ਕਰੋਨਾਵਾਇਰਸ ਸੰਕਟ ਦੇ ਮੱਦੇਨਜ਼ਰ ਕਾਰਪੋਰੇਟ ਸੈਕਟਰ ਵੱਲੋਂ ਮਦਦ ਦਾ ਹੱਥ ਵਧਾਉਂਦਿਆਂ ਟਾਟਾ ਟਰੱਸਟ ਨੇ ਅੱਜ 500 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਟਾਟਾ ਟਰੱਸਟ ਦੇ ਚੇਅਰਮੈਨ ਰਤਨ ਐੱਨ. ਟਾਟਾ ਨੇ ਕਿਹਾ ਕਿ ਭਾਰਤ ਤੇ ਸੰਸਾਰ ਵਿਚ ਮੌਜੂਦਾ ਸਥਿਤੀ ਗੰਭੀਰ ਫ਼ਿਕਰ ਦਾ ਵਿਸ਼ਾ ਹੈ ਤੇ ਤੁਰੰਤ ਕਾਰਵਾਈ ਲੋੜੀਂਦੀ ਹੈ। ਟਾਟਾ ਨੇ ਕਿਹਾ ‘ਇਸ ਬੇਹੱਦ ਔਖੀ ਘੜੀ ’ਚ, ਮੈਂ ਸਮਝਦਾ ਹਾਂ ਕਿ ਹੰਗਾਮੀ ਸਰੋਤਾਂ ਦੀ ਤੁਰੰਤ ਲੋੜ ਹੈ ਤਾਂ ਕਿ ਕੋਵਿਡ-19 ਨਾਲ ਸਿੱਝਿਆ ਜਾ ਸਕੇ ਜੋ ਕਿ ਭਵਿੱਖ ’ਚ ਮਨੁੱਖਤਾ ਲਈ ਤਕੜੀ ਚੁਣੌਤੀ ਸਾਬਿਤ ਹੋਵੇਗਾ।’ ਇਹ ਪੈਸਾ ਅੱਗੇ ਹੋ ਕੇ ਕੰਮ ਕਰਨ ਵਾਲੇ ਮੈਡੀਕਲ ਸਟਾਫ਼ ਨੂੰ ਸੁਰੱਖਿਅਤ ਰੱਖਣ ਲਈ ਖ਼ਰਚਿਆ ਜਾਵੇਗਾ, ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੀ ਸਮੱਗਰੀ ਖ਼ਰੀਦੀ ਜਾਵੇਗੀ, ਸਾਹ ਦੇਣ ਵਾਲੇ ਉਪਕਰਨ ਖ਼ਰੀਦੇ ਜਾਣਗੇ ਤਾਂ ਕਿ ਵੱਧ ਰਹੇ ਕੇਸਾਂ ਨਾਲ ਨਜਿੱਠਿਆ ਜਾ ਸਕੇ, ਵਿਆਪਕ ਟੈਸਟ ਲਈ ਟੈਸਟਿੰਗ ਕਿੱਟਾਂ ਖ਼ਰੀਦੀਆਂ ਜਾਣਗੀਆਂ, ਇਲਾਜ ਸਹੂਲਤਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ, ਬੀਮਾਰੀ ਨਾਲ ਸਬੰਧਤ ਜਾਣਕਾਰੀਆਂ ਤੇ ਸਿਹਤ ਵਰਕਰਾਂ ਤੇ ਆਮ ਜਨਤਾ ਦੀ ਸਿਖ਼ਲਾਈ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਟਾਟਾ ਟਰੱਸਟ, ਟਾਟਾ ਸੰਨਜ਼ ਤੇ ਟਾਟਾ ਗਰੁੱਪ ਦੀਆਂ ਕੰਪਨੀਆਂ ਇਸ ਉਪਰਾਲੇ ਲਈ ਆਪਣੇ ਆਲਮੀ ਭਾਈਵਾਲਾਂ ਨਾਲ ਸਾਂਝ ਪਾ ਰਹੀਆਂ ਹਨ। ਰਤਨ ਟਾਟਾ ਨੇ ਕਿਹਾ ਕਿ ਸਮਾਜ ਦੇ ਪੱਛੜੇ ਵਰਗਾਂ ਤੱਕ ਪਹੁੰਚਣ ਤੇ ਮਦਦ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਕਟ ਨਾਲ ਨਜਿੱਠ ਰਹੇ ਹਰ ਵਿਅਕਤੀ ਤੇ ਮੈਂਬਰ ਸੰਗਠਨਾਂ ਦੇ ਉਹ ਦਿਲੋਂ ਧੰਨਵਾਦੀ ਹਨ। ਉਹ ਉਨ੍ਹਾਂ ਦਾ ਸਨਮਾਨ ਕਰਦੇ ਹਨ ਜੋ ਆਪਣੀ ਜ਼ਿੰਦਗੀ ਦਾਅ ’ਤੇ ਲਾ ਰਹੇ ਹਨ। ਇਸੇ ਦੌਰਾਨ ਬੀਸੀਸੀਆਈ ਨੇ ਪ੍ਰਧਾਨ ਮੰਤਰੀ ਰਾਹਤ ਫੰਡ ’ਚ 51 ਕਰੋੜ ਜਦਕਿ ਸੁਪਰੀਮ ਕੋਰਟ ਦੇ ਜਸਟਿਸ ਐੱਨਵੀ ਰਮਨਾ ਨੇ 3 ਲੱਖ ਰੁਪਏ ਦਿੱਤੇ ਹਨ।
HOME ਕੋਵਿਡ-19 ਨਾਲ ਨਜਿੱਠਣ ਲਈ ਟਾਟਾ ਟਰੱਸਟ ਦੇਵੇਗਾ 500 ਕਰੋੜ ਰੁਪਏ