(ਸਮਾਜ ਵੀਕਲੀ)
ਪਿਛਲੇ ਸਾਲ ਦਸੰਬਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਅੱਜ ਸੱਤ ਮਹੀਨੇ ਬੀਤ ਜਾਣ ਦੇ ਬਾਅਦ ਵੀ ਕਾਬੂ ਚ ਨਹੀਂ ਆ ਰਿਹਾ । ਇਸ ਮਹਾਮਾਰੀ ਨੇ ਪੂਰੇ ਵਿਸ਼ਵ ਦੀ ਆਰਥਿਕਤਾ ਦਾ ਚੂਕਣਾ ਪੂਰੀ ਤਰਾਂ ਹਿਲਾ ਕੇ ਰੱਖ ਦਿੱਤਾ ਹੈ । ਦੁਨੀਆ ਵਿੱਚ ਆਪਣੇ ਆਪ ਨੂੰ ਵੱਡੇ ਸਰਪੰਚ ਕਹਾਉਣ ਵਾਲੇ ਮੁਲਕਾਂ ਦਾ ਅਜਿਹਾ ਘੋਗਾ ਚਿੱਤ ਕੀਤਾ ਹੈ ਕਿ ਆਉਣ ਵਾਲੇ ਲੰਮੇ ਸਮੇਂ ਚ ਉਹਨਾਂ ਦਾ ਪੈਰੀਂ ਆਉਣਾ ਤਾਂ ਦੂਰ ਪੈਰਾ ਭਾਰ ਬੈਠ ਸਕਣਾ ਵੀ ਬਹੁਤ ਔਖਾ ਹੈ । ਇਟਲੀ ਤੇ ਯੂ ਕੇ ਵਰਗੇ ਉੱਤਮ ਦਰਜੇ ਦੀਆ ਸਿਹਤ ਸੇਵਾਵਾਂ ਮੁਹੱਈਆ ਕਰਨ ਵਾਲੇ ਦੁਨੀਆ ਦੇ ਇਸ ਪੱਖੋਂ ਅੱਵਲ ਦਰਜੇ ਦੇ ਮੰਨੇ ਜਾਣ ਵਾਲੇ ਮੁਲਕ ਵੀ ਇਸ ਮਹਾਮਾਰੀ ਨੇ ਗੋਡਣੀਆਂ ਪਰਨੇ ਰਿੜ੍ਹਨੇ ਲਾ ਦਿੱਤੇ ਹਨ, ਜਿਸ ਕਾਰਨ ਉਹਨਾਂ ਮੁਲਕਾਂ ਨੂੰ ਜਿੱਥੇ ਆਪਣੇ ਲੋਕਾਂ ਦੀਆ ਜਾਨਾਂ ਬਚਾਉਣ ਦੀ ਚਿੰਤਾ ਵੱਢ ਵੱਢ ਖਾ ਰਹੀ ਹੈ, ਉਥੇ ਇਸ ਦੇ ਨਾਲ ਹੀ ਆਪੋ ਆਪਣੇ ਮੁਲਕ ਦੇ ਵਪਾਰ, ਕਿਰਤ ਤੇ ਸਿਹਤ ਮਹਿਕਮੇ ਚੱਲਦੇ ਰੱਖਣ ਵਾਸਤੇ ਵੀ ਵੱਡੀ ਮੁਸ਼ਕਲ ਪੇਸ਼ ਆ ਰਹੀ ।
ਇਸ ਮਹਾਮਾਰੀ ਦਾ ਚੰਗਾ ਫ਼ਾਇਦਾ ਇਹ ਹੋਇਆ ਹੈ ਕਿ ਵਾਤਾਵਰਨ ਸਾਫ ਸਫਰਾ ਹੋ ਗਿਆ ਤੇ ਜੀਵ ਜੰਤੂਆ ਨੂੰ ਸੁਖ ਦਾ ਸ਼ਾਹ ਆ ਗਿਆ ਹੈ । ਹੁਣ ਕੋਰੋਨਾ ਮਹਾਮਾਰੀ ਬੇਸ਼ੱਕ ਸਮਾਪਤ ਵੀ ਹੋ ਜਾਵੇ ਜਾਂ ਇਸ ਨੂੰ ਕਾਬੂ ਕਰਨ ਵਾਸਤੇ ਕੋਈ ਦਵਾਈ ਬੂਟੀ ਦੀ ਕਾਢ ਕੱਢ ਲਈ ਜਾਵੇ, ਪਰ ਇਕ ਗੱਲ ਪੱਲੇ ਬੰਨਣੀ ਜ਼ਰੂਰੀ ਬਣ ਗਈ ਗਹੈ ਕਿ ਸਾਨੂੰ ਇਸ ਦੇ ਨਾਲ ਜੀਊਣ ਦੀ ਆਦਤ ਪਾਉਣੀ ਪੈਣੀ ਹੈ । ਇਹ ਮਹਾਮਾਰੀ ਸਾਡੇ ਵਾਸਤੇ ਜੁੱਗ ਬਦਲੀ ਹੈ ਜਿਸ ਨੇ ਸਮੁੱਚਾ ਮਨੁੱਖੀ ਜੀਵਨ ਢੰਗ ਪੂਰੀ ਤਰਾਂ ਬਦਲ ਕੇ ਰੱਖ ਦਿੱਤਾ ਹੈ । ਕੋਰੋਨਾ ਮਹਾਮਾਰੀ ਨੇ ਮਨੁੱਖੀ ਜੀਵਨ ਉੱਤੇ ਬਹੁਪੱਖੀ ਪ੍ਰਭਾਵ ਛੱਡਿਆਂ ਹੈ, ਹਥਲੇ ਲੇਖ ਵਿੱਚ ਇਸ ਮਹਾਮਾਰੀ ਦੇ ਸਮਾਜਿਕ ਅਤੇ ਸੱਭਿਆਚਾਰਕ ਪੱਖੋਂ ਪਏ ਪ੍ਰਭਾਵ ਦੀ ਗੱਲ ਕੀਤੀ ਜਾਵੇਗੀ ।
ਅਰਸਤੂ ਅਨੁਸਾਰ ਮਨੁੱਖ ਇਕ ਸਮਾਜਿਕ ਜੀਵ ਹੈ, ਜਿਸ ਦੀ ਸਮਾਜ ਤੋਂ ਬਿਨਾ ਕੋਈ ਹੋਂਦ ਹਸਤੀ ਨਹੀਂ ਤੇ ਅਸੀਂ ਜਾਣਦੇ ਹਾਂ ਕਿ ਸਮਾਜ ਮਨੁੱਖੀ ਰਿਸ਼ਤਿਆਂ ਅਤੇ ਸੰਬੰਧਾਂ ਦੇ ਸੰਗਲੀਬੱਧ ਪਰਬੰਧ ਨੂੰ ਕਿਹਾ ਜਾਂਦਾ ਹੈ ਜਿਸ ਦਾ ਧੁਰਾ ਪਤੀ ਪਤਨੀ ਰੂਪੀ ਰਿਸ਼ਤਾ ਹੁੰਦਾਹੈ ਤੇ ਬਾਕੀ ਸਾਰੇ ਸੰਗਲੀਬੱਧ ਸੰਬੰਧ ਲਾ ਪਾ ਕੇ ਇਸੇ ਰਿਸ਼ਤੇ ਦੇ ਆਲੇ ਦੁਆਲੇ ਘੁੰਮਦੇ ਨਜ਼ਰ ਆਉਂਦੇ ਹਨ । ਬੇਸ਼ੱਕ ਇਸ ਰਿਸ਼ਤੇ ਤੋਂ ਬਾਹਰੇ ਵੀ ਮਨੁੱਖ ਦੇ ਸਮਾਜਿਕ ਸੰਬੰਧ ਹੁੰਦੇ ਹਨ, ਪਰ ਜਦੋਂ ਤਹਿ ਵਿੱਚ ਜਾ ਕੇ ਦੇਖਦੇ ਤਾਂ ਏਹੀ ਤੱਥ ਸਾਹਮਣੇ ਆਉਂਦਾ ਹੈ ਕਿ ਉਹ ਸੰਬੰਧ ਵੀ ਸੁੱਖ, ਸੁਆਰਥ ਤੇ ਸੋਚ ਦੇ ਵਖਰੇਵੇਂ ਨੂੰ ਮੁੱਖ ਰੱਖਕੇ ਬਣੇ ਹੁੰਦੇ ਹਨ ਤੇ ਜਿਹਨਾਂ ਦੇ ਅਸਲ ਤਾਰ ਵੀ ਪਰਤੱਖ ਜਾਂ ਪਰੋਖ ਰੂਪ ਵਿੱਚ ਉਕਤ ਰਿਸ਼ਤੇ ਨਾਲ ਹੀ ਜੁੜੇ ਹੁੰਦੇ ਹਨ ।
ਕੋਰੋਨਾ ਸਮਾਜਕ ਤਬਦੀਲੀ ਦਾ ਵੱਡਾ ਕਾਰਨ ਬਣਿਆਂ ਹੈ । ਹੁਣ ਮਨੁੱਖ ਹੱਥ ਮਿਲਾਉੰਣ ਤੇ ਗੱਲਵਕੜੀ ਪਾ ਕੇ ਮਿਲਣ ਤੋ ਡਰਦਾ ਹੈ । ਮੀਟਰ ਦੋ ਮੀਟਰ ਦੀ ਦੂਰੀ ਦਾ ਫ਼ਾਸਲਾ ਰੱਖਣਾ ਆਪਣੇ ਤੇ ਦੂਸਰਿਆਂ ਦੇ ਬਚਾਅ ਵਾਸਤੇ ਜ਼ਰੂਰੀ ਹੋ ਗਿਆ । ਰਿਸ਼ਤੇਦਾਰੀਆਂ ਵਿੱਚ ਉਹ ਮੇਲ ਮਿਲਾਪ ਨਹੀਂ ਰਿਹਾ । ਕੋਈ ਵੇਲਾ ਹੁੰਦਾ ਸੀ ਕਿ ਲੋਕ ਕਈ ਕਈ ਦਿਨ ਰਿਸ਼ਤੇਦਾਰਾ ਦੇ ਰਹਿ ਆਉਂਦੇ ਸਨ, ਕੋਰੋਨਾ ਨੇ ਇਸ ਨੂੰ ਪੂਰੀ ਤਰਾਂ ਬੰਦ ਕਰ ਦਿੱਤਾ ਹੈ । ਵਿਆਹ ਸ਼ਾਦੀਆਂ, ਖੁਸ਼ੀਆਂ ਗਮੀਆ ਤੇ ਮਰਨੇ ਪਰਨੇ ਦੇ ਮੌਕਿਆ ‘ਤੇ ਨਾ ਹੀ ਪਹਿਲੀ ਵਰਗੀ ਰੌਣਕ ਤੇ ਨਾ ਇਕੱਠ ਰਹਿ ਗਏ ਹਨ । ਇੱਥੋਂ ਤੱਕ ਕਿ ਜੇਕਰ ਕਿਸੇ ਦੇ ਪਰਿਵਾਰਕ ਮੈਂਬਰ ਦੀ ਕੋਰੋਨਾ ਕਰਕੇ ਮੌਤ ਹੋ ਗਈ ਹੋਵੇ, ਉਸ ਦੇ ਪਰਿਵਾਰਕ ਮੈਂਬਰ ਅਰਥੀ ਨੂੰ ਮੌਢਾ ਦੇਣਾ ਤਾਂ ਦੂਰ ਸਿਵਿਆਂ ਤੱਕ ਮਕਾਣੇ ਜਾਣ ਤੋਂ ਵੀ ਕਤਰਾਉਣ ਲੱਗ ਪਏ ਹਨ । ਪਿੰਡਾਂ ਦੀਆ ਸੱਥਾਂ ਖਾਲੀ ਹੋ ਚੁੱਕੀਆਂ ਹਨ, ਨੌਜਵਾਨਾਂ ਦਾ ਮੋੜਾਂ ‘ਤੇ ਖੜਨਾ ਬੰਦ ਹੋ ਚੁੱਕਾ ਹੈ । ਧਾਰਮਿਕ ਸਥਾਨਾਂ ਉੱਤੇ ਇਕੱਠਾਂ ਦੀ ਰੂਪ ਰੇਖਾ ਬਦਲ ਚੁੱਕੀ ਹੈ, ਪੰਚਾਇਤਾਂ ਦੇ ਅਜਲਾਸ, ਅਦਾਲਤਾਂ ਚ ਲੋਕਾਂ ਦੇ ਝਗੜਿਆਂ ਦੇ ਨਿਪਟਾਰੇ ਕਰਨ ਦੇ ਢੰਗ, ਅਫਸਰਾ ਤੇ ਅਧਿਕਾਰੀਆ ਦੇ ਦਫਤਰ ਉਹਨਾ ਨੂੰ ਮਿਲਣ ਵਾਸਤੇ ਵਿਧੀ ਆਦਿ ਸਭ ਵਰਤਾਰਾ ਨਵਾਂ ਰੂਪ ਧਾਰਨ ਕਰ ਗਿਆ ਹੈ । ਸਰਕਾਰੀ ਤੇ ਗ਼ੈਰ ਸਰਕਾਰੀ ਬੱਸਾਂ ਚ ਹੁਣ ਬਵੰਜਾ ਦੀ ਬਜਾਏ ਸਿਰਫ ਪੰਝੀ ਯਾਤਰੂ ਹੀ ਸਫਰ ਕਰ ਸਕਦੇ ਹਨ ਤੇ ਏਹੀ ਵਿਵਸਥਾ ਹਵਾਈ ਜਹਾਜ਼ਾਂ ਵਿੱਚ ਵੀ ਲਾਗੂ ਹੋ ਚੁੱਕੀ ਹੈ ।
ਮੇਲਿਆ ਮਸਾਵਿਆਂ ਤੇ ਮੱਸਿਆ ਸੰਗਰਾਂਦਾਂ ਦਾ ਰੰਗ ਫਿੱਕਾ ਪੈ ਤੁੱਕਾ ਹੈ । ਰਹੀ ਗੱਲ ਸੱਭਿਆਚਾਰਕ ਮੇਲਿਆਂ ਤਾਂ ਉਹਨਾਂ ਦੀ ਫੂਕ ਇੱਕੀਵੀਂ ਸਦੀ ਦੇ ਫਲੋਟਿੰਗ ਰੂਪੀ ਸ਼ੋਸ਼ਲ ਮੀਡੀਏ ਨੇ ਪਹਿਲਾਂ ਹੀ ਕੱਢ ਦਿੱਤੀ ਹੈ ਤੇ ਹੁਣ ਰਹਿੰਦਾ ਖੂੰਹਦਾ ਡੱਕਾ ਕੋਰੋਨਾ ਮਹਾਂਮਾਰੀ ਨੇ ਲਗਾ ਦਿੱਤਾ ਹੈ । ਸਮਾਜ ਵਿੱਚ ਪਾਖੰਡਤੰਤਰ, ਵਿਪਰਵਾਦ ਤੇ ਵਹਿਮ ਭਰਮ ਦਾ ਪਾਸਾਰਾ ਬਹੁਤ ਜ਼ੋਰਾਂ ‘ਤੇ ਸੀ ਜਿਸਦੀ ਦੀ ਅਸਲੀਅਤ ਭਾਂਡਾ ਕਰੋਨਾ ਵਾਇਰਸ ਨੇ ਚੌਰਾਹੇ ਚ ਰੱਖ ਕੇ ਐਸਾ ਭੰਨਿਆ ਹੈ ਕਿ ਉਹਨਾਂ ਤੋਂ ਹੁਣ ਠੀਕਰੇ ਇਕੱਠੇ ਨਹੀਂ ਹੋਣੇ । ਭਵਿੱਖ ਵਿੱਚ ਭਾਵੇਂ ਇਹ ਵਹਿਮ ਭਰਮ ਪੂਰੀ ਤਰਾਂ ਸਮਾਪਤ ਨਾ ਵੀ ਹੋਣ ਪਰ ਇਕ ਗੱਲ ਪੱਕੀ ਹੈ ਕਿ ਬਹੁਤੇ ਲੋਕ ਹੁਣ ਇਸ ਤਰਾਂ ਦੇ ਚੁੰਗਲਾਂ ਵਿੱਚ ਮੁੜਕੇ ਨਹੀਂ ਫਸਣਗੇ ਜਿਸ ਕਰਕੇ ਜੋਤਸ਼ੀਆਂ, ਮੁੰਡੇ ਜੰਮਣ ਦੇ ਤਵੀਤ ਦੇਣ ਵਾਲਿਆਂ, ਕਾਲੇ ਜਾਦੂ ਨਾਲ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਰਤੀਆ ਇਲਾਜ ਕਰਨ ਵਾਲਿਆਂ, ਕਿਸੇ ਨੂੰ ਕਾਲੇ ਇਲਮ ਨਾਲ ਆਪਣੇ ਵੱਸ ਕਰਨ ਦਾ ਸ਼ਰਤੀਆ ਨੁਸਖ਼ਾ ਜਾਂ ਗਿੱਦੜ-ਸਿੰਗੀ ਦੇਣ ਵਾਲਿਆਂ ਤੇ ਝਾੜੂ ਫੂਕੇ ਅਤੇ ਪੂਜਾ ਦੇ ਪਰਚੇ ਨਾਲ ਬਾਹਰਲੇ ਮੁਲਕਾਂ ਦੇ ਵੀਜ਼ੇ ਲਗਾਉਣ ਦੀ ਗਰੰਟੀ ਕਰਨ ਵਾਲਿਆਂ ਆਦਿ ਨੂੰ ਹੁਣ ਆਪਣਾ ਤੋਰੀ ਫੁਲਕਾ ਚੱਲਦਾ ਰੱਖਣ ਵਾਸਤੇ ਕੋਈ ਨਵੇਂ ਜੁਗਾੜ ਕਰਨੇ ਪੈਣਗੇ ।
ਕਹਿਣ ਦਾ ਭਾਵ ਇਹ ਕਿ ਕਿ ਮਨੁੱਖ ਦਾ ਸਮੁੱਚਾ ਸਮਾਜਕ ਤੇ ਸੱਭਿਆਚਾਰਕ ਚੌਖਟਾ ਬਦਲ ਚੁੱਕਾ ਹੈ, ਮਨੁੱਖਾਂ ਜੀਵਨ ਢੰਗ ਤੇ ਰਹਿਣ ਸਹਿਣ ਦਾ ਸਲੀਕਾ ਨਵੇਂ ਮੋਡ ਚ ਹੈ । ਜੀਵਨ ਢੰਗ ਬਦਲ ਗਏ ਹਨ, ਕਦਰਾਂ ਕੀਮਤਾਂ ਬਦਲ ਰਹੀਆਂ ਹਨ, ਅਜੋਕਾ ਮਨੁੱਖ ਕੋਰੋਨਾ ਮਹਾਮਾਰੀ ਨਾਲ ਬਹੁਤ ਵੱਡੇ ਮਾਨਸਿਕ ਤੇ ਵਿਹਾਰਕ ਬਦਲਾਵ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਕਰਕੇ ਹੁਣ ਲੜ ਬੰਨ੍ਹਣ ਨਾਲੀ ਗੱਲ ਇਹ ਹੈ ਕਿ, “ਦੋ ਮੰਜਿਆ ਨੂੰ ਜੋੜ ਸਪੀਕਰ ਵੱਜਣੇ ਨਹੀਂ, ਜਿਹੜੇ ਵਾਜੇ ਵੱਜ ਗਏ, ਉਹ ਮੁੜਕੇ ਵੱਜਣੇ ਨਹੀਂ ।” ਬਸ ਯਾਦਾਂ ਬਾਕੀ ਰਹਿ ਜਾਣਗੀਆਂ । ਉਹ ਯਾਦਾਂ, ਉਸੇ ਤਰਾਂ, ਜਿਵੇਂ ਸਾਡੇ ਬਜ਼ੁਰਗ ਸਾਨੂੰ ਸੁਣਾਇਆ ਕਰਦੇ ਸਨ ਤੇ ਹੁਣ ਅਸੀਂ ਆਪਣੇ ਸਾਥੀਆਂ ਤੇ ਬੱਚਿਆ ਨਾਲ ਸਾਂਝੀਆਂ ਕਰਕੇ ਤਾਜਾ ਕਰਦੇ ਹਾਂ, ਭਵਿੱਖ ਇਹ ਮੋਡ ਬਦਲ ਜਾਵੇਗਾ ਕਿਉਂਕਿ ਜੋ ਹਵਾ ਚੱਲ ਰਹੀ ਹੈ ਉਸ ਤੋਂ ਇਹ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਜੋ ਮਾਹੌਲ ਇਕੀਵੀਂ ਸਦੀ ਦੇ ਅੰਤ ਤੱਕ ਬਣਨ ਵਾਲਾ ਹੈ, ਉਹ ਨਾ ਹੀ ਸਮਾਜਿਕ ਤੇ ਨਾ ਹੀ ਸੱਭਿਆਚਾਰਕ ਹੋਵੇਗਾ, ਉਹ ਇਕ ਅਜਿਬਾ ਮਾਹੌਲ ਹੋਵੇਗਾ ਜਿਸ ਵਿੱਚ ਅਗਲੀਆਂ ਪੀੜੀਆ ਨਾ ਪੁਰਾਣੀਆ ਯਾਦਾਂ ਕਿਸੇ ਨਾਲ ਸਾਂਝੀਆਂ ਕਰਨਗੀਆਂ ਤੇ ਨਾ ਹੀ ਚੇਤੇ ਰੱਖਣੀਆਂ ਹਨ ਉਸ ਦੌਰ ਵਿਚ ਹਰ ਕੋਈ ਆਪਣੇ ਲਾਭਾਂ, ਸਵਾਰਥਾਂ ਤੇ ਹਿਤਾਂ ਦੀ ਪੂਰਤੀ ਵਿਚ ਗੁਆਚਿਆ ਹੋਇਆ ਨਜਰ ਆਵੇਗਾ ।
ਸੋ ਕੋਰੋਨਾ ਮਹਾਮਾਰੀ ਨੇ ਇਕ ਅਜਿਹੇ ਜੁੱਗ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਨਾਲ ਮਨੁੱਖ ਸਮਾਜਕ ਤੇ ਸੱਭਿਆਚਾਰਕ ਵਰਤਾਰੇ ਦੇ ਘੇਰੇ ਤੋ ਨਿਰਮੋਹਾ ਹੋ ਕੇ ਨਿਰੰਤਰ ਦੂਰ ਹੁੰਦਾ ਜਾਵੇਗਾ । ਮਨੁਖ ਦਾ ਸੁਭਾਅ, ਸੋਚਣ ਢੰਗ, ਰਹਿਣ ਸਹਿਣ ਤੇ ਵਿਵਹਾਰ ਏਨਾ ਕੁ ਵਿਗੜ ਬਦਲ ਜਾਵੇਗਾ ਕਿ ਉਹ ਬਾਕੀ ਭਾਈਚਾਰੇ ਨਾਲੋਂ ਟੁੱਟਕੇ ਰਹਿਣ ਵਿਚ ਹੀ ਆਪਣੀ ਭਲਾਈ ਮਹਿਸੂਸ ਕਰਨ ਲੱਗੇਗਾ । ਅਸੀ ਕਹਿ ਸਕਦੇ ਹਾ ਕਿ ਭਵਿੱਖ ਚ ਮਨੁੱਖ ਦੇ ਸਮਾਜਕ ਤੇ ਸੱਭਿਆਚਾਰਕ ਵਰਤਾਰੇ ਵਿਚ ਬਹੁਤ ਸਾਰੀ ਟੁੱਟ ਭੱਜ ਹੋਣ ਦੀਆ ਸੰਭਾਵਨਾਵਾ ਨਜ਼ਰ ਆ ਰਹੀਆਂ ਹਨ ਜੋ ਮਨੁੱਖੀ ਮਾਨਸਿਕਤਾ, ਵਿਵਹਾਰ ਤੇ ਰਿਸ਼ਤਿਆ ਨੂੰ ਬਹੁਤ ਪ੍ਰਭਾਵਤ ਕਰਨਗੀਆ, ਜਿਸ ਦੇ ਸਿੱਟੇ ਵਜੋ ਸਮਾਜ ਦੀ ਪਰਿਭਾਸ਼ਾ ਬਦਲੇਗੀ, ਰਿਸ਼ਤਿਆ ਦੇ ਅਰਥ ਬਦਲਣਗੇ ਤੇ ਲੋਕਾ ਦੇ ਜੀਵਨ ਢੰਗ ਵਿਚ ਇਕ ਵੱਡੀ ਤਬਦੀਲੀ ਵਾਪਰੇਗੀ ।
– ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
25/06/2020