ 22, ਮੇਘਾਲਿਆ ’ਚ 12, ਪੁੱਡੂਚੇਰੀ ’ਚ ਅੱਠ, ਗੋਆ ’ਚ ਸੱਤ, ਮਣੀਪੁਰ ਤੇ ਤ੍ਰਿਪੁਰਾ ’ਚ ਦੋ-ਦੋ ਅਤੇ ਮਿਜ਼ੋਰਮ ਤੇ ਅਰੁਣਾਚਲ ਪ੍ਰਦੇਸ਼ ਵਿੱਚ ਹੁਣ ਤੱਕ ਕਰੋਨਾਵਾਇਰਸ ਦਾ ਇਕ-ਇਕ ਕੇਸ ਸਾਹਮਣੇ ਆਇਆ ਹੈ।
ਹਾਲਾਂਕਿ, ਵੱਖ ਵੱਖ ਸੂਬਿਆਂ ਤੋਂ ਇਕੱਤਰ ਕੀਤੇ ਗਏ ਅੰਕੜਿਆਂ ਅਨੁਸਾਰ ਸ਼ਨਿਚਰਵਾਰ ਸ਼ਾਮ ਤੱਕ ਦੇਸ਼ ਭਰ ਵਿੱਚ ਕਰੋਨਾਵਾਇਰਸ ਦੇ ਕੁੱਲ 37,707 ਕੇਸ ਸਾਹਮਣੇ ਆਏ ਅਤੇ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 1,232 ਹੈ। ਇਸ ਤਰ੍ਹਾਂ ਇਨ੍ਹਾਂ ਦੋਹਾਂ ਅੰਕੜਿਆਂ ’ਚ ਫ਼ਰਕ ਹੈ।