ਕੋਲਿਆਂਵਾਲੀ ਦੇ ਬੂਹੇ ਵਿਜੀਲੈਂਸ ਲਈ ਬੰਦ, ਬਾਦਲ ਲਈ ਖੁੱਲ੍ਹੇ

ਵਿਜੀਲੈਂਸ ਲਈ ਬੰਦ ਰਹਿਣ ਵਾਲੇ ਅਕਾਲੀ ਆਗੂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਰਿਹਾਇਸ਼ਗਾਹ ਦੇ ਬੂਹੇ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਪਲਾਂ ’ਚ ਖੁੱਲ੍ਹ ਗਏ। ਸਾਬਕਾ ਮੁੱਖ ਮੰਤਰੀ ਅੱਜ ਆਪਣੇ ਜਥੇਬੰਦਕ ਲਾਮ-ਲਸ਼ਕਰ ਨਾਲ ਵਿਜੀਲੈਂਸ ਦੀ ਕੁੜਿੱਕੀ ’ਚ ਫਸੇ ਕੋਲਿਆਂਵਾਲੀ ਦੇ ਘਰ ਪੁੱਜੇ ਤੇ ਪੰਚਾਇਤ ਚੋਣਾਂ ਸਬੰਧੀ ਸਰਾਵਾਂ ਜੈਲ ਦੇ ਅਕਾਲੀ ਵਰਕਰਾਂ ਦੇ ਇਕੱਠ ਨੂੰ ਵੀ ਸੰਬੋਧਨ ਕੀਤਾ। ਸ੍ਰੀ ਬਾਦਲ ਨੇ ਇਸ ਮੌਕੇ ਸੂਬੇ ਦੀ ਅਫ਼ਸਰਸ਼ਾਹੀ ਨੂੰ ‘ਧੱਕੇਸ਼ਾਹੀ’ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਕੋਲਿਆਂਵਾਲੀ ਮਗਰ ਸਮੁੱਚਾ ਅਕਾਲੀ ਦਲ ਖੜ੍ਹਾ ਹੈ। ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਜਥੇਦਾਰ ਕੋਲਿਆਂਵਾਲੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਖਿਲਾਫ਼ ਸਿਆਸੀ ਬਦਲਾਖੋਰੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਉਨ੍ਹਾਂ ਦੀ ਰਿਹਾਇਸ਼ ’ਤੇ ਜਿੰਦਰਾ ਲੱਗਿਆ ਹੋਣ ਕਰਕੇ ਵਿਜੀਲੈਂਸ ਦੀ ਟੀਮ ਕੰਧ ’ਤੇ ਨੋਟਿਸ ਲਾ ਕੇ ਪਰਤ ਗਈ ਸੀ, ਪਰ ਅੱਜ ਅਕਾਲੀ ਦਲ ਦੇ ਸਰਪ੍ਰਸਤ ਦੀ ਫੇਰੀ ਮੌਕੇ ਕੋਲਿਆਂਵਾਲੀ ਰਿਹਾਇਸ਼ ਦੇ ਵਿਹੜੇ ’ਚ ਬਕਾਇਦਾ ਗਲੀਚੇ ਵਿਛਾਏ ਗਏ। ਸੁਪਰੀਮ ਕੋਰਟ ਵੱਲੋਂ ਅਗਾਊਂ ਜਮਾਨਤ ਖਾਰਜ ਹੋਣ ਮਗਰੋਂ ਜਥੇਦਾਰ ਰੂਪੋਸ਼ ਹਨ। ਵੱਡੇ ਬਾਦਲ ਦੀ ਫੇਰੀ ਮੌਕੇ ਕੋਲਿਆਂਵਾਲੀ ਦਾ ਲੜਕਾ ਪਰਮਿੰਦਰ ਸਿੰਘ ਕੋਲਿਆਂਵਾਲੀ ਅਤੇ ਵਿਧਾਇਕ ਰੋਜ਼ੀ ਬਰਕੰਦੀ ਸਮੇਤ ਵੱਖ-ਵੱਖ ਅਕਾਲੀ ਹਲਕਾ ਇੰਚਾਰਜ ਤੇ ਹੋਰ ਆਗੂ ਮੌਜੂਦ ਸਨ। ਸ੍ਰੀ ਬਾਦਲ ਨੇ ਜਥੇਦਾਰ ਕੋਲਿਆਂਵਾਲੀ ਦੇ ਪਰਿਵਾਰ ਨਾਲ 20-25 ਮਿੰਟ ਤੱਕ ਕਮਰਾਬੰਦ ਮੀਟਿੰਗ ਵੀ ਕੀਤੀ। ਇਹ ਕਿਆਸਰਾਈਆਂ ਵੀ ਲਾਈਆਂ ਜਾ ਰਹੀਆਂ ਹਨ ਕਿ ਦਿਆਲ ਸਿੰਘ ਕੋਲਿਆਂਵਾਲੀ 14 ਦਸੰਬਰ ਨੂੰ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰ ਸਕਦੇ ਹਨ। ਦੱਸਣਯੋਗ ਹੈ ਕਿ ਜਥੇਦਾਰ ਖ਼ਿਲਾਫ਼ ਦਰਜ ਵਿਜੀਲੈਂਸ ਕੇਸ ਦੀ 15 ਦਸੰਬਰ ਨੂੰ ਮੁਹਾਲੀ ਅਦਾਲਤ ਵਿਚ ਸੁਣਵਾਈ ਹੈ। ਇਹ ਵੀ ਸੰਕੇਤ ਹਨ ਕਿ ਅਦਾਲਤ ਵੱਲੋਂ ਕੋਲਿਆਂਵਾਲੀ ਨੂੰ ਭਗੌੜਾ ਕਰਾਰ ਦਿੱਤਾ ਜਾ ਸਕਦਾ ਹੈ। ਸ੍ਰੀ ਬਾਦਲ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਤਾਂ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਬਾਦਲ ’ਤੇ ਵੀ ਝੂਠੇ ਕੇਸ ਬਣਾ ਦਿੱਤੇ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਇਸ ਮੌਕੇ ਦਿਆਲ ਸਿੰਘ ਕੋਲਿਆਂਵਾਲੀ ਦਾ ਰੱਜ ਕੇ ਪੱਖ ਪੂਰਿਆ ਤੇ ਕਿਹਾ ਕਿ ਸਮਾਂ ਆਉਣ ’ਤੇ ਉਹ ਅਦਾਲਤ ਵਿਚ ਜ਼ਰੂਰ ਪੇਸ਼ ਹੋਣਗੇ। ਸ੍ਰੀ ਬਾਦਲ ਨੇ ਬੀਬੀ ਜਗੀਰ ਕੌਰ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਨੂੰ ਨਿਆਂ ਦੀ ਜਿੱਤ ਦੱਸਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਚਾਇਤੀ ਚੋਣਾਂ ਤੱਕ ਪਿੰਡ ਬਾਦਲ ਸਥਿਤ ਰਿਹਾਇਸ਼ ’ਤੇ ਹੀ ਰਹਿਣਗੇ।

Previous articleਤਹਿਸੀਲਦਾਰ ਦਫ਼ਤਰ ਘੇਰਨ ਮਗਰੋਂ ਕਿਸਾਨ ਦੀ ਜ਼ਮੀਨ ਨਿਲਾਮ ਹੋਣੋਂ ਬਚੀ
Next articleਟੈਰੇਜ਼ਾ ਮੇਅ ਬੇਵਿਸਾਹੀ ਮਤੇ ਦਾ ਸਾਹਮਣਾ ਕਰੇਗੀ