ਨਵੀਂ ਦਿੱਲੀ (ਸਮਾਜਵੀਕਲੀ): ਭਾਰਤ ਵਿਚ ਕਰੋਨਾਵਾਇਰਸ ਦੇ 22,771 ਨਵੇਂ ਕੇਸ ਉਜਾਗਰ ਹੋਣ ਨਾਲ ਅੱਜ ਪੀੜਤਾਂ ਦੀ ਗਿਣਤੀ 6,48,315 ਨੂੰ ਅੱਪੜ ਗਈ। ਰੋਜ਼ਾਨਾ ਮਾਮਲਿਆਂ ਵਿਚ ਹੋ ਰਹੇ ਵਾਧੇ ਦਾ ਰਿਕਾਰਡ ਅੱਜ ਫੇਰ ਟੁੱਟ ਗਿਆ। ਅੱਜ ਕਰੀਬ 442 ਮੌਤਾਂ ਹੋਈਆਂ ਹਨ ਤੇ ਵਾਇਰਸ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 18,655 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ 3,94,226 ਲੋਕ ਵਾਇਰਸ ਤੋਂ ਉੱਭਰ ਚੁੱਕੇ ਹਨ।
ਪਿਛਲੇ 24 ਘੰਟਿਆਂ ਵਿਚ 14,335 ਮਰੀਜ਼ ਠੀਕ ਹੋਏ ਹਨ। ਠੀਕ ਹੋਏ ਮਰੀਜ਼ਾਂ ਦੀ ਗਿਣਤੀ ਐਕਟਿਵ ਕੇਸਾਂ ਨਾਲੋਂ ਵੱਧ ਗਈ ਹੈ। ਇਸ ਵੇਲੇ 2,35,433 ਐਕਟਿਵ ਮਾਮਲੇ ਹਨ। ਮੰਤਰਾਲੇ ਮੁਤਾਬਕ ਰਿਕਵਰੀ ਰੇਟ 60.81 ਫ਼ੀਸਦ ਹੈ। ਆਈਸੀਐਮਆਰ ਮੁਤਾਬਕ ਤਿੰਨ ਜੁਲਾਈ ਤੱਕ 95,40,132 ਟੈਸਟ ਕੀਤੇ ਜਾ ਚੁੱਕੇ ਹਨ। ਸਰਕਾਰ ਮੁਤਾਬਕ ਮੁਲਕ ਵਿਚ ਟੈਸਟਿੰਗ ਨੈੱਟਵਰਕ ਵਧਾਇਆ ਜਾ ਰਿਹਾ ਹੈ। ਇਸੇ ਕਾਰਨ ਰੋਜ਼ਾਨਾ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਮੁਲਕ ਵਿਚ ਇਸ ਵੇਲੇ ਸਰਕਾਰੀ ਤੇ ਪ੍ਰਾਈਵੇਟ ਕਰੀਬ 1087 ਲੈਬਾਂ ਕਰੋਨਾ ਦੇ ਟੈਸਟ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਲਗਾਤਾਰ ਦੂਜੇ ਦਿਨ ਕੇਸਾਂ ਦੀ ਗਿਣਤੀ 20 ਹਜ਼ਾਰ ਤੋਂ ਵੱਧ ਹੈ।
ਪਹਿਲੀ ਜੂਨ ਤੋਂ ਲੈ ਕੇ ਹੁਣ ਤੱਕ 4,57,780 ਮਾਮਲੇ ਉਜਾਗਰ ਹੋ ਚੁੱਕੇ ਹਨ। ਲੰਘੇ 24 ਘੰਟਿਆਂ ਵਿਚ 198 ਮੌਤਾਂ ਮਹਾਰਾਸ਼ਟਰ, 64 ਤਾਮਿਲਨਾਡੂ, 59 ਦਿੱਲੀ, 21 ਕਰਨਾਟਕ ਵਿਚ ਹੋਈਆਂ ਹਨ। ਗੁਜਰਾਤ ਤੇ ਪੱਛਮੀ ਬੰਗਾਲ ਵਿਚ ਵੀ 18-18 ਮੌਤਾਂ ਹੋਈਆਂ ਹਨ। ਮਹਾਰਾਸ਼ਟਰ, ਦਿੱਲੀ ਤੇ ਗੁਜਰਾਤ ਸਭ ਤੋਂ ਵੱਧ ਵਾਇਰਸ ਦੀ ਮਾਰ ਝੱਲ ਰਹੇ ਹਨ।