ਕੋਵਿਡ ਦੀ ਦੂਜੀ ਲਹਿਰ ਖ਼ਿਲਾਫ਼ ਫੈਸਲਾਕੁਨ ਕਦਮ ਚੁੱਕਣ ਦੀ ਲੋੜ: ਮੋਦੀ

ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ ’ਤੇ ਵੱਡੀ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਕਰੋਨਾਵਾਇਰਸ ਦੇ ‘ਦੂਜੇ ਹੱਲੇ’ ਦੇ ਟਾਕਰੇ ਲਈ ‘ਛੇਤੀ ਤੇ ਫੈਸਲਾਕੁਨ’ ਕਦਮ ਪੁੱਟਣ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਰੋਨਾਵਾਇਰਸ ਨੂੰ ਫੈਲਣ ਤੋੋਂ ਰੋਕਣ ਲਈ ‘ਟੈਸਟ, ਟਰੈਕ(ਕੇਸਾਂ ਦੀ ਪੈੜ ਨੱਪਣੀ) ਤੇ ਟਰੀਟ (ਇਲਾਜ)’ ਵਾਲੀ ਪਹੁੰਚ ਦਾ ਗੰਭੀਰਤਾ ਨਾਲ ਪਾਲਣ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ‘ਦਵਾਈ ਭੀ ਕੜਾਈ (ਸਖ਼ਤੀ) ਭੀ’ ਦਾ ਮੰਤਰ ਦੁਹਰਾਉਂਦਿਆਂ ਕਿਹਾ ਕਿ ਟੀਕਾਕਰਨ ਦੇ ਬਾਵਜੂਦ ਲੋਕ ਮਾਸਕ ਪਾਉਣ ਨੂੰ ਗੰਭੀਰਤਾ ਨਾਲ ਲੈਣ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਭਾਵੇਂ ਲੋਕਾਂ ਨੂੰ ਪੈਨਿਕ-ਮੋਡ (ਦਹਿਸ਼ਤ) ਵਿੱਚ ਪਾਉਣ ਦੀ ਲੋੜ ਨਹੀਂ, ਪਰ ਇਹ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ ਕਿ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲੇ।

ਕਰੋਨਾ ਮਹਾਮਾਰੀ ਦੇ ਹਾਲਾਤ ਅਤੇ ਮੌਜੂਦਾ ਟੀਕਾਕਰਨ ਮੁਹਿੰਮ ਬਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵਰਚੁਅਲੀ ਰੂਬਰੂ ਹੁੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰੋਗਾਂ ਖ਼ਿਲਾਫ਼ ਲੜਨ ਲਈ ਟੀਕਾਕਰਨ ਅਸਰਦਾਰ ਹਥਿਆਰ ਹੈ। ਉਨ੍ਹਾਂ ਕਿਹਾ ਕਿ ਸੂਬੇ ਵੱਧ ਤੋਂ ਵੱਧ ਟੀਕਾਕਰਨ ਸੈਂਟਰ ਸਥਾਪਿਤ ਕਰਨ, ਫਿਰ ਚਾਹੇ ਇਹ ਸਰਕਾਰੀ ਹੋਣ ਜਾਂ ਨਿੱਜੀ। ਜਨਵਰੀ ਵਿੱਚ ਸ਼ੁਰੂ ਹੋਈ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਮਗਰੋਂ ਪਹਿਲੀ ਵਾਰ ਮੁੱਖ ਮੰਤਰੀਆਂ ਦੇ ਰੂਬਰੂ ਹੁੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ਤੇ ਪੰਜਾਬ ਵਰਗੇ ਸੂਬਿਆਂ ’ਚ ਕੋਵਿਡ-19 ਕੇਸ ਲਗਾਤਾਰ ਵਧ ਰਹੇ ਹਨ ਜਦੋਂਕਿ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿੱਚ ਕਰੋਨਾ ਕੇਸਾਂ ਦੀ ਪਾਜ਼ੇਟੀਵਿਟੀ ਦਰ ਨੇ ਇਕਦਮ ਸ਼ੂਟ ਵੱਟੀ ਹੈ। ਸ੍ਰੀ ਮੋਦੀ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਦੇਸ਼ ਦੇ ਸੱਤ ਰਾਜਾਂ ਵਿੱਚ ਪਾਜ਼ੇਟੀਵਿਟੀ ਦਰ 150 ਫੀਸਦ ਵਧ ਗਈ ਹੈ। ਉਨ੍ਹਾਂ ਕਿਹਾ, ‘ਜੇ ਅਸੀਂ ਇਸ ਨੂੰ ਇਥੇ ਹੀ ਨਾ ਰੋਕਿਆ ਤਾਂ ਪੂਰੇ ਦੇਸ਼ ਵਿੱਚ ਮਹਾਮਾਰੀ ਫੈਲਣ ਦੇ ਆਸਾਰ ਬਣ ਸਕਦੇ ਹਨ।’

ਸ੍ਰੀ ਮੋਦੀ ਨੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਟੈਸਟਿੰਗ ਦਾ ਘੇਰਾ ਵਧਾਉਂਦਿਆਂ ਹੋਰ ਉਪਰਾਲਿਆਂ ਦਾ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਕਈ ‘ਟੀਅਰ 2 ਤੇ 3’ ਸ਼ਹਿਰ, ਜੋ ਪਹਿਲਾਂ ‘ਸੁਰੱਖਿਅਤ ਜ਼ੋਨਾਂ’ ਵਿੱਚ ਨਜ਼ਰ ਆਉਂਦੇ ਸੀ, ਵਿੱਚ ਹੁਣ ਤੇਜ਼ੀ ਨਾਲ ਪਾਜ਼ੇਟਿਵ ਕੇਸਾਂ ’ਚ ਉਭਾਰ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਖਿਲਾਫ਼ ਲੜਾਈ ’ਚ ਭਾਰਤ ਦੀ ‘ਸਫ਼ਲਤਾ’ ਦਾ ਇਕ ਮੁੱਖ ਕਾਰਨ ਸਾਡੇ ਪਿੰਡ ਸਨ, ਜੋ ਇਸ ਰੋਗ ਦੀ ਮਾਰ ਤੋਂ ਦੂਰ ਸਨ। ਹੁਣ ਜੇਕਰ ਮਹਾਮਾਰੀ ਛੋਟੇ ਕਸਬਿਆਂ ਤੱਕ ਫੈਲ ਗਈ ਤਾਂ ਸਾਡੇ ਪੇਂਡੂ ਇਲਾਕੇ ਵੀ ਇਸ ਦੀ ਮਾਰ ਤੋਂ ਨਹੀਂ ਬਚ ਸਕਣਗੇ। ਉਨ੍ਹਾਂ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਆਰਟੀ-ਪੀਸੀਆਰ ਟੈਸਟਾਂ ਦੀ ਗਿਣਤੀ ਨੂੰ ਵਧਾਉਣ, ਜੋ ਕਿ ਕੁੱਲ ਟੈਸਟਿੰਗ ਦਾ 70 ਫੀਸਦ ਤੋਂ ਵੱਧ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਹਿਸ਼ਤ ਵਿੱਚ ਪਾਉਣ ਦੀ ਕੋਈ ਲੋੜ ਨਹੀਂ ਹੈ, ਪਰ ਇਸ ਦੇ ਨਾਲ ਹੀ ਇਹ ਯਕੀਨੀ ਬਣਾਉਣ ਦੀ ਵੀ ਲੋੜ ਹੈ ਕਿ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲੇ। ਉਨ੍ਹਾਂ ਕਿਹਾ ਕਿ ‘ਟੈਸਟ, ਟਰੈਕ ਤੇ ਟਰੀਟ’ ਨੂੰ ਸੰਜੀਦਗੀ ਨਾਲ ਲਿਆ ਜਾਵੇ ਕਿਉਂਕਿ ਕਰੋਨਾ ਦੇ ਹਮਲੇ ਨੂੰ ਇਕ ਸਾਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵੈਕਸੀਨ ਦੀ ਬਰਬਾਦੀ ਨੂੰ ਵੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਤਿਲੰਗਾਨਾ ਤੇ ਆਂਧਰਾ ਪ੍ਰਦੇਸ਼ ’ਚ ਇਹ ਦਰ ਦਸ ਫੀਸਦ ਤੋਂ ਵੱਧ ਹੈ ਜਦੋਂਕਿ ਉੱਤਰ ਪ੍ਰਦੇਸ਼ ’ਚ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹਨ।

ਵਰਚੁਅਲ ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਜ਼ਿਲ੍ਹਿਆਂ ਨੂੰ ਸੂਚੀਬੰਦ ਕੀਤਾ, ਜਿੱਥੇ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਮੀਟਿੰਗ ਦੌਰਾਨ ਪੱਛਮੀ ਬੰਗਾਲ ਤੇ ਛੱਤੀਸਗੜ੍ਹ ਸਮੇਤ ਕੁਝ ਹੋਰ ਰਾਜਾਂ ਦੇ ਮੁੱਖ ਮੰਤਰੀ ਗ਼ੈਰਹਾਜ਼ਰ ਰਹੇ।

Previous articleLocally-assembled Jeep Wrangler launched in India
Next articleਹਰਿਆਣਾ ’ਚ ਕਾਂਗਰਸ ਵਿਧਾਇਕ ਦੇ ਟਿਕਾਣਿਆਂ ’ਤੇ ਛਾਪੇ