ਫਿਲੌਰ 21 ਮਈ (ਸਮਾਜਵੀਕਲੀ) – ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਅੱਜ ਪੂਰੇ ਪੰਜਾਬ ਅੰਦਰ ਕੋਰੋਨਾ ਮਹਾਂਮਾਰੀ ਕਾਰਨ ਬੰਦ ਦੌਰਾਨ ਪ੍ਰਸ਼ਾਸ਼ਨਿਕ, ਸਮਾਜਿਕ ਅਤੇ ਆਰਥਿਕ ਤੌਰ ਸਰਕਾਰ ਦੇ ਫੇਲ੍ਹ ਹੋਣ ਦੇ ਮੁੱਦੇ ਨੂੰ ਲੈਕੇ ਸਾਰੇ ਪੰਜਾਬ ਵਿੱਚ ਸਬ-ਡਵੀਜਨ ਪੱਧਰ ਤੇ ਮਾਣਯੋਗ ਰਾਜਪਾਲ ਪੰਜਾਬ ਦੇ ਨਾਂ ਤੇ ਮੰਗਪੱਤਰ ਭੇੇਜੇ ਗਏ ਇਸੇ ਲੜੀ ਤਹਿਤ ਸਥਾਨਕ ਐਸ.ਡੀ.ਐਮ. ਫਿਲੌਰ ਨੂੰ ਬਸਪਾ ਆਗੂਆਂ ਦਾ ਵਫ਼ਦ ਸ੍ਰੀ ਸੁਖਵਿੰਦਰ ਬਿੱਟੂ ਹਲਕਾ ਪ੍ਰਧਾਨ ਦੀ ਅਗਵਾਈ ਵਿੱਚ ਮੰਗ ਪੱਤਰ ਦੇਣ ਪੁੱਜਾ ਇਸ ਮੌਕੇ ਐਸ.ਡੀ.ਐਮ. ਫਿਲੌਰ ਦੀ ਗੈਰ ਹਾਜ਼ਰੀ ਵਿੱਚ ਮੰਗ ਪੱਤਰ ਸ੍ਰੀ ਜਸਵਿੰਦਰ ਸਿੰਘ ਨਾਇਬ ਤਹਿਸੀਲਦਾਰ ਫਿਲੌਰ ਨੇ ਲਿਆ। ਇਸ ਵਫ਼ਦ ਵਿੱਚ ਬਸਪਾ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਸ੍ਰੀ ਅੰਮ੍ਰਿਤਪਾਲ ਭੌਂਸਲੇ ਅਤੇ ਬਾਬੂ ਸੁੰਦਰ ਪਾਲ ਸਾਬਕਾ ਖਜ਼ਾਨਚੀ ਬਸਪਾ ਪੰਜਾਬ ਵਿਸ਼ੇਸ਼ ਤੌਰ ਤੇ ਪੁੱਜੇ।
ਇਸ ਮੰਗ ਪੱਤਰ ਸੰਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ੍ਰੀ ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਲਾਕ ਡਾਊਨ ਦੌਰਾਨ ਜੋ ਫਰਜ਼ ਆਮ ਲੋਕਾਂ ਪ੍ਰਤੀ ਕੇਂਦਰ ਅਤੇ ਪੰਜਾਬ ਦਾ ਬਣਦਾ ਸੀ ਉਸ ਵਿੱਚ ਉਹ ਫੇਲ੍ਹ ਰਹੀ ਅਤੇ 60 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਰਾਹਤ ਪੰਜਾਬ ਦੇ ਲੋਕਾਂ ਨੂੰ ਅਜੇ ਤੱਕ ਨਹੀਂ ਮਿਲੀ ਜਿਸ ਕਰਕੇ ਆਮ ਲੋਕਾਂ ਦਾ ਮੰਦਾ ਹਾਲ ਹੈ। ਉਨ੍ਹਾਂ ਅੱਗੇ ਕਿਹਾ ਸਰਕਾਰਾਂ ਦੀ ਜਿੰਮੇਵਾਰੀ ਹੁੰਦੀ ਹੈ ਕਿ ਕੁਦਰਤੀ ਆਫ਼ਤ ਸਮੇਂ ਆਮ ਲੋਕਾਂ ਰੋਟੀ, ਕੱਪੜਾ, ਸਿਹਤ ਸੇਵਾਵਾਂ ਦਾ ਪ੍ਰਬੰਧ ਕਰੇ ਪਰ ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ੍ਹ ਰਹੀ। ਇਸ ਨਾਲ ਗਰੀਬ ਤੇ ਮਿਡਲ ਕਲਾਸ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਪਰ ਉਨ੍ਹਾਂ ਲਈ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਪੈਕੇਜ ਦਾ ਐਲਾਨ ਨਹੀਂ ਕੀਤਾ ਅਤੇ ਉਲਟਾ ਇਸ ਆਫ਼ਤ ਸਮੇਂ ਕੰਮ ਕਰਨ ਵਾਲੇ ਆਸ਼ਾ ਵਰਕਰ ਅਤੇ ਮੈਡੀਕਲ ਸਟਾਫ਼ ਦੀਆਂ ਨਾ ਤਨਖਾਹਾਂ ’ਚ ਵਾਧਾ ਕੀਤਾ ਗਿਆ ਅਤੇ ਨਾ ਹੀ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਵੱਲ ਧਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਸਭ ਤੋਂ ਵੱਡੀ ਸਮੱਸਿਆ ਅੱਜ ਦੇ ਸਮੇਂ ਸਰਕਾਰ ਵਲੋਂ ਕੀਤੀ ਕਾਣੀ ਵੰਡ ਤੇ ਸਕੀਮਾਂ ਦਾ ਕਾਂਗਰਸੀਕਰਨ ਦੀ ਰਹੀ ਜਿਸ ਕਾਰਨ ਆਮ ਲੋਕਾਂ ਦੇ ਨੀਲੇ ਕਾਰਡਾਂ ਨੂੰ ਕੱਟ ਦਿੱਤਾ ਗਿਆ ਬਸਪਾ ਆਗੂ ਨੇ ਕਿਹਾ ਜੇਕਰ ਇਹੋ ਜਿਹਾ ਹਲਾਤ ਰਹੇ ਅਤੇ ਨੀਲੇ ਕਾਰਡ ਨਾ ਬਹਾਲ ਕੀਤੇ ਗਏ ਤਾਂ ਮਜ਼ਬੂਰਨ ਬਸਪਾ ਨੂੰ ਸੜਕਾਂ ਤੇ ਆਉਣਾ ਪਵੇਗਾ ਅਤੇ ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਰੇਹੜੀ ਫੜੀ, ਰਿਕਸ਼ੇ, ਆਟੋ ਵਾਲਿਆਂ ਅਤੇ ਟੈਕਸੀ ਵਾਲਿਆਂ, ਛੋਟੇ ਦੁਕਾਨਦਾਰਾਂ, ਗਰੀਬਾਂ, ਮਜ਼ਦੂਰਾਂ ਅਤੇ ਲੋੜਵੰਦਾਂ ਦੀ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਦੇ ਖਾਤਿਆਂ ਵਿੱਚ 5000 ਰੁਪਏ ਪ੍ਰਤੀ ਮਹੀਨਾ ਪਾਏ ਜਾਣ ਅਤੇ ਲੋਕਾਂ ਦੇ ਬਿਜਲੀ ਦੇ ਬਿਲ ਤੇ ਸਕੂਲਾਂ ਦੀਆਂ ਫੀਸਾਂ ਮਾਫ਼ ਕੀਤੀਆਂ ਜਾਣ।
ਉਨ੍ਹਾਂ ਅੱਗੇ ਕਿਹਾ ਸਰਕਾਰ ਨੌਜਵਾਨਾਂ, ਵਿਦਿਆਰਥੀਆਂ, ਕੱਚੇ ਮੁਲਾਜ਼ਮਾਂ, ਮਜਦੂਰਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਮਸਲਿਆਂ ਅਤੇ ਪੰਜਾਬ ਦੇ ਵਿਗੜਦੇ ਲਾਅ ਐਂਡ ਆਰਡਰ ਤੇ ਤੁਰੰਤ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਬਸਪਾ ਪੁਲਸੀਆਂ ਧੱਕੇ ਦੀ ਵੀ ਸਖ਼ਤ ਸ਼ਬਦਾਂ ਦੀ ਨਿੰਦਾ ਕਰਦੀ ਹੈ ਸਰਕਾਰ ਨੂੰ ਚੇਤਾਵਨੀ ਦਿੰਦੀ ਹੈ ਕਿ ਲੋਕਾਂ ਦੀ ਦੁੱਖ ਤਕਲੀਫ ਨੂੰ ਸਮਝ ਕੇ ਤੁਰੰਤ ਰਾਹਤ ਦੇਣ ਦਾ ਕੰਮ ਕਰੇ ਨਹੀਂ ਤਾਂ ਬਸਪਾ ਸੰਘਰਸ਼ ਕਰੇਗੀ। ਇਸ ਮੌਕੇ ਬਸਪਾ ਸੀਨੀਅਰ ਆਗੂ ਰਾਮ ਸਰੂਪ ਸਰੋਏ, ਖੁਸ਼ੀ ਰਾਮ ਸਾਬਕਾ ਸਰਪੰਚ, ਸ਼ੁਸ਼ੀਲ ਬਿਰਦੀ, ਸ੍ਰੀਮਤੀ ਪਰਮਜੀਤ ਰੁੜਕਾ, ਹੈਪੀ ਰੁੜਕਾ, ਕਮਲ ਮਹਿਮੀ ਕਨਵੀਨਰ ਬੀਵੀਐਫ, ਤਿਲਕ ਰਾਜ ਅੱਪਰਾ, ਨਿਰਮਲ ਰੁੜਕਾ, ਸਰਬਜੀਤ ਸਾਬੀ ਸਰਪੰਚ, ਡਾ. ਲਖਵੀਰ, ਰਣਜੀਤ ਸੋਨੂੰ, ਵਿਨੈ ਅੱਪਰਾ, ਸੰਤੋਖ ਰੁੜਕਾ ਆਦਿ ਹਾਜ਼ਰ ਸਨ।