ਚੰਡੀਗੜ੍ਹ (ਸਮਾਜਵੀਕਲੀ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਈ ਦਿਹਾੜੇ ਮੌਕੇ ਕੌਮੀ ਝੰਡਾ ਲਹਿਰਾਇਆ ਅਤੇ ਕੋਵਿਡ ਖ਼ਿਲਾਫ਼ ਜੰਗ ਦਾ ਅਹਿਦ ਲਿਆ। ਮੁੱਖ ਮੰਤਰੀ ਨੇ ਮਿਹਨਤੀ ਲੋਕਾਂ ਅਤੇ ਮੁਲਾਜ਼ਮਾਂ ਤੋਂ ਇਲਾਵਾ ਕੋਵਿਡ ਖ਼ਿਲਾਫ਼ ਲੜਾਈ ਵਿਚ ਕੁੱਦੇ ਹਰ ਵਿਅਕਤੀ ਨੂੰ ਹੱਲਾਸ਼ੇਰੀ ਦਿੱਤੀ ਅਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਲੰਮੀ ਲੜਾਈ ਹੈ, ਜਿਸ ਨੂੰ ਖਤਮ ਕਰਕੇ ਸਾਹ ਲਵਾਂਗੇ। ਉਨ੍ਹਾਂ ਦੇਸ਼ ਨੂੰ ਭਰੋਸਾ ਦਿੱਤਾ ਕਿ ਕੋਵਿਡ ਖ਼ਿਲਾਫ਼ ਲੜਾਈ ’ਚ ਪੰਜਾਬ ਨਾਲ ਖੜ੍ਹਾ ਹੈ।
ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ’ਤੇ ਅੱਜ ਪੰਜਾਬ ਭਰ ਵਿਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮ ਧਿਰਾਂ ਅਤੇ ਕਿਰਤੀ ਲੋਕਾਂ ਨੇ ਕਰੋਨਾਵਾਇਰਸ ਕਾਰਨ ਪੂਰੀ ਸਾਵਧਾਨੀ ਵਰਤਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਲੀ ਦਿੱਤੀ। ਸਮਾਜਿਕ ਦੂਰੀ ਬਣਾ ਕੇ ਇਨ੍ਹਾਂ ਧਿਰਾਂ ਨੇ ਝੰਡਾ ਲਹਿਰਾਏ ਅਤੇ ਸ਼ਹੀਦਾਂ ਨੂੰ ਯਾਦ ਕੀਤਾ। ਕਿਰਤੀ ਜਮਾਤ ਦੀ ਹਮਾਇਤ ’ਚ ਨਾਅਰੇ ਵੀ ਗੂੰਜੇ। ਵੱਡੇ ਇਕੱਠਾਂ ਤੋਂ ਗੁਰੇਜ਼ ਕੀਤਾ ਗਿਆ।