ਕੋਵਿਡ ਪੀੜਤਾਂ ਦੀਆਂ ਲਾਸ਼ਾਂ ਪਾਣੀ ’ਚ ਰੋੜ੍ਹਨ ਤੇ ਗੰਗਾ ਕਿਨਾਰੇ ਦਫਨਾਉਣ ਦੀ ਜਾਂਚ ਦੇ ਆਦੇਸ਼

ਨਵੀਂ ਦਿੱਲੀ (ਸਮਾਜ ਵੀਕਲੀ) : ਸਥਾਨਕ ਜ਼ਿਲ੍ਹੇ ਦੇ ਬੀਗਾਪੁਰ ਪਾਟਨ ਤਹਿਸੀਲ ਵਿੱਚ ਗੰਗਾ ਨਦੀ ਦੇ ਬਕਸਰ ਤੱਟ ’ਤੇ ਦਫ਼ਨਾਈਆਂ ਕਈ ਲਾਸ਼ਾਂ ਮਿਲਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੁੱਝ ਦਫ਼ਨਾਈਆਂ ਗਈਆਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਉਧਰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਗੰਗਾ ਨਦੀ ਵਿੱਚ ਸ਼ੱਕੀ ਕੋਵਿਡ ਮਰੀਜ਼ਾਂ ਦੀਆਂ ਲਾਸ਼ਾਂ ਮਿਲਣ ਨਾਲ ਸਬੰਧਤ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਅੱਜ ਕੇਂਦਰੀ ਜਲ ਸ਼ਕਤੀ ਮੰਤਰਾਲੇ ਅਤੇ ਦੋਵਾਂ ਸੂਬਿਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।

ਸਾਰੀਆਂ ਸਬੰਧਤ ਧਿਰਾਂ ਨੂੰ ਜਵਾਬ ਦਾਅਵੇ ਲਈ ਚਾਫ਼ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ। ਉਨਾਓ ਦੇ ਜ਼ਿਲ੍ਹਾ ਅਧਿਕਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਮਿਲਣ ਉਪਰੰਤ ਐੱਸਡੀਐੱਮ ਪੱਧਰ ਦੇ ਇੱਕ ਅਧਿਕਾਰੀ ਨੂੰ ਜਾਂਚ ਲਈ ਮੌਕੇ ’ਤੇ ਭੇਜਿਆ ਗਿਆ ਹੈ। ਉਹ ਛੇਤੀ ਰਿਪੋਰਟ ਦੇਣਗੇ। ਅਧਿਕਾਰੀ ਨੇ ਕਿਹਾ ਕਿ ਉਸ ਨੂੰ ਸੂਚਨਾ ਮਿਲੀ ਹੈ ਕੁੱਝ ਵਿਅਕਤੀਆਂ ਵੱਲੋਂ ਰੇਤ ਹੇਠਾਂ ਲਾਸ਼ਾਂ ਨੂੰ ਦਬਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਕਸਰ ਘਾਟ ਕਈ ਜ਼ਿਲ੍ਹਿਆਂ ਦੀ ਹੱਦ ’ਤੇ ਸਥਿਤ ਹੈ ਅਤੇ ਇਹ ਰਾਇਬਰੇਲੀ, ਫ਼ਤਹਿਪੁਰ, ਉਨਾਓ ਨੂੰ ਜੋੜਦਾ ਹੈ। ਇੱਥੇ ਕਈ ਜ਼ਿਲ੍ਹਿਆਂ ਦੇ ਲੋਕ ਆ ਕੇ ਰਸਮਾਂ ਨਾਲ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਦੇ ਹਨ। ਉਧਰ, ਐੱਸਡੀਐੱਮ ਬੀਗਾਪੁਰ ਦਿਆ ਸ਼ੰਕਰ ਪਾਠਕ ਨੇ ਦੱਸਿਆ ਕਿ ਜਾਂਚ ਕਰਨ ’ਤੇ ਉਥੇ ਕੋਈ ਲਾਸ਼ ਖੁੱਲ੍ਹੇ ਵਿੱਚ ਪਈ ਨਹੀਂ ਮਿਲੀ।

ਦਫ਼ਨਾਈਆਂ ਹੋਈਆਂ ਲਾਸ਼ਾਂ ਦੀ ਗਿਣਤੀ ਬਾਰੇ ਵੀ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਤੱਟ ਦੇ ਨੇੜੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਵੀਰਵਾਰ ਸਵੇਰ ਤੋਂ ਕਿਸੇ ਨੂੰ ਇੱਥੇ ਲਾਸ਼ਾਂ ਦਫਨਾਉਣ ਨਹੀਂ ਦਿੱਤਾ ਗਿਆ। ਸਾਰਿਆਂ ਨੂੰ ਅੰਤਿਮ ਸੰਸਕਾਰ ਲਈ ਕਿਹਾ ਜਾ ਰਿਹਾ ਹੈ।ਇਸੇ ਦੌਰਾਨ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਉਸ ਨੇ ਦੋਵਾਂ ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਸਕੱਤਰ ਨੂੰ ਅੱਜ ਨੋਟਿਸ ਜਾਰੀ ਕਰਕੇ ਚਾਰ ਹਫ਼ਤਿਆਂ ਵਿੱਚ ਕਾਰਵਾਈ ਰਿਪੋਰਟ ਮੰਗ ਲਈ ਹੈ।ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿੱਚ ਰਹਿਣ ਵਾਲੇ ਲੋਕਾਂ ਮੁਤਾਬਕ ਉਜਿਯਾਰ, ਕੁਲਹੜੀਆ ਅਤੇ ਭਰੌਲੀ ਘਾਟ ’ਤੇ 52 ਲਾਸ਼ਾਂ ਤਰਦੀਆਂ ਮਿਲੀਆਂ ਸਨ।

ਇਸੇ ਤਰ੍ਹਾਂ ਬਿਹਾਰ ਦੇ ਉੱਤਰ ਪ੍ਰਦੇਸ਼ ਨਾਲ ਲਗਦੇ ਸਰਹੱਦੀ ਬਕਸਰ ਜ਼ਿਲ੍ਹੇ ਦੇ ਚੌਸਾ ਬਲਾਕ ਵਿੱਚ ਗੰਗਾ ਨਦੀ ’ਚੋਂ ਸ਼ੱਕੀ ਕਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਮਿਲੀਆਂ ਸਨ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਸ਼ਾਇਦ ਸਰਕਾਰੀ ਏਜੰਸੀਆਂ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਨਾਕਾਮ ਰਹੀਆਂ ਹਨ। ਕਮਿਸ਼ਨ ਨੇ ਕਿਹਾ ਕਿ ਮ੍ਰਿਤਕ ਦੇਹਾਂ ਨੂੰ ਪਵਿੱਤਰ ਗੰਗਾ ਨਦੀ ’ਚ ਪ੍ਰਵਾਹ ਕਰਨਾ ਗੰਗਾ ਦੀ ਸਾਫ਼ ਸਫਾਈ ਨਾਲ ਜੁੜੇ ਕੌਮੀ ਮਿਸ਼ਨ ਬਾਬਤ ਜਲ ਸ਼ਕਤੀ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਉਲੰਘਣਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleLebanese security forces deny Hezbollah’s involvement Israel rocket firings
Next articleਪ੍ਰਿਯੰਕਾ ਨੇ ਮਾਮਲੇ ਦੀ ਨਿਆਂਇਕ ਜਾਂਚ ਮੰਗੀ