ਨਵੀਂ ਦਿੱਲੀ (ਸਮਾਜਵੀਕਲੀ) : ਭਾਰਤ ਵਿੱਚ ਅੱਜ ਲਗਾਤਾਰ ਪੰਜਵੇਂ ਦਿਨ ਦਸ ਹਜ਼ਾਰ ਤੋਂ ਵੱਧ ਨਵੇਂ ਕੋਵਿਡ-19 ਕੇਸਾਂ ਨਾਲ ਕਰੋਨਾਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 3,43,091 ਹੋ ਗਈ ਹੈ। ਊਧਰ ਪਿਛਲੇ 24 ਘੰਟਿਆਂ ਦੌਰਾਨ 380 ਹੋਰ ਮੌਤਾਂ ਨਾਲ ਕਰੋਨਾ ਮਹਾਮਾਰੀ ਅੱਗੇ ਦਮ ਤੋੜਨ ਵਾਲਿਆਂ ਦਾ ਅੰਕੜਾ 9900 ਨਾਲ ਦਸ ਹਜ਼ਾਰ ਨੇੜੇ ਢੁੱਕ ਗਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਸੋਮਵਾਰ ਤੋਂ ਅੱਜ ਸਵੇਰੇ ਅੱਠ ਵਜੇ ਤਕ 10,667 ਕਰੋਨਾ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਕੁੱਲ ਕੇਸਾਂ ’ਚੋਂ ਸਰਗਰਮ ਕੇਸਾਂ ਦੀ ਗਿਣਤੀ 1,53,178 ਹੈ ਜਦੋਂ 1,80,012 ਵਿਅਕਤੀ ਕਰੋਨਾ ਦੀ ਲਾਗ ਨੂੰ ਭਾਂਜ ਦੇ ਕੇ ਸਿਹਤਯਾਬ ਹੋਣ ਵਿੱਚ ਸਫ਼ਲ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਹੁਣ ਤਕ 52.46 ਫੀਸਦ ਮਰੀਜ਼ ਲਾਗ ਤੋਂ ਉਭਰ ਚੁੱਕੇ ਹਨ।
ਅਮਰੀਕਾ, ਬ੍ਰਾਜ਼ੀਲ ਤੇ ਰੂਸ ਤੋਂ ਬਾਅਦ ਭਾਰਤ ਕਰੋਨਾ ਦੀ ਸਭ ਤੋਂ ਵੱਧ ਮਾਰ ਝੱਲਣ ਵਾਲਾ ਚੌਥਾ ਮੁਲਕ ਹੈ। ਜੌਹਨ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮੌਤਾਂ ਦੇ ਮਾਮਲੇ ਵਿੱਚ ਭਾਰਤ ਆਲਮੀ ਪੱਧਰ ’ਤੇ ਅੱਠਵੇਂ ਸਥਾਨ ’ਤੇ ਹੈ।