ਨਵੀਂ ਦਿੱਲੀ (ਸਮਾਜਵੀਕਲੀ) : ਕਾਨਪੁਰ ਦੇ ਇਕ ਬਾਲ ਗ੍ਰਹਿ ’ਚ 57 ਨਾਬਾਲਗ ਲੜਕੀਆਂ ਦੇ ਕੋਵਿਡ ਪਾਜ਼ੇਟਿਵ ਪਾਏ ਜਾਣ ਦੀ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਰਿਪੋਰਟ ਤਲ਼ਬ ਕੀਤੀ ਹੈ।
ਅਦਾਲਤ ਨੇ ਇਸ ਖ਼ਬਰ ਦਾ ਖ਼ੁਦ ਨੋਟਿਸ ਲੈਂਦਿਆਂ ਯੂਪੀ ਸਰਕਾਰ ਦੀ ਜਵਾਬਤਲਬੀ ਕੀਤੀ ਹੈ। ਵਕੀਲ ਅਪਰਨਾ ਭੱਟ ਨੇ ਵੀ ਪੀੜਤ ਲੜਕੀਆਂ ਨੂੰ ਢੁੱਕਵਾਂ ਇਲਾਜ ਤੇ ਸਹੂਲਤਾਂ ਮੁਹੱਈਆ ਕਰਵਾਏ ਜਾਣ ਬਾਰੇ ਪਟੀਸ਼ਨ ਦਾਇਰ ਕੀਤੀ ਸੀ।
ਵੀਡੀਓ ਕਾਨਫਰੰਸ ਰਾਹੀਂ ਹੋਈ ਸੁਣਵਾਈ ਦੌਰਾਨ ਅਦਾਲਤ ਨੂੰ ਜਾਣੂ ਕਰਵਾਇਆ ਗਿਆ ਕਿ ਤਾਮਿਲਨਾਡੂ ਦੇ ਸਰਕਾਰੀ ਬਾਲ ਗ੍ਰਹਿ ਵਿਚ ਪਾਜ਼ੇਟਿਵ ਪਾਏ ਗਏ 35 ਬੱਚੇ ਇਲਾਜ ਤੋਂ ਬਾਅਦ ਪਰਤ ਆਏ ਹਨ। ਅਦਾਲਤ ਨੇ ਹੋਰਨਾਂ ਰਾਜਾਂ ਨੂੰ ਵੀ ਸ਼ੁੱਕਰਵਾਰ ਤੱਕ ਆਪੋ-ਆਪਣੇ ਜਵਾਬ ਦਾਇਰ ਕਰਨ ਲਈ ਕਿਹਾ ਹੈ। ਅਗਲੀ ਸੁਣਵਾਈ 13 ਜੁਲਾਈ ਨੂੰ ਹੋਵੇਗੀ।