(ਸਮਾਜ ਵੀਕਲੀ)
ਬੁਰੇ ਹੋਏ ਹਾਲ , ਮਹਿੰਗਾਈ ਕਰਕੇ।
ਰੋਟੀ ਖਾਣੀ ਔਖੀ , ਹੋਗੀ ਪੇਟ ਭਰਕੇ।
ਬੰਦ ਹੁੰਦੇ ਜਾਣ , ਸਾਰੇ ਰੁਜ਼ਗਾਰ ਜੀ ।
ਨਵੀਂ ਪੀੜ੍ਹੀ ਤਾਹੀਂ , ਤੁਰ ਚੱਲੀ ਬਾਹਰ ਜੀ।
ਕੱਢਤਾ ਦਿਵਾਲਾ , ਲੋਕ ਕੀਤੇ ਤੰਗ ਨੇ।
ਕੀਤੀ ਨੋਟਬੰਦੀ , ਕਰ ਦਿੱਤੇ ਨੰਗ ਨੇ।
ਤੇਲ ਪੈਟਰੋਲ , ਹੋਏ ਸੌ ਤੋਂ ਪਾਰ ਜੀ ।
ਨਵੀਂ ਪੀੜ੍ਹੀ ਤਾਹੀਂ , ਤੁਰ ਚੱਲੀ ਬਾਹਰ ਜੀ।
ਲੁੱਟ ਲੁੱਟ ਖਾਗੇ , ਲੀਡਰ ਪੰਜਾਬ ਨੂੰ।
ਲੱਗੀ ਹੈ ਨਜ਼ਰ , ਸੁੰਦਰ ਗੁਲਾਬ ਨੂੰ।
ਵੇਚਕੇ ਈਮਾਨ , ਬੈਠੇ ਨੇ ਗਦਾਰ ਜੀ।
ਨਵੀਂ ਪੀੜ੍ਹੀ ਤਾਹੀਂ , ਤੁਰ ਚੱਲੀ ਬਾਹਰ ਜੀ।
ਫੀਸ ਹੋਈ ਮਹਿੰਗੀ , ਸਾਰੇ ਹੀ ਸਕੂਲਾਂ ਦੀ।
ਨਹੀ ਪਰਵਾਹ , ਕਰਦੇ ਅਸੂਲਾਂ ਦੀ ।
ਹੋ ਗਿਆ ਗ਼ਰੀਬ , ਪੜ੍ਹਨੋ ਲਾਚਾਰ ਜੀ।
ਨਵੀਂ ਪੀੜ੍ਹੀ ਤਾਹੀਂ , ਤੁਰ ਚੱਲੀ ਬਾਹਰ ਜੀ।
ਫ਼ੀਸ ਦਿੰਦੇ ਰਹੇ , ਤੇ ਸਕੂਲ ਬੰਦ ਸੀ ।
ਨੈੱਟ ਤੇ ਠੱਗੀ ਦਾ , ਚਾੜ੍ਹੀ ਜਾਂਦੇ ਚੰਦ ਸੀ।
ਉਪਰੋਂ ਕਰੋਨਾ , ਵਾਲੀ ਪਈ ਮਾਰ ਜੀ।
ਨਵੀਂ ਪੀੜ੍ਹੀ ਤਾਹੀਂ , ਤੁਰ ਚੱਲੀ ਬਾਹਰ ਜੀ।
ਚਿੱਟਾ ਤੇ ਸਮੈਕ , ਘਰ ਪੱਟੀ ਜਾਂਦੇ ਨੇ
ਵੱਸਦੇ ਘਰਾਂ ਦੀ , ਪੋਚੀ ਫੱਟੀ ਜਾਂਦੇ ਨੇ
ਸ਼ਰੇਆਮ ਚੱਲੇ , ਨਸ਼ੇ ਦਾ ਵਪਾਰ ਜੀ
ਨਵੀਂ ਪੀੜ੍ਹੀ ਤਾਹੀਂ , ਤੁਰ ਚੱਲੀ ਬਾਹਰ ਜੀ
ਕਿਰਤੀ ਦੇ ਭੁੱਖੇ , ਮਰਦੇ ਜੁਵਾਕ ਨੇ ।
ਭੀੜ ਪਈ ਮੁੱਖ , ਮੋੜੇ ਅੰਗ ਸਾਕ ਨੇ ।
ਧੀ ਦੇ ਵਿਆਹ ਦਾ , ਸਿਰ ਉੱਤੇ ਭਾਰ ਜੀ।
ਨਵੀਂ ਪੀੜ੍ਹੀ ਤਾਹੀਂ , ਤੁਰ ਚੱਲੀ ਬਾਹਰ ਜੀ।
ਵੋਟਾਂ ਕੱਢੀ ਜਾਂਦੀਆਂ ਜਲੂਸ ਦੇਸ਼ ਦਾ।
ਭਾਈਚਾਰਾ ਖਾਧਾ , ਮੁੱਢ ਨੇ ਕਲੇਸ਼ ਦਾ।
” ਸੁਖਚੈਨ ” ਦਿਲੋਂ , ਮੁੱਕਿਆ ਪਿਆਰ ਜੀ।
ਨਵੀਂ ਪੀੜ੍ਹੀ ਤਾਹੀਂ , ਤੁਰ ਚੱਲੀ ਬਾਹਰ ਜੀ।
ਰਾਜੇ ਰਣਜੀਤ , ਜੈਸਾ ਰਾਜਾ ਆਵੇ ਜੇ ।
ਇੱਕ ਝੰਡੇ ਥੱਲੇ , ਸਭ ਨੂੰ ਲਿਆਵੇ ਜੇ ।
ਹੁੰਦਾ ਨਹੀ ਕੋਈ , ਖੱਜਲ ਖੁਆਰ ਜੀ ।
ਨਵੀਂ ਪੀੜ੍ਹੀ ਕਾਹਤੋਂ , ਫਿਰ ਜਾਵੇ ਬਾਹਰ ਜੀ
ਸੁਖਚੈਨ ਸਿੰਘ ਚੰਦ ਨਵਾਂ
9914973876
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly